ਸ਼ਿਮਲਾ, 5 ਅਗਸਤ
ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ 11 ਅਗਸਤ ਤੱਕ ਮੀਂਹ ਜਾਰੀ ਰਹੇਗਾ। ਇਸ ਸਬੰਧੀ ਭਲਕੇ ਐਤਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਦੱਸਿਆ ਕਿ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਪਹਾੜੀ ਰਾਜ ਦੇ ਕੁਝ ਹਿੱਸਿਆਂ ’ਚ ਹਲਕੀ ਤੋਂ ਭਾਰੀ ਬਾਰਿਸ਼ ਹੋਈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਨਿਚਰਵਾਰ ਸ਼ਾਮ 6:30 ਵਜੇ ਖਤਮ ਹੋਏ ਪਿਛਲੇ 24 ਘੰਟਿਆਂ ਦੌਰਾਨ ਪਾਉਂਟਾ ਸਾਹਿਬ ਵਿੱਚ ਸਭ ਤੋਂ ਵੱਧ 108 ਮਿਲੀਮੀਟਰ, ਧੌਲਾਕੂੰਆਂ ਵਿੱਚ 69 ਮਿਲੀਮੀਟਰ, ਪਾਲਮਪੁਰ ਵਿੱਚ 55 ਮਿਲੀਮੀਟਰ, ਧਰਮਸ਼ਾਲਾ ਵਿੱਚ 29 ਮਿਲੀਮੀਟਰ, ਸ਼ਿਮਲਾ ਵਿੱਚ 27 ਮਿਲੀਮੀਟਰ ਅਤੇ ਮੰਡੀ ਅਤੇ ਮਸ਼ੋਬਰਾ ਵਿੱਚ 18-18 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਮਲਾ ਅਤੇ ਚੰਡੀਗੜ੍ਹ ਨੂੰ ਜੋੜਨ ਵਾਲੇ ਕੌਮੀ ਮਾਰਗ-5 ਸਮੇਤ 278 ਸੜਕਾਂ ਵਾਹਨਾਂ ਦੀ ਆਵਾਜਾਈ ਲਈ ਬੰਦ ਹਨ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ 24 ਜੂਨ ਨੂੰ ਮੌਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ ਅਤੇ ਸੜਕ ਹਾਦਸਿਆਂ ਵਿੱਚ ਲਗਪਗ 201 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। -ਪੀਟੀਆਈ
ਗੌਰੀਕੁੰਡ ’ਚ ਜ਼ਮੀਨ ਖਿਸਕਣ ਮਗਰੋਂ ਲਾਪਤਾ ਲੋਕਾਂ ਦੀ ਭਾਲ ਜਾਰੀ
ਰੁਦਰਪ੍ਰਯਾਗ/ਕਾਠਮੰਡੂ: ਉੱਤਰਾਖੰਡ ਦੇ ਗੌਰੀਕੁੰਡ ਨੇੜੇ ਹੜ੍ਹਾਂ ਕਾਰਨ ਜ਼ਮੀਨ ਖਿਸਕਣ ਤੋਂ ਬਾਅਦ ਲਾਪਤਾ ਲੋਕਾਂ ਦੀ ਭਾਲ ਲਈ ਮੁਹਿੰਮ ਅੱਜ ਵੀ ਜਾਰੀ ਰਹੀ। ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੇ 100 ਜਵਾਨ ਲਾਪਤਾ ਲੋਕਾਂ ਦੀ ਭਾਲ ’ਚ ਲੱਗੇ ਹੋਏ ਹਨ। ਇਸ ਦੌਰਾਨ ਡਰੋਨ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਉਧਰ ਨੇਪਾਲ ਦੇ ਵਿਦੇਸ਼ ਮੰਤਰੀ ਐਨਪੀ ਸਾਊਦ ਨੇ ਅੱਜ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੋਂ ਕੇਦਾਰਨਾਥ ਮੰਦਰ ਨੇੜੇ ਸਥਿਤ ਹੋਟਲ ਹੜ੍ਹ ਜਾਣ ਮਗਰੋਂ ਲਾਪਤਾ ਹੋਏ ਨੇਪਾਲੀ ਸ਼ਰਧਾਲੂਆਂ ਨੂੰ ਲੱਭਣ ਲਈ ਮਦਦ ਦੀ ਮੰਗ ਕੀਤੀ ਹੈ। -ਪੀਟੀਆਈ