ਕੀਵ, 6 ਅਗਸਤ
ਰੂਸ ਨੇ ਆਪਣੇ ਤੇਲ ਟੈਂਕਰ ਨੂੰ ਫੁੰਡੇ ਜਾਣ ਦਾ ਬਦਲਾ ਲੈਂਦਿਆਂ ਅੱਜ ਪੱਛਮੀ ਯੂਕਰੇਨ ’ਤੇ ਮਿਜ਼ਾਈਲ ਤੇ ਡਰੋਨ ਨਾਲ ਤਾਬੜ-ਤੋੜ ਹਮਲੇ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦਰਮਿਆਨ ਸਾਰੀ ਰਾਤ ਹੋਈ ਗੋਲਾਬਾਰੀ ਦੌਰਾਨ ਛੇ ਲੋਕਾਂ ਦੀ ਮੌਤ ਹੋ ਗਈ।
ਉਧਰ, ਮਾਸਕੋ ਵਿੱਚ ਯੂਕਰੇਨ ਦੇ ਡਰੋਨ ਹਮਲੇ ਨੂੰ ਨਾਕਾਮ ਕੀਤੇ ਜਾਣ ਮਗਰੋਂ ਰੂਸੀ ਰਾਜਧਾਨੀ ਦੇ ਦੂਜੇ ਸਭ ਤੋਂ ਵੱਡੇ ਹਵਾਈ ਅੱਡੇ ’ਤੇ ਕੁੱਝ ਸਮੇਂ ਲਈ ਉਡਾਣਾਂ ਮੁਲਤਵੀ ਕਰ ਦਿੱਤੀਆਂ ਗਈਆਂ। ਯੂਕਰੇਨ ਦੀ ਹਵਾਈ ਫੌਜ ਨੇ ਕਿਹਾ ਕਿ ਰੂਸ ਵੱਲੋਂ ਕੈਸਪੀਅਨ ਸਾਗਰ ਤੋਂ ਲੜਾਕੂ ਜਹਾਜ਼ਾਂ ਰਾਹੀਂ 70 ਹਵਾਈ ਹਮਲੇ ਕੀਤੇ ਗਏ। ਯੂਕਰੇਨ ਦੇ ਖਮੇਲਨਿਤਸਕੀ ਦੇ ਖੇਤਰੀ ਫੌਜੀ ਪ੍ਰਸ਼ਾਸਨ ਦੇ ਉਪ ਮੁਖੀ ਸੇਰਹੀ ਟਿਊਰਿਨ ਨੇ ਕਿਹਾ ਕਿ ਤਿੰਨ ਮਿਜ਼ਾਈਲਾਂ ਸਟਾਰੋਕੋਸਤੀਅਨਤੀਨੀਵ ਇਲਾਕੇ ਵਿੱਚ ਡਿੱਗੀਆਂ ਜਿੱਥੇ ਕਈ ਇਮਾਰਤਾਂ ਤਬਾਹ ਹੋ ਗਈਆਂ ਅਤੇ ਇੱਕ ਗੁਦਾਮ ਨੂੰ ਅੱਗ ਲੱਗ ਗਈ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਜ਼ਾਪੋਰਿਜ਼ੀਆ ਖੇਤਰ ਵਿੱਚ ਸਥਿਤ ਹਵਾਈ ਜਹਾਜ਼ ਦੇ ਇੰਜਣ ਬਣਾਉਣ ਵਾਲੀ ਕੰਪਨੀ ‘ਮੋਟਰ ਸਿਚ’ ਦਾ ਕੁੱਝ ਹਿੱਸਾ ਵੀ ਹਮਲੇ ਦੀ ਜੱਦ ਵਿੱਚ ਆ ਗਿਆ। ਯੂਕਰੇਨ ਨੇ ਸ਼ੁੱਕਰਵਾਰ ਨੂੰ ਕ੍ਰੀਮੀਆ ਨੇੜੇ ਰੂਸੀ ਫ਼ੌਜ ਨੂੰ ਤੇਲ ਸਪਲਾਈ ਕਰਨ ਵਾਲੇ ਟੈਂਕਰ ਨੂੰ ਨਿਸ਼ਾਨਾ ਬਣਾਇਆ ਸੀ। ਜਵਾਬੀ ਕਾਰਵਾਈ ਵਿੱਚ ਰੂਸ ਨੇ ਤਾਬੜ-ਤੋੜ ਹਮਲੇ ਕੀਤੇ ਹਨ।
ਯੂਕਰੇਨ ਦੇ ਸਥਾਨਕ ਖੇਤਰੀ ਫੌਜੀ ਪ੍ਰਸ਼ਾਸਨ ਦੇ ਮੁਖੀ ਉਲੇਹ ਸਿਨੀਹੂਬੋਵ ਨੇ ਕਿਹਾ ਕਿ ਰੂਸੀ ਹਮਲਿਆਂ ਵਿੱਚ ਛੇ ਵਿੱਚੋਂ ਦੋ ਮੌਤਾਂ ਖਾਰਕੀਵ ਖੇਤਰ ਵਿੱਚ ਹੋਈਆਂ ਹਨ, ਜਦੋਂਕਿ ਚਾਰ ਹੋਰ ਜ਼ਖ਼ਮੀ ਹੋ ਗਏ। ਜ਼ੈਲੇਂਸਕੀ ਨੇ ਕਿਹਾ ਕਿ ਇਸ ਖੇਤਰ ਦੇ ਕੁਪਿਆਨ ਜ਼ਿਲ੍ਹੇ ਵਿੱਚ ਐਤਵਾਰ ਦੇਰ ਰਾਤ ਨੂੰ ਖੂਨ ਦਾਨ ਕੇਂਦਰ ’ਤੇ ਬੰਬ ਸੁੱਟਿਆ ਗਿਆ। -ਏਪੀ