ਪੱਤਰ ਪ੍ਰੇਰਕ
ਪਠਾਨਕੋਟ, 5 ਅਗਸਤ
ਇੱਥੇ ਪਠਾਨਕੋਟ ਪੁਲੀਸ ਨੇ ਕਾਰਵਾਈ ਕਰਦਿਆਂ ਇੱਕ ਸ਼ਰਾਬ ਰੈਕੇਟ ਦੇ ਸਬੰਧ ਵਿੱਚ ਮੁਲਜ਼ਮ ਪਵਨ ਕੁਮਾਰ ਉਰਫ਼ ਪੰਮਾ ਵਾਸੀ ਪਿੰਡ ਮਜਾਰਾ ਨੂੰ ਕਾਬੂ ਕੀਤਾ ਹੈ। ਮੁਲਜ਼ਮ ਖਿਲਾਫ਼ ਥਾਣਾ ਤਾਰਾਗੜ੍ਹ ਵਿੱਚ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਸਐੱਚਓ ਨਵਦੀਪ ਸ਼ਰਮਾ ਦੀ ਅਗਵਾਈ ਹੇਠ ਪੁਲੀਸ ਟੀਮ ਨੇ 2,25,000 ਮਿਲੀਲਿਟਰ ਨਾਜਾਇਜ਼ ਸ਼ਰਾਬ ਅਤੇ 22,500 ਮਿਲੀਲਿਟਰ ਸਪਿਰਟ ਅਤੇ ਇੱਕ ਲਗਜ਼ਰੀ ਸਕਾਰਪੀਓ ਕਾਰ ਵੀ ਜ਼ਬਤ ਕੀਤੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੁਲੀਸ ਨੂੰ ਇਲਾਕੇ ਵਿੱਚ ਕਥਿਤ ਦੋਸ਼ੀਆਂ ਵੱਲੋਂ ਚਲਾਈ ਜਾ ਰਹੀ ਨਜਾਇਜ਼ ਸ਼ਰਾਬ ਦੀ ਕਾਰਵਾਈ ਬਾਰੇ ਸੂਚਨਾ ਮਿਲਣ ’ਤੇ ਟੀਮ ਨੇ ਸ਼ੱਕੀ ਟਿਕਾਣੇ ’ਤੇ ਛਾਪਾ ਮਾਰ ਕੇ ਉਕਤ ਨਾਜਾਇਜ਼ ਸ਼ਰਾਬ ਤੇ ਸਪਿਰਟ ਬਰਾਮਦ ਕਰ ਕੇ ਪਵਨ ਕੁਮਾਰ ਉਰਫ਼ ਪੰਮਾ ਨੂੰ ਗ੍ਰਿਫ਼ਤਾਰ ਕਰ ਲਿਆ।