ਰੰਜੀਵਨ ਸਿੰਘ
ਰਾਖਿਆਂ ਮੂਹਰੇ
ਲੱਗਦੀਆਂ ਅੱਗਾਂ
ਮੱਚਦੇ ਭਾਂਬੜ
ਮੱਚਦੀਆਂ ਕੁਰਲਾਹਟਾਂ
ਹੁੰਦੀ ਭਾਰਤ ਮਾਂ
ਨਿਰਵਸਤਰ
ਰੁਲਦੀਆਂ ਪੱਤਾਂ
ਹੋਵਣ ਯਤੀਮ ਬੱਚੇ
ਘਰੋਂ, ਬੇ-ਘਰ
ਲੁੱਟਾਂ-ਖੋਹਾਂ
ਭੈਅ ਦਾ ਆਲਮ
ਪਰ ਹਾਕਮ…
ਹਾਕਮ ਚੁੱਪ!
ਕੰਨੀ ਪੈਂਦੀ
ਚੁੱਪ ਤੇਰੀ
ਧੁਰ ਅੰਦਰ ਤੱਕ
ਚੀਕਦੀ ਜਾਵੇ
ਸ਼ੋਰ ਮਚਾਵੇ
ਚੁੱਪ ਤੇਰੀ
ਚੁੱਪ ਬੋਲਦੀ
ਹਾਕਮਾ ਤੇਰੀ
ਚੁੱਪ ਬੋਲਦੀ…
ਸੰਪਰਕ: 98150-68816
* * *
ਪੰਜਾਬੀਆਂ ਦੇ ਹੌਸਲੇ
ਹਰਪ੍ਰੀਤ ਪੱਤੋ
ਇੱਕ ਮੀਂਹ, ਦਰਿਆਵਾਂ ਦੇ ਬੰਨ੍ਹ ਤੋੜੇ,
ਉੱਤੋਂ ਪੈ ਗਿਆ ਪਾਣੀ ਦਾ ਜ਼ੋਰ ਬਾਬਾ।
ਸੈਂਕੜੇ ਪਿੰਡ ਤੇ ਕਈ ਸ਼ਹਿਰ ਹੜ੍ਹ ਗਏ,
ਐਸਾ ਮਚਾਇਆ ਲਹਿਰਾਂ ਸ਼ੋਰ ਬਾਬਾ।
ਘਰ ਬਾਰ ਰੁੜੇ ਕਾਰੋਬਾਰ ਰੁੜ ਗਏ,
ਨੁਕਸਾਨ ਹੋ ਗਿਆ ਲੱਖ ਕਰੋੜ ਬਾਬਾ।
ਕਈ ਕੀਮਤੀ ਜਾਨਾਂ ਭੇਟ ਚੜ੍ਹੀਆਂ,
ਮੁੜ ਆਏ ਨਾ ਜਵਾਨ, ਕਿਸ਼ੋਰ ਬਾਬਾ।
ਬੜੀ ਕੀਤੀ ਮੱਦਦ ਪੰਜਾਬੀਆਂ ਨੇ,
ਹਰ ਪੱਖ ਤੋਂ ਲਾਇਆ ਜ਼ੋਰ ਬਾਬਾ।
ਮਾਰ ਬੰਨ੍ਹ ਦਰਿਆਵਾਂ ਦੇ ਵਹਿਣ ਮੋੜੇ,
ਪੂਰੇ ਪਾੜ ਜੋ ਦਿੱਤੇ ਸੀ ਖੋਰ ਬਾਬਾ।
ਹੜ੍ਹ ਇਹ ਤੇ ਹੜ੍ਹ ਤਾਂ ਹੋਰ ਵੀ ਨੇ,
ਚੱਲਣ ਨਵੇਂ ਨਿੱਤ ਇੱਥੇ ਦੌਰ ਬਾਬਾ।
ਪਰ ਪੰਜਾਬੀ ਹਿੰਮਤਾਂ ਹਾਰਦੇ ਨਾ,
ਹਰ ਜ਼ਖ਼ਮ ’ਤੇ ਕਰਨ ਟਕੋਰ ਬਾਬਾ।
ਇਹ ਹੌਸਲਾ ਦਲੇਰੀ ਸਦਾ ਰੱਖਦੇ ਨੇ,
ਜਿੱਤ ਲੈਂਦੇ ਦਿੱਲੀ, ਲਾਹੌਰ ਬਾਬਾ।
ਪੰਜਾਬ ਵੱਸਦਾ ਗੁਰਾਂ ਦੇ ਨਾਂ ‘ਪੱਤੋ’,
ਨਹੀਂ ਕਰ ਸਕਦਾ ਕੋਈ ਕਮਜ਼ੋਰ ਬਾਬਾ।
ਸੰਪਰਕ: 94658-21417
* * *
ਯੁੱਧ
ਜ ਸਿੰਘ
ਯੁੱਧ ਗਿਆਨ-ਅਗਿਆਨ ਦਾ ਸਦਾ ਹੋਇਆ
ਕਦੇ ਕਿਤੇ ਹੋਇਆ ਕਦੇ ਕਿਤੇ ਹੋਇਆ।
ਕਦੇ ਗਿਆਨ ਭਾਰੂ ਕਦੇ ਅਗਿਆਨ ਭਾਰੂ
ਦੋਹਾਂ ਵਿੱਚ ਨਾ ਕਦੇ ਪਿਆਰ ਹੋਇਆ।
ਵਿੱਚ ਪਰਦਿਆਂ ਦੋਹਾਂ ਨੇ ਮਿਲ ਬਹਿਣਾ
ਰੜੇ ਮੈਦਾਨ ਨਾ ਕਦੇ ਵੀ ਮੇਲ ਹੋਇਆ।
ਕਦੇ ਗਿਆਨ ਹਮਲਾਵਰ ਕਦੇ ਅਗਿਆਨ ਹਮਲਾਵਰ
ਬਿਗਲ਼ ਵਜਦਿਆਂ ਨਾਲ ਹੀ ਖੇਲ ਹੋਇਆ।
ਮੈਦਾਨ ਯੁੱਧ ਦਾ ਕਦੇ ਏਥੇ ਕਦੇ ਓਥੇ
ਸੇਕ ਅੱਗ ਦਾ ਕਿਤੇ ਨਾ ਝੇਲ ਹੋਇਆ।
ਅੱਖੀਂ ਦੇਖਦੇ ਆਏ ਨੇ ਸਾਰੇ
ਮੰਤਰ ਅਕਲ ਦਾ ਹਰ ਵਾਰ ਫੇਲ੍ਹ ਹੋਇਆ।
ਚੀਰ-ਹਰਨ ਅਗਿਆਨੀਆਂ ਜਦ ਕੀਤਾ
ਗਿਆਨੀ ਦੇਖਦਾ ਜ਼ਾਰੋ-ਜ਼ਾਰ ਰੋਇਆ।
ਅੰਨ੍ਹੇ ਰਾਜੇ ਦੀ ਸਭਾ ਸੀ ਜੁੜ ਬੈਠੀ,
ਜਿਹਦੇ ਵਿੱਚ ਇਹ ਅੱਤਿਆਚਾਰ ਹੋਇਆ।
ਅੰਤ ਚੁੱਕਣਾ ਪਿਆ ਹਥਿਆਰ ਉਸ ਨੂੰ
ਜਦ ਬੇਵਸ ਹੀ ਪਰਵਦਗਾਰ ਹੋਇਆ।
ਇਸ ਝਾਕੀ ਨੂੰ ਬੀਤ ਗਏ ਯੁੱਗ ਕਈ
ਪਲਟੇ ਯੁਗਾਂ ਦਾ ਆਰ ਨਾ ਪਾਰ ਹੋਇਆ।
ਨਗਨ ਹੋਈ ਦਰੋਪਦੀ ਫੇਰ ਅਗਿਆਨ ਹੱਥੋਂ
ਗਿਆਨ ਅੱਜ ਫੇਰ ਹੈ ਸ਼ਰਮਸ਼ਾਰ ਹੋਇਆ।
ਯੁੱਧ ਹੋਵੇਗਾ ਫੇਰ ਗਿਆਨ-ਅਗਿਆਨ ਵਿਚਕਾਰ,
ਬੇੜਾ ਦੇਖਾਂਗੇ ਕਿਸ ਦਾ ਪਾਰ ਹੋਇਆ।
* * *
ਸਾਉਣ ਮਹੀਨੇ ਹੋਏ ਬਿਸਕੁਟੀ
ਹਰਜੀਤ ਸਿੰਘ ਰਤਨ
ਸਾਉਣ ਮਹੀਨੇ ਹੋਏ ਬਿਸਕੁਟੀ, ਖਾ ਖਾ ਬਿਸਕੁਟ ਭਾਈ
ਏਧਰ ਬਿਸਕੁਟ, ਓਧਰ ਬਿਸਕੁਟ, ਲਹਿਰ ਬਿਸਕੁਟੀ ਛਾਈ
ਖਾ ਖਾ ਬਿਸਕੁਟ ਹੋਏ ਬਿਸਕੁਟੀ, ਕੀ ਮਾਈ ਕੀ ਭਾਈ
ਚੁੱਕ ਲਿਆ ਪੀਪਾ ਸੀਧਾ-ਸੌਦਾ, ਕੀ ਚਾਚੀ ਕੀ ਤਾਈ
ਸਭ ਦੇ ਓਥੇ ਰੱਖੇ ਪੀਪੇ, ਕਤਾਰ ਪੀਪਿਆਂ ਲਾਈ
ਕੱਢ-ਕੱਢ ਬਿਸਕੁਟ ਰੱਖੀ ਜਾਵੇ, ਬਿਸਕੁਟਾਂ ਵਾਲਾ ਭਾਈ
ਕਿਧਰੇ ਆਟਾ, ਕਿਧਰੇ ਚੀਨੀ, ਕਿਧਰੇ ਘਿਓ ਮਲਾਈ
ਸਾਰਾ ਨਿੱਕ-ਸੁੱਕ ’ਕੱਠਾ ਕਰਕੇ, ਇੱਕ ਥਾਂ ਜਾਣ ਰਲਾਈ
ਜਦੋਂ ਰਲ਼ ਗਿਆ ’ਕੱਠਾ ਕਰਕੇ ,ਜਾਣ ਮਸ਼ੀਨੀਂ ਪਾਈ
ਜਿਹੜੇ ਆਏ ਸੁਵਖਤੇ ਘਰ ਨੂੰ, ਮੁੜ ਗਏ ਚਾਈਂ-ਚਾਈਂ
ਏਸ ਮਹੀਨੇ ਹੱਟੀ-ਭੱਠੀ ਲੱਗਣ ਰੌਣਕਾਂ ਬੜੀਆਂ
ਧੀਆਂ ਤਾਈਂ ਇਹ ਸੰਧਾਰੇ, ਇਹ ਤਾਂ ਮੋਹ ਦੀਆਂ ਝੜੀਆਂ
ਇਹ ਸੰਧਾਰਾ, ਨਿੱਘਾ-ਪਿਆਰਾ, ਪਿਆਰ-ਮੁਹੱਬਤਾਂ ਜੜੀਆਂ
ਬੇਬੇ-ਬਾਪੂ, ਸਾਰੇ ਰਿਸ਼ਤੇ ਮੋਤੀਆਂ ਵਰਗੀਆਂ ਲੜੀਆਂ
ਜਿਉਂਦੇ ਰਹਿਣ ਵੀਰ ਪਿਆਰੇ ਜਿਨ ਇਹ ਰੀਤਾਂ ਘੜੀਆਂ
ਸਾਉਣ ਮਹੀਨਾ ਬੜਾ ਪਿਆਰਾ ਭਾਦੋਂ ਚੰਦਰੀ ਜਾਪੇ
ਸਾਉਣ ਮਹੀਨੇ ਮਿਲਦੇ ਵੀਰੇ ਭਾਦੋਂ ਵਿਛੜਨ ਮਾਪੇ
ਵਿੱਚ ਵਿਛੋੜੇ ਰੂਹਾਂ ਵਿਲਕਣ ਰੂਹੀਂ ਕੰਡੇ-ਛਾਪੇ
ਸਦਾ ਜਿਉਂਦੇ ਰਹਿਣ ਜਗਤ ’ਤੇ ਮਾਂ-ਬਾਪ ਜਿਹੇ ਨਾਤੇ
ਰੂਹਾਂ ਤਾਈਂ ਨਿੱਘ ਆ ਜਾਂਦਾ ਜਦ ਆ ਮਿਲਦੇ ਆਪੇ
ਇਨ੍ਹਾਂ ਨਾਲ ਹੀ ਬੁਲ੍ਹੇ ਆਵਣ ਬੜੇ ਪੇਕਿਆਂ ਵੱਲੋਂ
ਇਹ ਵੀ ਸੱਚ ਕਿ ਅਸੀਂ ਤਾਂ ਏਥੇ ਨੜੇ ਪੇਕਿਆਂ ਵੱਲੋਂ
ਚੰਗਾ ਹੁੰਦਾ ਜੇਕਰ ਰਹਿੰਦੇ ਛੜੇ ਪੇਕਿਆਂ ਵੱਲੋਂ
ਬਿਸਕੁਟ ਨਹੀਂ ਇਹ ਪਿਆਰ ਨਗੀਨੇ ਜੜੇ ਪੇਕਿਆਂ ਵੱਲੋਂ
ਇੰਝ ਲੱਗਦਾ ਜਵਿੇਂ ਸਾਰੇ ਰਿਸ਼ਤੇ ਖੜ੍ਹੇ ਪੇਕਿਆਂ ਵੱਲੋਂ
ਸੰਪਰਕ: 97819-00870
* * *
ਦੁਆ
ਸਤਨਾਮ ਸਿੰਘ
ਮੇਰੀ ਉਮਰ ਲਾ ਦੇਈਂ, ਦਿਲ ਦੇ ਕਰੀਬੀ ਦਿਲਦਾਰਾਂ ਨੂੰ।
ਬਸ ਇੱਕੋ ਏ ਦੁਆ ਮਾਲਕਾ, ਸਲਾਮਤ ਰੱਖੀਂ ਯਾਰਾਂ ਨੂੰ।
ਏਸ ਜਨਮ ’ਚ ਤਾਂ ਮੈਂ, ਇਨ੍ਹਾਂ ਦਾ ਦੇਣਾ ਦੇ ਨਹੀਂ ਸਕਦਾ।
ਮੁਆਫ਼ ਕਰੀਂ ਰੱਬਾ ਤੂੰ ਯਾਰਾਂ ਦੀ, ਜਗ੍ਹਾ ਲੈ ਨਹੀਂ ਸਕਦਾ।
ਪਤੰਦਰ ਪੱਤਝੜ ਵਿੱਚ ਵੀ, ਮਾਣਦੇ ਜੋ ਬਹਾਰਾਂ ਨੂੰ।
ਬਸ ਇੱਕੋ ਏ ਦੁਆ ਮਾਲਕਾ, ਸਲਾਮਤ ਰੱਖੀਂ ਯਾਰਾਂ ਨੂੰ।
ਮਿੱਤਰ ਪਿਆਰਿਆਂ ਨਾਲ ਮੁਲਾਕਾਤਾਂ ਦੇ, ਕਿੱਸੇ ਕਾਫ਼ੀ ਲੰਬੇ ਨੇ।
ਪਲ ਯਾਦਗਾਰ ਬਣ ਗਏ, ਜਿੰਨੇ ਵੀ ਯਾਰਾਂ ਨਾਲ ਲੰਘੇ ਨੇ।
ਚੋਬਰ ਦੂਰੋਂ ਹੀ ਬੁਲਾਉਂਦੇ, ਸਤਿ ਸ੍ਰੀ ਅਕਾਲ ਨਾਰਾਂ ਨੂੰ।
ਬਸ ਇੱਕੋ ਐ ਦੁਆ ਮਾਲਕਾ, ਸਲਾਮਤ ਰੱਖੀਂ ਯਾਰਾਂ ਨੂੰ।
ਯਾਰੀ ਕੀ ਹੁੰਦੀ ਵੇਖੀ ਮੈਂ, ਜਿਊਂਦੀ-ਜਾਗਦੀ ਮਿਸਾਲ ਓਏ।
ਡੇਢ ਦਹਾਕਾ ਜਾਂ ਕਹਿ ਲਓ, ਹੋਗੇ ਪੂਰੇ ਪੰਦਰਾਂ ਸਾਲ ਓਏ।
ਟੁੱਟਣ ਦੀ ਬਜਾਏ ਚੋਖਾ, ਰੰਗ ਚੜ੍ਹਿਆ ਇਤਬਾਰਾਂ ਨੂੰ।
ਬਸ ਇੱਕੋ ਏ ਦੁਆ ਮਾਲਕਾ, ਸਲਾਮਤ ਰੱਖੀਂ ਯਾਰਾਂ ਨੂੰ।
ਮਿਲੇ ਸਤਨਾਮ ਨੂੰ, ਉਸਤਾਦ ਵੀ ਯਾਰਾਂ ਵਰਗੇ।
ਸਾਥ ਦਿੰਦੇ ਪਰਛਾਵੇਂ ਵਾਂਗੂੰ, ਰਿਸ਼ਤੇ ਪਰਿਵਾਰਾਂ ਵਰਗੇ।
ਜਿੱਤਾਂ ਵਿੱਚ ਬਦਲ ਦਿੰਦੇ, ਜ਼ਿੰਦਗੀ ਵਿੱਚ ਮਿਲੀਆਂ ਹਾਰਾਂ ਨੂੰ।
ਬਸ ਇੱਕੋ ਏ ਦੁਆ ਮਾਲਕਾ, ਸਲਾਮਤ ਰੱਖੀਂ ਯਾਰਾਂ ਨੂੰ।
ਸੰਪਰਕ: 98787-15593
* * *
ਬੰਦਾ ਤੇ ਦਰੱਖਤ
ਮਾ. ਰਾਜੇਸ਼ ਰਿਖੀ ਪੰਜਗਰਾਈਆਂ
ਜਦੋਂ ਵੀ ਮੈਂ ਦੂਰੋਂ ਦੇਖਿਆ ਕਿਸੇ ਦਰੱਖਤ ਨੂੰ
ਮੈਨੂੰ ਨਜ਼ਰ ਆਇਆ ਉਹ ਬਹੁਤ ਛੋਟਾ
ਮੈਂ ਜਿਉਂ ਜਿਉਂ ਨੇੜੇ ਹੋਇਆ ਓਹਦੇ
ਉਹ ਵੱਡਾ ਵੱਡਾ ਵੱਡਾ ਹੁੰਦਾ ਗਿਆ
ਤੇ ਜਦੋਂ ਵੀ ਮੈਂ ਦੇਖਿਆ ਬੰਦਾ ਕੋਈ
ਜੋ ਦਿਸਦਾ ਸੀ ਵੱਡਾ, ਵਧੀਆ ਤੇ ਮਹਾਨ
ਮੈਂ ਜਿੰਨਾ ਜਿੰਨਾ ਓਹਦੇ ਨੇੜੇ ਹੋਇਆ
ਉਹ ਛੋਟਾ ਛੋਟਾ ਛੋਟਾ ਹੁੰਦਾ ਗਿਆ
ਮੈਨੂੰ ਲੱਗਿਆ ਜਵਿੇਂ ਬੰਦੇ ਹੋ ਚੁੱਕੇ ਨੇ ਬੇਜਾਨ
ਤੇ ‘ਰਿਖੀ’ ਦਰੱਖਤਾਂ ਵਿੱਚ ਹੈ ਅਜੇ ਵੀ ਜਾਨ।
ਸੰਪਰਕ: 94644-42300