ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਅਗਸਤ
ਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਦੀ ਮਾਤਾ ਮਾਇਆ ਦੇਵੀ ਦਾ ਸ਼ਰਧਾਂਜਲੀ ਸਮਾਗਮ ਅੱਜ ਫ਼ਿਰੋਜ਼ਪੁਰ ਰੋਡ ਸਥਿਤ ਮਹਾਰਾਜਾ ਗਰੈਂਡ ਹਾਲ ਵਿੱਚ ਕਰਵਾਇਆ ਗਿਆ।
ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਦੋਸਤਾਂ ਅਤੇ ਸ਼ੁੱਭ ਚਿੰਤਕਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਉਦਯੋਗਪਤੀਆਂ, ਵਪਾਰਕ ਭਾਈਵਾਲਾਂ, ਸੀਨੀਅਰ ਨੌਕਰਸ਼ਾਹਾਂ, ਪੁਲੀਸ ਅਧਿਕਾਰੀਆਂ, ਜੱਜਾਂ, ਪੱਤਰਕਾਰਾਂ ਤੇ ਮੋਹਤਬਰਾਂ ਨੇ ਪ੍ਰਾਰਥਨਾ ਸਭਾ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਲੁਧਿਆਣਾ ਅਤੇ ਬਰਨਾਲਾ ਦੀਆਂ ਧਾਰਮਿਕ ਜਥੇਬੰਦੀਆਂ, ਅਗਰਵਾਲ ਸਭਾ ਨੇ ਸ਼ੋਕ ਪੱਤਰਾਂ ਰਾਹੀਂ ਪਰਿਵਾਰ ਨਾਲ ਹਮਦਰਦੀ ਅਤੇ ਦੁੱਖ ਪ੍ਰਗਟ ਕੀਤਾ। ਇਸ ਮੌਕੇ ਬੀਜੀ ਨੂੰ ਯਾਦ ਕਰਦਿਆਂ ਰਾਜਿੰਦਰ ਗੁਪਤਾ ਨੇ ਕਿਹਾ ਕਿ ਆਪਣੇ ਪੁੱਤਰਾਂ ਲਈ ਇੱਕ ਮਾਂ ਦੇ ਨਾਲ-ਨਾਲ ਉਹ ਹੋਰਨਾਂ ਬਹੁਤ ਸਾਰੇ ਲੋਕਾਂ ਲਈ ਵੀ ਪ੍ਰੇਰਨਾ ਸਰੋਤ ਸਨ।
ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਇੱਕ ਸਾਧਾਰਣ ਪਿੱਠ ਭੂਮੀ ਵਿੱਚ ਉੱਭਰਨ ਅਤੇ ਉਚ ਮੁਕਾਮ ’ਤੇ ਪਹੁੰਚਾਉਣ ਲਈ ਮਦਦ ਕੀਤੀ। ਉਨ੍ਹਾਂ ਕਿਹਾ ਕਿ ਟ੍ਰਾਈਡੈਂਟ ਪੂੰਜੀਵਾਦ ਦੇ ਪਰੰਪਰਾਗਤ ਢਾਂਚੇ ਤੋਂ ਹਟ ਕੇ ਕੰਮ ਕਰ ਰਹੀ ਹੈ ਤੇ ਬੀਜੀ ਦੀ ਅਗਵਾਈ ਹੇਠ ਟਰਾਈਡੈਂਟ ਗਰੁੱਪ ਵਲੋਂ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ ਜਿਸ ਨਾਲ ਵੱਡੀ ਗਿਣਤੀ ਪਰਿਵਾਰਾਂ ਨੂੰ ਰੁਜ਼ਗਾਰ ਮਿਲਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।