ਬੀਰਬਲ ਰਿਸ਼ੀ
ਸ਼ੇਰਪੁਰ, 9 ਅਗਸਤ
ਫਰਮਾਸਿਸਟ ਅਫ਼ਸਰਾਂ ਦੇ ਪਿੰਡਾਂ ਵਿੱਚੋਂ ਸਰਕਾਰੀ ਹਸਪਤਾਲ ਧੂਰੀ ਵਿੱਚ ਡੈਪੂਟੇਸ਼ਨਾਂ ਮਗਰੋਂ ਪਹਿਲਾਂ ਹੀ ਡਾਕਟਰਾਂ ਤੋਂ ਸੱਖਣੇ ਪਿੰਡ ਕਾਤਰੋਂ, ਲੱਡਾ, ਬਾਲੀਆਂ ਅਤੇ ਹੇੜੀਕੇ ਦੀਆਂ ਡਿਸਪੈਂਸਰੀਆਂ ਵਿੱਚ ਦਵਾਈ ਲੈਣ ਆਉਂਦੇ ਮਰੀਜ਼ ਪ੍ਰੇਸ਼ਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਦੇ ਪਿੰਡ ਬਾਲੀਆਂ, ਕਾਤਰੋਂ, ਲੱਡਾ ਜਦੋਂ ਕਿ ਹਲਕਾ ਮਹਿਲ ਕਲਾਂ ਤੇ ਬਲਾਕ ਸ਼ੇਰਪੁਰ ਦੇ ਪਿੰਡ ਹੇੜੀਕੇ ਵਿੱਚ ਸਿਹਤ ਵਿਭਾਗ ਦੇ ਅਧਿਕਾਰੀ ਚਾਰ ਫਰਮਾਸਿਸਟ ਅਫ਼ਸਰਾਂ ਨੂੰ ਪੇਂਡੂ ਡਿਸਪੈਂਸਰੀਆਂ ਨੂੰ ਖਾਲੀ ਕਰਕੇ ਹਫ਼ਤੇ ਵਿੱਚ ਚਾਰ ਦਿਨ ਧੂਰੀ ਭੇਜਕੇ ਸ਼ਹਿਰ ਨੂੰ ਤਰਜ਼ੀਹ ਦੇਣ ’ਚ ਜੁਟੇ ਹਨ, ਜਦੋਂ ਕਿ ਪੇਂਡੂ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਮਹਿਜ਼ ਦੋ ਦਿਨ ਪਿੰਡਾਂ ਨੂੰ ਦਿੱਤੇ ਗਏ ਹਨ। ਪਿੰਡ ਹੇੜੀਕੇ ਦੀ ਸਰਪੰਚ ਬੀਬੀ ਪਾਲਵਿੰਦਰ ਕੌਰ ਦੇ ਪਤੀ ਅਵਤਾਰ ਸਿੰਘ ਹੇੜੀਕੇ ਨੇ ਦੱਸਿਆ ਕਿ ਜੋ ਸੂਚਨਾ ਉਨ੍ਹਾਂ ਖੁਦ ਪੈਰਵੀ ਕਰਕੇ ਪ੍ਰਾਪਤ ਕੀਤੀ ਹੈ ਉਸ ਅਨੁਸਾਰ ਧੂਰੀ ਵਿਖੇ ਮਹਿਜ਼ ਦੋ ਹੀ ਫਰਮੇਸੀ ਅਫ਼ਸਰ ਲੋੜੀਦੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਡਿਸਪੈਂਸਰੀਆਂ ਖਾਲੀ ਕਰਕੇ ਸਹਿਰੀ ਹਸਪਤਾਲ ਵਿੱਚ ਚਾਰ ਫਾਰਮੇਸੀ ਅਫ਼ਸਰਾਂ ਦਾ ਡੈਪੂਟੈਸ਼ਨ ਕੀਤਾ ਹੋਇਆ। ਦੂਜੇ ਪਾਸੇ ਧੂਰੀ ਦੇ ਫਰਮਾਸਿਸਟ ਦਾ ਬਾਹਰਲੇ ਹਸਪਤਾਲਾਂ ‘ਚ ਡੈਪੂਟੇਸ਼ਨ ਕਰਨ ਦਾ ਮਾਮਲਾ ਸ਼ੱਕੀ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਵਿਭਾਗ ਦੀ ਜ਼ਿਲ੍ਹਾ ਪੱਧਰੀ ਡੈਪੂਟੇਸ਼ਨ ਨੀਤੀ ਦੀ ਜਾਂਚ ਕੀਤੀ ਜਾਵੇ, ਸਬੰਧਤ ਅਫ਼ਸਰਾਂ ਦੀ ਡੈਪੂਟੇਸ਼ਨ ਤੁਰੰਤ ਰੱਦ ਕੀਤੀ ਜਾਵੇ।
ਪੂਰੇ ਮਾਮਲੇ ਦੀ ਰਿਪੋਰਟ ਲਈ ਜਾਵੇਗੀ: ਡਿਪਟੀ ਕਮਿਸ਼ਨਰ
ਸੀਐੱਮਓ ਸੰਗਰੂਰ ਦਾ ਪੱਖ ਲੈਣਾ ਚਾਹਿਆ ਤਾਂ ਉਨ੍ਹਾਂ ਕੋਈ ਸਪੱਸ਼ਟ ਜਵਾਬ ਦੇਣ ਦੀ ਥਾਂ ਅੱਧੀ ਗੱਲ ਸੁਣ ਕੇ ਹੀ ਫੋਨ ਕੱਟ ਦਿੱਤਾ ਅਤੇ ਮੁੜ ਗੱਲ ਕਰਨੀ ਮੁਨਾਸਿਫ਼ ਨਹੀਂ ਸਮਝੀ। ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਕਿਹਾ ਕਿ ਉਹ ਪੂਰੇ ਮਾਮਲੇ ਦੀ ਰਿਪੋਰਟ ਲੈਣ ਮਗਰੋਂ ਲੋੜੀਦੀ ਕਾਰਵਾਈ ਅਮਲ ਵਿੱਚ ਲਿਆਉਣਗੇ।