ਇੰਫਾਲ, 6 ਅਗਸਤ
ਮਨੀਪੁਰ ਦੇ ਪੱਛਮੀ ਇੰਫਾਲ ਜ਼ਿਲ੍ਹੇ ਵਿੱਚ ਭੜਕੀ ਸੱਜਰੀ ਹਿੰਸਾ ਵਿੱਚ 15 ਘਰਾਂ ਨੂੰ ਅੱਗ ਲਾ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਹਿੰਸਕ ਹਜੂਮ ਨੇ ਲੈਂਗੋਲ ਖੇਡ ਪਿੰਡ ਵਿੱਚ ਸ਼ਨਿੱਚਰਵਾਰ ਸ਼ਾਮ ਨੂੰ ਹੁੱਲੜਬਾਜ਼ੀ ਕੀਤੀ। ਸੁਰੱਖਿਆ ਅਮਲੇ ਨੇ ਹਜੂਮ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਕਈ ਗੋਲੇ ਦਾਗੇ ਤੇ ਹਾਲਾਤ ਨੂੰ ਕੰਟਰੋਲ ਹੇਠ ਲਿਆਂਦਾ। ਹਿੰਸਾ ਦੌਰਾਨ 45 ਸਾਲਾ ਵਿਅਕਤੀ ਨੂੰ ਗੋਲੀ ਲੱਗੀ। ਉਸ ਨੂੰ ਖੇਤਰੀ ਮੈਡੀਕਲ ਸਾਇੰਸਜ਼ ਇੰਸਟੀਚਿਊਟ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਵਿਅਕਤੀ ਦੇ ਖੱਬੇ ਪੱਟ ’ਤੇ ਗੋਲੀ ਲੱਗੀ ਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਸਵੇਰੇ ਹਾਲਾਤ ਵਿੱਚ ਪਹਿਲਾਂ ਨਾਲੋਂ ਸੁਧਾਰ ਹੈ, ਪਰ ਪਾਬੰਦੀਆਂ ਪਹਿਲਾਂ ਵਾਂਗ ਲਾਗੂ ਹਨ। -ਪੀਟੀਆਈ