ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਜੁਲਾਈ
ਲਹਿਰਾਗਾਗਾ ਵਿੱਚ ਸੀਵਰੇਜ ਅੰਦਰ ਕੰਮ ਕਰਦਿਆਂ ਗੈਸ ਚੜ੍ਹਨ ਕਾਰਨ ਜਾਨ ਗੁਆਉਣ ਵਾਲੇ ਸੀਵਰਮੈਨ ਦੇ ਪੀੜਤ ਪਰਿਵਾਰ ਦੀ ਵਿੱਤੀ ਸਹਾਇਤਾ ਤੇ ਨੌਕਰੀ ਦੇਣ ਅਤੇ ਇਲਾਜ ਅਧੀਨ ਮੁਲਾਜ਼ਮਾਂ ਨੂੰ ਵਿੱਤੀ ਮਦਦ ਦੇਣ ਦੀ ਮੰਗ ਨੂੰ ਲੈ ਕੇ ਸਫ਼ਾਈ ਸੇਵਕਾਂ ਵਲੋਂ ਕੰਮਕਾਜ ਠੱਪ ਕਰਕੇ ਸ਼ੁਰੂ ਕੀਤੀ ਬੇਮਿਆਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਸਫ਼ਾਈ ਸੇਵਕਾਂ ਵਲੋਂ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਹੜਤਾਲ ਕਾਰਨ ਸ਼ਹਿਰ ਵਿਚ ਥਾਂ-ਥਾਂ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਸਫ਼ਾਈ ਪ੍ਰਬੰਧ ਮੁਕੰਮਲ ਤੌਰ ’ਤੇ ਠੱਪ ਪਏ ਹਨ। ਬਸਪਾ ਆਗੂਆਂ ਵਲੋਂ ਸਫ਼ਾਈ ਸੇਵਕਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਧਰਨੇ ’ਚ ਸ਼ਮੂਲੀਅਤ ਕੀਤੀ ਗਈ।