ਕੋਲਕਾਤਾ, 29 ਜੁਲਾਈ
ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਬ ਭੱਟਾਚਾਰੀਆ ਨੂੰ ਅੱਜ ਬਾਅਦ ਦੁਪਹਿਰ ਸਾਹ ਦੀ ਤਕਲੀਫ ਕਾਰਨ ਸ਼ਹਿਰ ਦੇ ਇਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਭੱਟਾਚਾਰੀਆ (79) ਨੂੰ ਉਨ੍ਹਾਂ ਦੀ ਪਾਮ ਐਵੇਨਿਊ ਸਥਿਤ ਰਿਹਾਇਸ਼ ਤੋਂ ਇਕ ਗਰੀਨ ਕੋਰੀਡੌਰ ਰਾਹੀਂ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਕ੍ਰਿਟੀਕਲ ਕੇਅਰ ਯੂਨਿਟ (ਸੀਸੀਯੂ) ਵਿੱਚ ਮਕੈਨੀਕਲ ਵੈਂਟੀਲੇਟਰ ’ਤੇ ਰੱਖਿਆ ਹੋਇਆ ਹੈ। ਭੱਟਾਚਾਰੀਆ 2000 ਤੋਂ 2011 ਤੱਕ ਮੁੱਖ ਮੰਤਰੀ ਸਨ ਤੇ ਉਹ ਸੀਓਪੀਡੀ (ਫੇਫੜਿਆਂ ਦੀ ਪੁਰਾਣੀ ਬਿਮਾਰੀ) ਤੋਂ ਇਲਾਵਾ ਵਧਦੀ ਉਮਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਅਧਿਕਾਰੀ ਨੇ ਕਿਹਾ, ‘‘ਉਨ੍ਹਾਂ ਦੀ ਹਾਲਤ ਗੰਭੀਰ ਹੈ। ਅਸੀਂ ਜਾਂਚ ਕਰ ਰਹੇ ਹਾਂ।’’ ਬੁੱਧਦੇਬ ਦੀ ਪਤਨੀ ਮੀਰਾ ਭੱਟਾਚਾਰੀਆ ਤੇ ਧੀ ਸੁਚੇਤਨਾ ਭੱਟਾਚਾਰੀਆ ਵੀ ਹਸਪਤਾਲ ’ਚ ਹਨ। -ਪੀਟੀਆਈ