ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਜੁਲਾਈ
ਇਥੇ ਥਾਣਾ ਸਿਟੀ ਤੋਂ ਮਹਿਜ਼ 50 ਮੀਟਰ ਦੂਰ ਮੁੱਖ ਚੌਕ ’ਚ ਨੌਜਵਾਨਾਂ ਦੇ ਦੋ ਗੁੱਟ ਭਿੜ ਗਏ। ਥਾਣਾ ਸਿਟੀ ਮੁਖੀ ਦਲਜੀਤ ਸਿੰਘ ਨੇ ਕਿਹਾ ਕਿ ਇਸ ਲੜਾਈ ਵਿਚ ਜ਼ਖ਼ਮੀ 9 ਨੌਜਵਾਨ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਉਨ੍ਹਾਂ ਕਿਹਾ ਕਿ ਜ਼ਖ਼ਮੀ ਨੌਜਵਾਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਫ਼ਿਲਹਾਲ ਵਾਇਰਲ ਹੋਈ ਵੀਡੀਓ ਮੁਤਾਬਕ ਕੇਸ ਦਰਜ ਕਰਨ ਦੀ ਕਾਰਵਾਈ ਕਰ ਰਹੇ ਹਨ।
ਵੇਰਵਿਆਂ ਅਨੁਸਾਰ ਇਥੇ ਚੌਕ ਵਿਚ ਸਵੇਰੇ ਕਰੀਬ 10.30 ਵਜੇ ਨੌਜਵਾਨਾਂ ਦੇ ਦੋ ਗੁੱਟ ਭਿੜ ਗਏ। ਇਸ ਮੌਕੇ ਚੱਲੇ ਡਾਂਗ ਸੋਟੇ ਅਤੇ ਪੱਗਾਂ ਲੱਥਣ ਦੀ ਵੀਡੀਓ ਵਾਇਰਲ ਹੋਈ ਹੈ। ਇਕ ਗੁੱਟ ਦੇ ਨੌਜਵਾਨ ਹੱਥ ਵਿਚ ਬੇਸਬਾਲ ਆਦਿ ਫੜ ਕੇ ਸੜਕ ’ਚ ਲੰਮੇ ਪਾ ਕੇ ਨੌਜਵਾਨਾਂ ਦੀ ਕੁੱਟਮਾਰ ਕਰ ਰਹੇ ਹਨ। ਇਸ ਦੌਰਾਨ ਦੋਵਾਂ ਧਿਰਾਂ ’ਚ ਹੋਏ ਖੂਨ-ਖਰਾਬੇ ਵਿਚ ਜ਼ਖ਼ਮੀ 9 ਨੌਜਵਾਨ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਇਹ ਵੀਡੀਓ ਵੇਖ ਕੇ ਲੋਕ ਵੀ ਖੌਫ਼ਜ਼ਦਾ ਹੋ ਗਏ। ਚੌਕ ਵਿਚ ਲਗਪਗ 25 ਮਿੰਟ ਤਕ ਗੁੰਡਾਗਰਦੀ ਦਾ ਨੰਗਾ ਨਾਚ ਚੱਲਦਾ ਰਿਹਾ, ਪਰ ਸਿਰਫ 50 ਮੀਟਰ ਦੀ ਦੂਰੀ ’ਤੇ ਸਿਟੀ ਪੁਲੀਸ ਥਾਣਾ ਹੋਣ ਦੇ ਬਾਵਜੂਦ ਕੋਈ ਪੁਲੀਸ ਮੁਲਾਜ਼ਮ ਜਾਂ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਉਂਜ ਕੁਝ ਦੇਰ ਬਾਅਦ ਪੁਲੀਸ ਨੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲੀਸ ਮੁਤਾਬਕ ਇੱਕ ਧੜਾ ਪਿੰਡ ਲੰਢੇਕੇ ਤੇ ਦੂਜਾ ਧੜਾ ਪਿੰਡ ਮੌੜ ਦਾ ਦੱਸਿਆ ਜਾਂਦਾ ਹੈ। ਦੋਵੇਂ ਧੜੇ ਲੰਘੀ ਰਾਤ ਕਿਸੇ ਧਾਰਮਿਕ ਸਥਾਨ ਉੱਤੇ ਮੱਥਾ ਟੇਕ ਕੇ ਪਰਤ ਰਹੇ ਸਨ ਅਤੇ ਰਸਤੇ ਵਿਚ ਕਿਸੇ ਗੱਲੋਂ ਉਨ੍ਹਾਂ ਦਾ ਝਗੜਾ ਹੋ ਗਿਆ ਸੀ। ਇਥੇ ਦੁਪਹਿਰ ਕਰੀਬ 12 ਵਜੇ ਰੋਡਵੇਜ਼ ਦੀ ਬੱਸ ਅਚਾਨਕ ਈ-ਰਿਕਸ਼ਾ ਨਾਲ ਟਕਰਾਉਣ ਮਗਰੋ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਈ-ਰਿਕਸ਼ਾ ਚਾਲਕ ਇਕੱਠੇ ਹੋ ਗਏ। ਬੱਸ ਚਾਲਕ ਤੇ ਕੰਡਕਟਰ ਨੇ ਈ-ਰਿਕਸ਼ਾ ਚਾਲਕਾਂ ਉੱਤੇ ਕੁੱਟਮਾਰ ਦਾ ਦੋਸ਼ ਲਗਉਂਦੇ ਚੱਕਾ ਜਾਮ ਕਰ ਦਿੱਤਾ। ਥਾਣਾ ਸਿਟੀ ਮੁਖੀ ਮੁਤਾਬਕ ਇਹ ਮਾਮਲਾ ਥਾਣੇ ਨਹੀਂ ਪੁੱਜਾ ਬਾਹਰੋ-ਬਾਹਰ ਸਮਝੌਤਾ ਹੋ ਗਿਆ ਹੋਵੇਗਾ।