ਇਸਲਾਮਾਬਾਦ, 6 ਅਗਸਤ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਸ਼ਨਿਚਰਵਾਰ ਦੀ ਰਾਤ ਉੱਚ ਸੁਰੱਖਿਆ ਵਾਲੀ ਅਟਕ ਜੇਲ੍ਹ ਵਿੱਚ ਕੱਟੀ ਪਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਉਣ ਵਾਲੀ ਇਸਲਾਮਾਬਾਦ ਦੀ ਹੇਠਲੀ ਅਦਾਲਤ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ’ਚ ਭੇਜਿਆ ਜਾਣਾ ਚਾਹੀਦਾ ਸੀ। ਤੋਸ਼ਾਖਾਨਾ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਮਗਰੋਂ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਮਾਯੂੰ ਦਿਲਾਵਰ ਨੇ ਇਸਲਾਮਾਬਾਦ ਪੁਲੀਸ ਮੁਖੀ ਨੂੰ ਇਮਰਾਨ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਸਨ ਪਰ ਉਨ੍ਹਾਂ ਨੂੰ ਗ੍ਰਿਫ਼ਤਾਰ ਪੰਜਾਬ ਪੁਲੀਸ ਵੱਲੋਂ ਕੀਤਾ ਗਿਆ। ਇਸੇ ਤਰ੍ਹਾਂ ਅਦਾਲਤ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਨੂੰ ਅਡਿਆਲਾ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਸੀ ਪਰ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਹੇਠ ਅਟਕ ਜੇਲ੍ਹ ਲਿਜਾਇਆ ਗਿਆ। ‘ਡਾਅਨ’ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਲਾਹੌਰ ਪੁਲੀਸ ਨੂੰ ਫ਼ੈਸਲਾ ਆਉਣ ਦੇ ਤੁਰੰਤ ਮਗਰੋਂ ਇਮਰਾਨ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਗਏ ਸਨ। ਇਸ ਮਗਰੋਂ ਲਾਹੌਰ ਪੁਲੀਸ ਨੇ ਸੀਨੀਅਰ ਅਧਿਕਾਰੀ ਦੀ ਨਿਗਰਾਨੀ ਹੇਠ ਇੱਕ ਟੀਮ ਬਣਾਈ ਅਤੇ ਉਹ ਇਮਰਾਨ ਦੀ ਜ਼ਮਾਨ ਪਾਰਕ ਵਿਚਲੀ ਰਿਹਾਇਸ਼ ’ਚ ਪਹੁੰਚ ਗਏ। ਇਮਰਾਨ ਨੂੰ ਸਰਕਾਰੀ ਹਸਪਤਾਲ ਤੋਂ ਮੈਡੀਕਲ ਲਈ ਲਿਜਾਣ ਦੀ ਜਗ੍ਹਾ ਸਿੱਧਾ ਅਟਕ ਜੇਲ੍ਹ ਪਹੁੰਚਾ ਦਿੱਤਾ ਗਿਆ। ਪੀਟੀਆਈ ਦੇ ਬੁਲਾਰੇ ਜ਼ੁਲਫੀ ਬੁਖਾਰੀ ਨੇ ਕਿਹਾ, ‘‘ਇਹ ਚਿੰਤਾ ਵਾਲੀ ਗੱਲ ਹੈ ਕਿ ਜਿਵੇਂ ਹੀ ਫ਼ੈਸਲਾ ਸੁਣਾਇਆ ਗਿਆ ਤੇ ਇਸ ਬਾਰੇ ਖ਼ਬਰਾਂ ਟੀਵੀ ’ਤੇ ਪ੍ਰਸਾਰਿਤ ਹੋ ਰਹੀਆਂ ਸਨ, ਪੁਲੀਸ ਇਮਰਾਨ ਨੂੰ ਲੈਣ ਜ਼ਮਾਨ ਪਾਰਕ ਪਹੁੰਚ ਗਈ। ਕੀ ਪੁਲੀਸ ਨੂੰ ਇਸ ਫੈਸਲੇ ਬਾਰੇ ਪਹਿਲਾਂ ਹੀ ਜਾਣਕਾਰੀ ਸੀ?’’ -ਪੀਟੀਆਈ
ਇਮਰਾਨ ਨੂੰ ਜੇਲ੍ਹ ’ਚ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ: ਪੀਟੀਆਈ
ਇਸਲਾਮਾਬਾਦ: ਪਾਕਿਸਤਾਨ ਤਹਿਰੀਕ- ਏ-ਇਨਸਾਫ (ਪੀਟੀਆਈ) ਪਾਰਟੀ ਨੇ ਅੱਜ ਅਧਿਕਾਰੀਆਂ ’ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕਾਨੂੰਨੀ ਟੀਮ ਨੂੰ ਅਦਾਲਤ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ਾਂ ’ਤੇ ਦਸਤਖਤ ਕਰਵਾਉਣ ਲਈ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਾ ਦੇਣ ਦਾ ਦੋਸ਼ ਲਾਇਆ ਹੈ। ਉਧਰ ਪਾਰਟੀ ਦੀ ਕੋਰ ਕਮੇਟੀ ਨੇ ਇਮਰਾਨ ਦੀ ਗ੍ਰਿਫ਼ਤਾਰੀ ਨੂੰ ਪੱਖਪਾਤੀ ਤੇ ਖਾਮੀਆਂ ਵਾਲੇ ਨਿਆਂਇਕ ਫ਼ੈਸਲੇ ਦਾ ਨਤੀਜਾ ਦੱਸਿਆ ਹੈ। ਇੱਕ ਵ੍ਹਟਸਐਪ ਗਰੁੱਪ ’ਚ ਸਾਂਝੇ ਕੀਤੇ ਗਏ ਬਿਆਨ ਵਿੱਚ ਪਾਰਟੀ ਨੇ ਕਿਹਾ, ‘‘ਅਟਕ ਜੇਲ੍ਹ ਦੇ ਸੁਪਰਡੈਂਟ ਅਤੇ ਪੰਜਾਬ ਦੇ ਵਧੀਕ ਗ੍ਰਹਿ ਸਕੱਤਰ ਨੂੰ ਕੀਤੀਆਂ ਗਈਆਂ ਅਪੀਲਾਂ ਦੇ ਬਾਵਜੂਦ ਕਾਨੂੰਨੀ ਟੀਮ ਨੂੰ ਲੋੜੀਂਦੇ ਦਸਤਾਵੇਜ਼ਾਂ ’ਤੇ ਦਸਤਖਤ ਕਰਵਾਉਣ ਲਈ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਇਹ ਕੋਈ ਗ੍ਰਿਫਤਾਰੀ ਨਹੀਂ ਸਗੋਂ ਅਗਵਾ ਕਰਨ ਵਾਂਗ ਜਾਪਦਾ ਹੈ।’’ ਇਮਰਾਨ ਨੂੰ ਗ੍ਰਿਫ਼ਤਾਰੀ ਮਗਰੋਂ ਸੜਕੀ ਰਸਤੇ ਅਟਕ ਲਿਜਾਇਆ ਗਿਆ। ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਰੱਖਿਆ ਜਾਵੇਗਾ ਪਰ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਅਟਕ ਭੇਜ ਦਿੱਤਾ ਗਿਆ। ਇਮਰਾਨ ਦੀ ਗੈਰਮੌਜੂਦਗੀ ਵਿੱਚ ਪੀਟੀਆਈ ਦੀ ਅਗਵਾਈ ਕਰ ਰਹੇ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰ ਕੇ ਵਰਕਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, “ਸ਼ਾਂਤਮਈ ਪ੍ਰਦਰਸ਼ਨ ਸਾਡਾ ਅਧਿਕਾਰ ਹੈ ਪਰ ਕਿਸੇ ਵੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਾ ਲਓ।” ਇਸ ਦੌਰਾਨ ਕੁਰੈਸ਼ੀ ਨੇ ਪੀਟੀਆਈ ਦੀ ਕੋਰ ਕਮੇਟੀ ਦੀ ਮੀਟਿੰਗ ਸੱਦੀ। ਮੀਟਿੰਗ ਵਿੱਚ ਤੋਸ਼ਾਖਾਨਾ ਕੇਸ ਵਿੱਚ ਅਦਾਲਤ ਦੇ ਫੈਸਲੇ ਅਤੇ ਖਾਨ ਦੀ ਗ੍ਰਿਫਤਾਰੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਮੇਟੀ ਨੇ ਇਮਰਾਨ ਦੀ ਗ੍ਰਿਫਤਾਰੀ ਨੂੰ ਪੱਖਪਾਤੀ ਅਤੇ ਖਾਮੀਆਂ ਵਾਲੇ ਨਿਆਂਇਕ ਫੈਸਲੇ ਦਾ ਨਤੀਜਾ ਦੱਸਿਆ। ਉਧਰ ਲਾਹੌਰ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੌਧਰੀ ਇਸ਼ਤਿਆਕ ਅਹਿਮਦ ਖਾਨ ਨੇ ਕਿਹਾ ਕਿ ਪੀਟੀਆਈ ਚੇਅਰਮੈਨ ਨੂੰ ਸਵੈ-ਰੱਖਿਆ ਦੇ ਅਧਿਕਾਰ ਤੋਂ ਵਾਂਝੇ ਰੱਖਿਆ ਜਾਣਾ ਚਿੰਤਾ ਦਾ ਵਿਸ਼ਾ ਹੈ। -ਪੀਟੀਆਈ