ਗੁਰੂਗ੍ਰਾਮ, 7 ਅਗਸਤ
ਗੁਰੂਗ੍ਰਾਮ ਦੇ ਇੱਕ ਪਿੰਡ ਵਿੱਚ ਸਥਿਤ ਇੱਕ ਮਜ਼ਾਰ ਨੂੰ ਸੋਮਵਾਰ ਤੜਕੇ ਕੁਝ ਅਣਪਛਾਤੇ ਵਿਅਕਤੀਆਂ ਨੇ ਅੱਗ ਲਾ ਦਿੱਤੀ। ਪੁਲੀਸ ਨੇ ਕਿਹਾ ਕਿ ਉਨ੍ਹਾਂ ਇਸ ਘਟਨਾ ਦੇ ਸਬੰਧ ’ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਮੁਤਾਬਕ ਜਦੋਂ ਤੱਕ ਸਥਾਨਕ ਲੋਕਾਂ ਵੱਲੋਂ ਅੱਗ ’ਤੇ ਕਾਬੂ ਪਾਇਆ ਜਾਂਦਾ, ਉਦੋਂ ਤੱਕ ਲੋਕਾਂ ਵੱਲੋਂ ਭੇਟ ਕੀਤੀ ਗਈ ਕੁਝ ਸਮੱਗਰੀ ਜਲ ਚੁੱਕੀ ਸੀ।
ਯੂਪੀ ਦੇ ਬਾਰਾਬੰਕੀ ਜ਼ਿਲ੍ਹੇ ਦੇ ਵਸਨੀਕ ਘਸੀਟੇ ਰਾਮ ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਖਾਂਡਸਾ ਪਿੰਡ ਵਿੱਚ ਸਥਿਤ ਇਸ ਮਜ਼ਾਰ ਵਿੱਚ ਸਭ ਕੁਝ ਠੀਕ ਸੀ। ਉਹ ਐਤਵਾਰ ਰਾਤ 8.30 ਵਜੇ ਫਿਰੋਜ਼ ਗਾਂਧੀ ਕਲੋਨੀ ਵਿੱਚ ਸਥਿਤ ਆਪਣੇ ਘਰ ਜਾਣ ਲਈ ਚਲਾ ਗਿਆ ਸੀ। ਉਸਨੇ ਦੱਸਿਆ ਕਿ ਤੜਕੇ ਲਗਪਗ 1.30 ਵਜੇ ਉਸਨੂੰ ਮਜ਼ਾਰ ਦੇ ਨੇੜੇ ਰਹਿਣ ਵਾਲੇ ਕਿਸੇ ਸ਼ਖ਼ਸ ਨੇ ਫੋਨ ’ਤੇ ਦੱਸਿਆ ਕਿ ਕੁਝ ਲੋਕਾਂ ਵੱਲੋਂ ਮਜ਼ਾਰ ਵਿੱਚ ਅੱਗ ਲਾ ਦਿੱਤੀ ਗਈ ਹੈ। ਉਸ ਨੇ ਸੈਕਟਰ 37 ਸਥਿਤ ਪੁਲੀਸ ਸਟੇਸ਼ਨ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ, ‘ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ, ਪਰ ਜਦੋਂ ਮੈਂ ਅੰਦਰ ਗਿਆ ਤਾਂ ਦੇਖਿਆ ਕਿ ਮਜ਼ਾਰ ਵਿੱਚ ਭੇਟ ਕੀਤੀ ਗਈ ਸਮੱਗਰੀ ਜਲ ਚੁੱਕੀ ਸੀ।’ ਉਸ ਨੇ ਕਿਹਾ ਕਿ ਉਸਨੂੰ ਪਤਾ ਲੱਗਾ ਹੈ ਕਿ ਪੰਜ-ਛੇ ਨੌਜਵਾਨ ਉੱਥੇ ਇਕੱਠੇ ਹੋਏ ਸਨ, ਜਿਨ੍ਹਾਂ ਨੇ ਅੱਗ ਲਾਈ ਸੀ। ਸ਼ਿਕਾਇਤ ਵਿੱਚ ਉਸ ਨੇ ਕਿਹਾ ਕਿ ਇਸ ਘਟਨਾ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤੇ ਇਸ ਕਾਰਨ ਸਮਾਜ ਵਿੱਚ ਦੰਗੇ ਹੋ ਸਕਦੇ ਹਨ। ਉਸ ਨੇ ਕਿਹਾ ਕਿ ਇਹ ਪੀਰ ਬਾਬਾ ਦੀ ਦਹਾਕਿਆਂ ਪੁਰਾਣੀ ਮਜ਼ਾਰ ਹੈ ਤੇ ਇੱਥੇ ਪਿੰਡਾਂ ਦੇ ਲੋਕ ਮੱਥਾ ਟੇਕਦੇ ਹਨ। ਉਸ ਨੇ ਸ਼ੱਕ ਪ੍ਰਗਟਾਇਆ ਕਿ ਹੋ ਸਕਦਾ ਹੈ ਕਿ ਕੁਝ ਬਾਹਰੀ ਲੋਕਾਂ ਨੇ ਮਜ਼ਾਰ ਵਿੱਚ ਅੱਗ ਲਾਈ ਹੋਵੇ। ਪੁਲੀਸ ਨੇ ਧਾਰਾ 34, 153 ਏ, 188 ਅਤੇ 436 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਨੇ ਇਹ ਵੀ ਦੱਸਿਆ ਕਿ ਰਥੀਵਾਸ ਪਿੰਡ ਨੇੜੇ ਸਥਿਤ ਇੱਕ ਢਾਬੇ ਨੂੰ ਸ਼ਨਿਚਰਵਾਰ ਰਾਤ ਨੂੁੰ ਅੱਗ ਲਾ ਦਿੱਤੀ ਗਈ ਸੀ ਤੇ ਇਸ ਸਬੰਧੀ ਬਿਲਾਸਪੁਰ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਸੀ। ਗੁਰੂਗ੍ਰਾਮ ਪੁਲੀਸ ਨੇ ਦੱਸਿਆ ਕਿ ਸੋਹਨਾ ਵਿੱਚ ਹਿੰਸਾ ਲਈ ਜ਼ਿੰਮੇਵਾਰ 15 ਵਿਅਕਤੀਆਂ ਨੂੰ ਐਤਵਾਰ ਰਾਤ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। -ਪੀਟੀਆਈ