ਅਪਰਨਾ ਬੈਨਰਜੀ
ਜਲੰਧਰ, 30 ਜੁਲਾਈ
ਸੁਲਤਾਨਪੁਰ ਲੋਧੀ ਤੇ ਦਾਰੇਵਾਲ ਖੇਤਰ ਦੇ ਹੜ੍ਹ ਮਾਰੇ 25 ਪਿੰਡਾਂ ਲਈ ਬਾਬਾ ਸੁੱਖਾ ਸਿੰਘ (62) ਮਸੀਹਾ ਬਣ ਕੇ ਬਹੁੜੇ ਹਨ। ਉਹ ਲਗਾਤਾਰ ਸਤਲੁਜ ਦੇ ਬੰਨ੍ਹ ਪੂਰਨ ਦੇ ਕੰਮ ’ਚ ਲੱਗੇ ਹੋਏ ਹਨ। ਬਾਬਾ ਸੁੱਖਾ ਸਿੰਘ ਦੀ ਅਗਵਾਈ ਹੇਠ 400 ਸੇਵਾਦਾਰਾਂ ਦਾ ਜਥਾ ਦਿਨ ਰਾਤ ਦਾਰੇਵਾਲ (ਸ਼ਾਹਕੋਟ), ਬਾਊਪੁਰ ਤੇ ਅਲੀ ਕਲਾਂ ’ਚ ਬੰਨ੍ਹ ਪੂਰਨ ਦੀ ਸੇਵਾ ਕਰ ਰਿਹਾ ਹੈ।
ਸਤਲੁਜ ਦੇ ਮਾਰਿਆਂ
ਬੰਨ੍ਹ ਪੂਰਨ ਲਈ ਰੇਤ ਨਾਲ ਭਰੇ ਹਜ਼ਾਰਾਂ ਕੱਟੇ ਇਕੱਠੇ ਕੀਤੇ ਗਏ ਹਨ। ਸਤਲੁਜ ਵਿਚ ਪਿਆ ਪਾੜ ਪੂਰਨ ਵਾਲੀ ਥਾਂ ’ਤੇ ਲੋਹੇ ਦੇ ਜਾਲ, ਰਾਸ਼ਨ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਸਤਲੁਜ ਦੇ ਬੰਨ੍ਹ ਪੂਰਨ ਲਈ ਲੋਕ ਸੁਲਤਾਨਪੁਰ ਲੋਧੀ, ਬਟਾਲਾ, ਗੁਰਦਾਸਪੁਰ, ਅੰਮ੍ਰਿਤਸਰ, ਪੱਟੀ, ਫ਼ਿਰੋਜ਼ਪੁਰ ਤੇ ਲੁਧਿਆਣਾ ਸਣੇ ਹੋਰ ਕਈ ਕਸਬਿਆਂ ਅਤੇ ਪਿੰਡਾਂ ਤੋਂ ਪੁੱਜੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਦਾਰੇਵਾਲ ਵਿਚ 700 ਮੀਟਰ, ਬਾਊਪੁਰ 500 ਤੋਂ 700 ਮੀਟਰ ਅਤੇ ਅਲੀ ਕਲਾਂ ਵਿੱਚ 400 ਤੋਂ 500 ਮੀਟਰ ਲੰਮੇ ਪਾੜ ਪੂਰੇ ਜਾ ਚੁੱਕੇ ਹਨ। ਅੱਜ ਸਵੇਰੇ ਇਕ ਟੀਮ ਤਰਨ ਤਾਰਨ ਦੇ ਸੁਭਾਜਪੁਰ ਬੰਨ੍ਹ ’ਤੇ ਪੁੱਜੀ, ਜਿੱਥੇ ਇਕ ਹੋਰ ਪਾੜ ਪਿਆ ਹੈ। ਇਸ ਦੌਰਾਨ ਪਿੰਡ ਸਰਹਾਲੀ ਦੇ ਤਪੋਵਣ ਸਾਹਿਬ ਡੇਰੇ ਨਾਲ ਸਬੰਧਤ ਬਾਬਾ ਸੁੱਖਾ ਸਿੰਘ ਨੇ ਮੁਠਿਆਲਾ ਬੰਨ੍ਹ ਪੂਰਨ ਦੀ ਸੇਵਾ ਆਰੰਭ ਕਰ ਦਿੱਤੀ ਹੈ। ਇਹ ਬੰਨ੍ਹ ਜ਼ਿਲ੍ਹਾ ਤਰਨ ਤਾਰਨ ਦੇ ਪੱਟੀ ਹਲਕੇ ਵਿੱਚ ਪੈਂਦਾ ਹੈ।
ਸਤਲੁਜ ਦੇ ਮਾਰਿਆਂ
ਬਾਬਾ ਸੁੱਖਾ ਸਿੰਘ ਨੂੰ ਦਾਰੇਵਾਲ ਵਾਸੀਆਂ ਨੇ ਜਿਸ ਥਾਂ ’ਤੇ ਪਾੜ ਪੂਰਨ ਲਈ ਸੱਦਿਆ ਹੈ, ਉਹ ਇਤਫਾਕਨ ਇਸ ਥਾਂ ’ਤੇ ਸਾਲ 2019 ਵਿੱਚ ਵੀ ਸੇਵਾ ਕਰ ਚੁੱਕੇ ਹਨ। ਇਸ ਥਾਂ ’ਤੇ ਹਾਲੇ ਪਾੜ ਪੂਰਨ ਦਾ ਕੰਮ ਚੱਲ ਰਿਹਾ ਸੀ ਪਰ ਇਸੇ ਦੌਰਾਨ ਇਕ ਟੀਮ ਸੁਲਤਾਨ ਲੋਧੀ ਦੇ ਬਿਆਸ ਵਿੱਚ ਨਵੀਂ ਥਾਂ ’ਤੇ ਭੇਜਣੀ ਪਈ। ਬਾਬਾ ਸੁੱਖਾ ਸਿੰਘ ਵਾਂਗ ਸ਼ਾਹਕੋਟ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਾਰ ਸੇਵਾ ਜਾਰੀ ਹੈ।
ਪੁਲੀਸ ਮੁਲਾਜ਼ਮ ਅਤੇ ਵਾਲੰਟੀਅਰ ਗੁਰਪ੍ਰੀਤ ਸਿੰਘ ਨੇ ਆਖਿਆ
ਗੁਰਪ੍ਰੀਤ ਸਿੰਘ ਨੇ ਆਖਿਆ, ‘‘ਪ੍ਰਸ਼ਾਸਨ ਨੇ ਸੁਲਤਾਨਪੁਰ ਲੋਧੀ ਦੇ ਬੰਨ੍ਹ ਨੂੰ ਆਰਜ਼ੀ ਦੱਸ ਕੇ ਕੁਝ ਕਰਨ ਤੋਂ ਆਪਣੇ ਹੱਥ ਖੜ੍ਹੇ ਕਰ ਦਿੱਤੇ ਸਨ, ਜਿਸ ਕਾਰਨ 25 ਪਿੰਡਾਂ ਦੇ ਡੁੱਬਣ ਦਾ ਖ਼ਦਸ਼ਾ ਪੈਦਾ ਹੋ ਗਿਆ ਸੀ।’’ ਉਨ੍ਹਾਂ ਕਿਹਾ ਕਿ ਉਪਰੰਤ ਦਾਰੇਵਾਲਾ ਦੇ ਲੋਕਾਂ ਨੇ ਬਾਬਾ ਸੁੱਖਾ ਸਿੰਘ ਨੂੰ ਬੁਲਾਇਆ, ਕਿਉਂਕਿ ਉਹ ਸਾਲ 2019 ਵਿੱਚ ਵੀ ਇੱਥੋਂ ਦੇ ਲੋਕਾਂ ਦੀ ਮਦਦ ਕਰ ਚੁੱਕੇ ਹਨ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਾੜ ਪੂਰਨ ਲਈ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਵੀ ਆਪਣੀ ਟੀਮ ਭੇਜੀ ਹੈ। ਜ਼ਿਕਰਯੋਗ ਹੈ ਕਿ ਬਾਬਾ ਸੁੱਖਾ ਸਿੰਘ ਵੱਲੋਂ ਹੜ੍ਹ ਮਾਰੇ ਪਿੰਡਾਂ ਵਿੱਚ ਰਾਸ਼ਨ ਤੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ।