ਸਵਰਾਜਬੀਰ
ਮੈਨੂੰ ਦੱਸੋ
ਸਦੀਵੀ ਸੁਪਨੇ ਦੀ ਇਸ ਵਾਦੀ ਵਿਚ
ਮੈਂ ਕਦੋਂ ਆਇਆ
ਤੇ ਕਿੱਥੇ ਹਾਂ ਮੈਂ
ਤੇ ਕਿਉਂ
ਇਸ ਭਰ ਵਹਿੰਦੀ ਨਦੀ ਵਿਚ
ਵਹਿ ਨਹੀਂ ਜਾਂਦਾ
– ਪੀਬੀ ਸ਼ੈਲੇ
ਅੰਗਰੇਜ਼ੀ ਕਵੀ ਸ਼ੈਲੇ ਦੀਆਂ ਉਪਰੋਕਤ ਸਤਰਾਂ ਉਸ ਦੀ ਆਖ਼ਰੀ ਤੇ ਅਧੂਰੀ ਰਹਿ ਗਈ ਕਵਿਤਾ ‘ਜ਼ਿੰਦਗੀ ਦੀ ਜਿੱਤ (The Triumph of Life)’ ਵਿਚੋਂ ਹਨ। ਕਵਿਤਾ ਦਾ ਨਾਂ ਤਾਂ ‘ਜ਼ਿੰਦਗੀ ਦੀ ਜਿੱਤ’ ਹੈ ਪਰ ਕਵਿਤਾ ਵਿਚਲੀ ਸੋਚ-ਦ੍ਰਿਸ਼ਟੀ ਨਿਰਾਸ਼ਾ ਨਾਲ ਭਰੀ ਹੋਈ ਹੈ; ਕਵੀ ਸਵਾਲ ਪੁੱਛ ਰਿਹਾ ਹੈ ਕਿ ਮੇਰੇ ਹੋਣ ਦੇ ਕੀ ਅਰਥ ਹਨ। ਕਵਿਤਾ ਵਿਚ ਆਉਂਦੇ ਕਿਰਦਾਰ ਇਹ ਪ੍ਰਸ਼ਨ ਵਾਰ ਵਾਰ ਪੁੱਛਦੇ ਹਨ ਕਿ ਮਨੁੱਖ ਦੀ ਹੋਣੀ ਕੀ ਹੈ, ਸੰਸਾਰ ਵਿਚ ਏਨਾ ਦੁੱਖ, ਕਹਿਰ ਤੇ ਜ਼ੁਲਮ ਕਿਉਂ ਹੈ, ਇਹ ਦੁੱਖ-ਦੁਸ਼ਵਾਰੀਆਂ ਅਜੇ ਤਕ ਦੂਰ ਕਿਉਂ ਨਹੀਂ ਹੋਈਆਂ; ਕਿਵੇਂ ਹੋਣਗੀਆਂ? ਕਵਿਤਾ ਵਿਚ ਅਫ਼ਲਾਤੂਨ (Plato), ਰੂਸੋ, ਫਰਾਂਸਿਸ ਬੇਕਨ ਅਤੇ ਸ਼ੈਲੇ, ਸਭ ਇਹ ਸਵਾਲ ਪੁੱਛਦੇ ਹਨ, ਮਨੁੱਖ ਦੇ ਦੁੱਖਾਂ ਦੇ ਕਾਰਨਾਂ ਦੇ ਸਵਾਲ, ਜੋ ਮਨੁੱਖਤਾ ਮੁੱਢ-ਕਦੀਮ ਤੋਂ ਆਪਣੇ ਆਪ ਨੂੰ ਪੁੱਛਦੀ ਆਈ ਹੈ; ਜਵਾਬ ਲੱਭਦੇ ਹਨ ਤੇ ਮਨੁੱਖ ਆਸਾਂ ਭਰੀਆਂ ਰਾਹਾਂ ’ਤੇ ਤੁਰਨ ਲੱਗਦੇ ਹਨ; ਜਵਾਬ ਗਵਾਚ ਜਾਂਦੇ ਹਨ ਅਤੇ ਨਫ਼ਰਤ, ਹਿੰਸਾ ਤੇ ਕਤਲੋਗਾਰਤ ਦੇ ਦੌਰ ਆਉਂਦੇ ਹਨ; ਮਨੁੱਖਤਾ ਹਨੇਰੇ ਰਾਹਾਂ ’ਤੇ ਭਟਕਦੀ ਹੈ। ਇਹ ਸਭ ਮਨੁੱਖ ਦੇ ਇਤਿਹਾਸ ਦਾ ਹਿੱਸਾ ਹੈ। ਮਨੁੱਖ ਆਪਣਾ ਇਤਿਹਾਸ ਏਨੀ ਕਰੂਰਤਾ ਤੇ ਕਠੋਰਤਾ ਨਾਲ ਕਿਉਂ ਬਣਾਉਂਦਾ ਹੈ?
‘‘ਮਨੁੱਖ ਆਪਣਾ ਇਤਿਹਾਸ ਆਪ ਬਣਾਉਂਦੇ ਹਨ, ਪਰ ਉਹ ਇਹ ਇਤਿਹਾਸ ਇਸ ਤਰ੍ਹਾਂ ਨਹੀਂ ਬਣਾ ਸਕਦੇ ਜਿਵੇਂ ਉਨ੍ਹਾਂ ਦੀ ਮਰਜ਼ੀ ਹੋਵੇ; ਉਹ ਖ਼ੁਦ ਚੁਣੇ ਹੋਏ ਹਾਲਾਤ ਵਿਚ ਇਤਿਹਾਸ ਨਹੀਂ ਸਿਰਜਦੇ ਸਗੋਂ ਉਨ੍ਹਾਂ ਹਾਲਾਤ ਅਨੁਸਾਰ ਬਣਾਉਂਦੇ ਹਨ ਜਿਹੜੇ ਪਹਿਲਾਂ ਹੀ ਮੌਜੂਦ ਹੁੰਦੇ ਹਨ, ਜਿਹੜੇ ਉਨ੍ਹਾਂ ਨੂੰ ਅਤੀਤ ਤੋਂ ਮਿਲਦੇ ਤੇ ਉਨ੍ਹਾਂ ਨੂੰ ਦਿੱਤੇ ਜਾਂਦੇ ਹਨ। ਮੋਈਆਂ ਪੀੜ੍ਹੀਆਂ ਦੀ ਰਵਾਇਤ ਜਿਊਂਦੇ ਬੰਦਿਆਂ ਦੇ ਮਨਾਂ-ਦਿਮਾਗ਼ਾਂ ’ਤੇ ਡਰਾਉਣੇ ਸੁਪਨੇ ਵਾਂਗ ਬੋਝ ਪਾਉਂਦੀ ਰਹਿੰਦੀ ਹੈ।’’ ਇਹ ਸ਼ਬਦ ਕਾਰਲ ਮਾਰਕਸ ਨੇ 1852 ਵਿਚ ਆਪਣੇ ਲੇਖ ‘ਲੂਈ ਬੋਨਾਪਾਰਟ ਦਾ 18ਵਾਂ ਬਰੂਮੇਅਰ’ ਵਿਚ ਲਿਖੇ। ਵਾਰ ਵਾਰ ਇਨ੍ਹਾਂ ਸ਼ਬਦਾਂ ਦਾ ਸੱਚ ਮਨੁੱਖਤਾ ਦੇ ਸਾਹਮਣੇ ਉੱਭਰਿਆ ਹੈ। ਅਸੀਂ ਆਪਣੇ ਦੇਸ਼ ਵਿਚ ਵੀ ਅਜਿਹੇ ਹੀ ਹਾਲਾਤ ਦੇਖ ਰਹੇ ਹਾਂ, ਭਾਵੇਂ ਪੂਰੇ ਦੇਸ਼ ’ਤੇ ਨਜ਼ਰ ਮਾਰੀਏ ਜਾਂ ਖ਼ਾਸ ਕਰ ਕੇ ਉਨ੍ਹਾਂ ਹਾਲਾਤ ’ਤੇ ਜਿਨ੍ਹਾਂ ’ਚੋਂ ਮਨੀਪੁਰ ਗੁਜ਼ਰ ਰਿਹਾ ਹੈ ਜਾਂ ਉਨ੍ਹਾਂ ਘਟਨਾਵਾਂ ’ਤੇ ਜੋ ਹਰਿਆਣੇ ਵਿਚ ਹੋਈਆਂ ਹਨ। ਸਦੀਆਂ ਤੋਂ ਲੋਕਾਂ ਦੇ ਮਨਾਂ ਵਿਚ ਪਲਦੇ-ਪਨਪਦੇ ਵਿਤਕਰਿਆਂ, ਮੁਤਅਸਬਾਂ, ਪੂਰਵ-ਧਾਰਨਾਵਾਂ ਤੇ ਵਿਚਾਰਾਂ ਦਾ ਬੋਝ ਲੋਕਾਂ ਦੇ ਮਨਾਂ ਵਿਚ ਸਿਆਸੀ-ਇਤਿਹਾਸਕ ਸ਼ਕਤੀ ਬਣ ਜਾਂਦਾ ਤੇ ਬਣਾ ਦਿੱਤਾ ਜਾਂਦਾ ਹੈ; ਵਿਤਕਰਿਆਂ ਦੇ ਇਸ ਬੋਝ ਨੂੰ ਨਫ਼ਰਤ ਫੈਲਾਉਣ ਤੇ ਹਿੰਸਾ ਭੜਕਾਉਣ ਲਈ ਵਰਤਿਆ ਜਾਂਦਾ ਹੈ। ਜਿਵੇਂ ਮਾਰਕਸ ਇਸੇ ਲੇਖ ਵਿਚ ਦੱਸਦਾ ਹੈ ਕਿ ਹਰ ਪੀੜ੍ਹੀ ਪੁਰਾਣੇ ਸਮਿਆਂ ਤੋਂ ‘ਭਾਸ਼ਾ, ਭਾਵਨਾਵਾਂ ਤੇ ਭਰਮ’ ਉਧਾਰੇ ਲੈਂਦੀ ਹੈ।
ਹਰ ਭਾਈਚਾਰੇ, ਫ਼ਿਰਕੇ, ਧਰਮ, ਕੌਮ, ਨਸਲ ਆਦਿ ਨੂੰ ਆਪਣੇ ਅਤੀਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਅਤੀਤ ਵਿਚ ਜਿੱਤਾਂ, ਹਾਰਾਂ, ਜਬਰ ਕਰਨ ਤੇ ਜਬਰ ਸਹਿਣ ਦੀਆਂ ਦਾਸਤਾਨਾਂ, ਨਾਇਕ-ਅਨਾਇਕ-ਖਲਨਾਇਕ, ਦੁਸ਼ਵਾਰੀਆਂ, ਮਜਬੂਰੀਆਂ, ਸੁਹਜ-ਕੁਹਜ, ਪ੍ਰਾਪਤੀਆਂ, ਅਪ੍ਰਾਪਤੀਆਂ, ਮੰਜ਼ਿਲ ’ਤੇ ਪਹੁੰਚਣ ਤੇ ਮੰਜ਼ਿਲਾਂ ਤੋਂ ਖੁੰਝਣ ਦੀਆਂ ਕਹਾਣੀਆਂ, ਸਭ ਕੁਝ ਪਿਆ ਹੁੰਦਾ ਹੈ। ਕਿਸੇ ਵੀ ਲੋਕ-ਸਮੂਹ ਲਈ ਅਤੀਤ ਦੀ ਜਟਿਲਤਾ ਦਾ ਸਾਹਮਣਾ ਕਰਨਾ ਜ਼ੋਖ਼ਮ ਭਰਿਆ ਕਾਰਜ ਹੁੰਦਾ ਹੈ। ਹਰ ਕੋਈ ਆਪਣੇ ਲੋਕ-ਸਮੂਹ ਦੀਆਂ ਜਿੱਤਾਂ, ਨਾਇਕਤੱਵ ਨਾਲ ਭਰੇ ਕਾਰਜਾਂ, ਆਪਣੇ ਸਹੀ ਤੇ ਸੁਖੀ ਹੋਣ ਦੀਆਂ ਦਾਸਤਾਨਾਂ ਨੂੰ ਯਾਦ ਕਰਨਾ ਚਾਹੁੰਦਾ ਹੈ; ਕੋਈ ਵੀ ਲੋਕ-ਸਮੂਹ ਬੀਤੇ ਵਿਚ ਹੋਏ ਗੁਨਾਹਾਂ, ਜਬਰ-ਜ਼ੁਲਮ, ਭੁੱਲਾਂ ਆਦਿ ਨੂੰ ਯਾਦ ਕਰਨ ਦਾ ਹੀਆ ਨਹੀਂ ਕਰਦਾ। ਲੋਕ-ਸਮੂਹ ਸਿੱਧਾ ਤੇ ਸਰਲ ਰਸਤਾ ਅਪਣਾਉਂਦੇ ਹਨ, ਉਹ ਆਪਣੇ ਇਤਿਹਾਸ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਜਿਸ ਵਿਚ ਇਹ ਧੁਨੀ ਗੂੰਜਦੀ ਹੈ, ‘‘ਅਸੀਂ ਮਹਾਨ ਸਾਂ, ਅਸੀਂ ਮਹਾਨ ਹਾਂ ਅਤੇ ਮਹਾਨ ਬਣੇ ਰਹਾਂਗੇ।’’ ਇਤਿਹਾਸ ਵਿਚੋਂ ਉਹ ਪਲ ਚੁਣ ਲਏ ਜਾਂਦੇ ਹਨ ਜਦੋਂ ਲੋਕ-ਸਮੂਹ ’ਤੇ ਜਬਰ ਹੋਇਆ ਤੇ ਆਪਣੇ ਆਪ ਨੂੰ ਪੀੜਤ ਧਿਰ ਬਣਾ ਲਿਆ ਜਾਂਦਾ ਹੈ ਅਤੇ ਦੂਸਰੇ ਲੋਕ-ਸਮੂਹ ਨੂੰ ਦੁਸ਼ਮਣਾਂ ਵਜੋਂ ਚਿਤਰਿਆ ਜਾਂਦਾ ਹੈ; ਆਪਣੀ ਮਹਾਨਤਾ ਦਾ ਡੌਰੂ ਵਜਾਉਂਦਿਆਂ ਦੂਸਰੇ ਲੋਕ-ਸਮੂਹਾਂ ਪ੍ਰਤੀ ਨਫ਼ਰਤ ਪੈਦਾ ਕੀਤੀ ਜਾਂਦੀ ਹੈ। ਬੀਤੇ ਦੇ ਨਾਇਕਾਂ ਨੂੰ ਮਹਾਂ-ਨਾਇਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਖਲਨਾਇਕਾਂ ਨੂੰ ਭੁਲਾ ਦਿੱਤਾ ਜਾਂਦਾ ਹੈ; ਕਈ ਵਾਰ ਖਲਨਾਇਕ ਵੀ ਨਾਇਕ ਬਣਾ ਦਿੱਤੇ ਜਾਂਦੇ ਹਨ।
ਮਨੁੱਖੀ ਇਤਿਹਾਸ ਵਿਚ ‘ਅਸੀਂ ਤੇ ਸਿਰਫ਼ ਅਸੀਂ ਮਹਾਨ, ਚੰਗੇ, ਗੁਣਵਾਨ ਤੇ ਚਰਿੱਤਰਵਾਨ ਹਾਂ’ ਦੇ ਢੋਲ ਨੂੰ ਲੋਕ-ਮਨ ਵਿਚ ਨਿਰੰਤਰ ਵਜਾਇਆ ਗਿਆ ਹੈ। ਇਸ ਤੋਂ ਪੈਦਾ ਹੋਏ ਨਾਦ ਨੇ ਲੋਕਾਈ ਨੂੰ ਵਿਤਕਰਿਆਂ ਤੇ ਤੁਅੱਸਬ ਭਰੇ ਦ੍ਰਿਸ਼ਟੀਕੋਣ ਦਿੱਤੇ ਹਨ; ਇਕ ਲੋਕ-ਸਮੂਹ ਨੂੰ ਦੂਸਰੇ ਨਾਲ ਘਿਰਣਾ ਕਰਨੀ ਸਿਖਾਈ ਹੈ। ਸਾਂਝੀਵਾਲਤਾ ਦੇ ਪੈਰੋਕਾਰਾਂ ਨੇ ਇਨ੍ਹਾਂ ਤੁਅੱਸਬਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਕੋਸ਼ਿਸ਼ਾਂ ਕਾਰਨ ਮਨੁੱਖਤਾ ਨੇ ਸਕਾਰਾਤਮਕ ਰਾਹਾਂ ’ਤੇ ਤੁਰ ਕੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਪਰ ਵਾਰ ਵਾਰ ਸ੍ਵੈ-ਮਹਾਨਤਾ ਦੀ ਧੁਨੀ ਲੋਕ-ਸਮੂਹਾਂ ਵਿਚ ਪਰਤਦੀ ਅਤੇ ਉਨ੍ਹਾਂ ਨੂੰ ਦੂਸਰੇ ਲੋਕ-ਸਮੂਹਾਂ ਨਾਲ ਨਫ਼ਰਤ ਕਰਨ ਵੱਲ ਧੱਕਦੀ ਹੈ। ਇਸ ਧੱਕਮ-ਧੇਲ ਪਿੱਛੇ ਆਰਥਿਕ ਕਾਰਨ ਵੀ ਪਏ ਹੁੰਦੇ ਹਨ। ਇਕ ਲੋਕ-ਸਮੂਹ ਜਿੱਥੇ ਦੂਸਰੇ ਲੋਕ-ਸਮੂਹਾਂ ’ਤੇ ਸਿਆਸੀ ਤੇ ਸਮਾਜਿਕ ਗਲਬਾ ਪਾਉਣਾ ਲੋਚਦਾ ਹੈ, ਉੱਥੇ ਉਹ ਆਰਥਿਕ ਪੱਖ ਤੋਂ ਮਜ਼ਬੂਤ ਵੀ ਹੋਣਾ ਚਾਹੁੰਦਾ ਹੈ; ਕਿਤੇ ਕੋਈ ਲੋਕ-ਸਮੂਹ ਪੱਛੜੀ ਆਰਥਿਕਤਾ ਕਾਰਨ ਖ਼ੁਦ ਨਿਰਾਸ਼ਾ ਤੇ ਮਾਯੂਸੀ ਦਾ ਸ਼ਿਕਾਰ ਹੁੰਦਾ ਹੈ ਅਤੇ ਕਿਤੇ ਵੱਡੀਆਂ ਆਰਥਿਕ ਸ਼ਕਤੀਆਂ ਲੋਕ-ਸਮੂਹਾਂ ਨੂੰ ਇਕ-ਦੂਸਰੇ ਵਿਰੁੱਧ ਖੜ੍ਹੇ ਕਰ ਦਿੰਦੀਆਂ ਹਨ।
ਸਮੂਹਿਕ ਸ੍ਵੈ-ਮਹਾਨਤਾ ਦੇ ਰਾਗ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ; ਮੁਸ਼ਕਲ ਇਸ ਲਈ ਕਿਉਂਕਿ ਇਸ ਰਾਗ ਨੂੰ ਗਾਉਂਦਿਆਂ ਮਨੁੱਖ ਆਪਣੇ ਆਪ ਨੂੰ ਆਪਣੇ ਲੋਕ-ਸਮੂਹ ਦਾ ਹਿੱਸਾ ਬਣਿਆ ਮਹਿਸੂਸ ਕਰਦਾ ਅਤੇ ਖ਼ੁਦ ਨੂੰ ਮਹਾਨ ਹੋਣ ਦੇ ਭਰਮ-ਜਾਲ ਵਿਚ ਉਲਝਾਉਂਦਾ ਚਲਾ ਜਾਂਦਾ ਹੈ; ਇਹ ਭਰਮ-ਜਾਲ ਬੰਦੇ ਨੂੰ ਸੰਮੋਹਨ (hypnosis) ਵਿਚ ਬੰਨ੍ਹ ਲੈਂਦਾ ਹੈ; ਇਸ ਭਰਮ-ਜਾਲ ਨੂੰ ਸਿਰਫ਼ ਦੋ ਹੀ ਤਾਕਤਾਂ ਤੋੜ ਸਕਦੀਆਂ ਹਨ: ਮਨੁੱਖ ਦੀ ਸੂਝ ਤੇ ਤਰਕਸ਼ੀਲਤਾ।
ਦੁਖਾਂਤ ਇਹ ਹੈ ਕਿ ਸਾਡੇ ਦੇਸ਼ ਵਿਚ ਲੋਕਾਂ ਨੂੰ ਤਰਕਸ਼ੀਲਤਾ ਅਤੇ ਸੂਝ ਤੋਂ ਦੂਰ ਕਰਨ ਦਾ ਮਹਾਂ-ਯਤਨ ਆਰੰਭਿਆ ਗਿਆ ਹੈ। ਕੋਈ ਵੀ ਫ਼ਿਰਕਾ, ਭਾਈਚਾਰਾ, ਧਾਰਮਿਕ ਜਾਂ ਕਬਾਇਲੀ ਲੋਕ-ਸਮੂਹ ਆਪਣੇ ਅਤੀਤ ਤੇ ਵਰਤਮਾਨ ਨੂੰ ਤਰਕਸ਼ੀਲਤਾ ਦੇ ਸ਼ੀਸ਼ਿਆਂ ਰਾਹੀਂ ਨਹੀਂ ਦੇਖਣਾ ਚਾਹੁੰਦਾ; ਲੋਕਾਂ ਨੂੰ ਪੁਰਾਣੇ ਸਮਿਆਂ ਦੀ ਹਕੀਕੀ ਤੇ ਕਲਪਿਤ ਮਹਾਨਤਾ ਦੀ ਚਾਸ਼ਨੀ ਪਿਲਾ ਕੇ ਵਰਤਮਾਨ ਦੀਆਂ ਹਕੀਕਤਾਂ ਤੋਂ ਬੇਗਾਨਿਆਂ ਕੀਤਾ ਜਾ ਰਿਹਾ ਹੈ।
ਮਨੀਪੁਰ ਦੀਆਂ ਘਟਨਾਵਾਂ ਨੇ ਦਿਖਾਇਆ ਹੈ ਕਿ ਲੋਕਾਂ ਨੂੰ ਭਾਵਨਾਵਾਂ ਦੇ ਅਜਿਹੇ ਰਾਹ-ਰਸਤਿਆਂ ’ਤੇ ਧੱਕਿਆ ਗਿਆ ਜਿੱਥੇ ਸੂਝ ਤੇ ਤਰਕਸ਼ੀਲਤਾ ਗਾਇਬ ਸਨ; ਉਨ੍ਹਾਂ ਨੂੰ ਨਫ਼ਰਤ ਤੇ ਹਿੰਸਾ ਦੀਆਂ ਭਾਵਨਾਵਾਂ ਦਾ ਮਿੱਠਾ ਜ਼ਹਿਰ ਦਿੱਤਾ ਗਿਆ। ਇਹੀ ਕੰਮ ਹਰਿਆਣੇ ਦੇ ਨੂਹ ਜ਼ਿਲ੍ਹੇ ਵਿਚ ਕੀਤਾ ਗਿਆ। ਦੁਖਾਂਤ ਇਹ ਹੈ ਕਿ ਰਿਆਸਤ/ਸਟੇਟ ਨੇ ਇਸ ਵਰਤਾਰੇ ਵਿਚ ਸਰਗਰਮ ਭੂਮਿਕਾ ਨਿਭਾਈ।
ਮਨੀਪੁਰ ਦੇ ਹਾਲਾਤ ਸਿਰਫ਼ ਇਤਿਹਾਸਕ-ਮਿਥਿਹਾਸਕ ਗਾਥਾਵਾਂ, ਪੁਰਾਣੇ ਵੈਰ-ਵਿਰੋਧਾਂ ਤੇ ਨਸਲੀ ਵਿਤਕਰਿਆਂ ਤੋਂ ਨਹੀਂ ਉਪਜੇ, ਉਹ ਅਤੀਤ ਅਤੇ ਵਰਤਮਾਨ ਦੀਆਂ ਆਰਥਿਕ ਸਥਿਤੀਆਂ ਨਾਲ ਵੀ ਜੁੜੇ ਹੋਏ ਹਨ; ਕਿਸ ਫ਼ਿਰਕੇ ਨੂੰ ਨੌਕਰੀਆਂ ਜ਼ਿਆਦਾ ਮਿਲਦੀਆਂ ਹਨ, ਜ਼ਮੀਨ ’ਤੇ ਹੁਣ ਕਿਸ ਫ਼ਿਰਕੇ ਦੇ ਲੋਕਾਂ ਦਾ ਕਬਜ਼ਾ ਹੈ ਅਤੇ ਬਾਅਦ ਵਿਚ ਕਿਨ੍ਹਾਂ ਦਾ ਹੋਵੇਗਾ, ਕਬਾਇਲੀ ਲੋਕਾਂ ਨੂੰ ਜ਼ਮੀਨ ’ਤੇ ਮਿਲੇ ਹੱਕ ਬਣੇ ਰਹਿਣਗੇ ਜਾਂ ਖੁੱਸ ਜਾਣਗੇ ਆਦਿ। ਇਨ੍ਹਾਂ ਆਰਥਿਕ ਸੱਚਾਈਆਂ ਦਾ ਸਾਹਮਣਾ ਕਰਨ ਦੀ ਥਾਂ ਪੁਰਾਣੇ ਵੈਰ-ਵਿਰੋਧ ਨੂੰ ਉਭਾਰ ਕੇ ਨਫ਼ਰਤ ਤੇ ਹਿੰਸਾ ਭੜਕਾਈ ਜਾਂਦੀ ਹੈ। ਨੂਹ ਵਿਚ ਹੋਈ ਹਿੰਸਾ ਦੀ ਨੌਈਅਤ ਵੱਖਰੀ ਹੈ; ਉਹ ਘੱਟਗਿਣਤੀ ਫ਼ਿਰਕੇ ਵਿਰੁੱਧ ਨਫ਼ਰਤ ਭੜਕਾ ਕੇ ਬਹੁਗਿਣਤੀ ਫ਼ਿਰਕੇ ਦੀਆਂ ਵੋਟਾਂ ਹਾਸਲ ਕਰਨ ਦਾ ਯਤਨ ਹੈ।
ਨੂਹ ਵਿਚ ਹੋਈ ਹਿੰਸਾ ਦੀ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਗੱਲ ਪ੍ਰਸ਼ਾਸਨ ਅਤੇ ਪੁਲੀਸ ਦੀ ਭੂਮਿਕਾ ਬਾਰੇ ਹੈ। ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੁਆਰਾ ਕੱਢੀ ਜਾਣ ਵਾਲੀ ਜਲਅਭਿਸ਼ੇਕ ਯਾਤਰਾ ਨੇ ਸੂਬੇ ਦੀ ਸਭ ਤੋਂ ਵੱਧ ਮੁਸਲਿਮ ਵਸੋਂ ਵਾਲੇ ਜ਼ਿਲ੍ਹੇ ਵਿਚੋਂ ਗੁਜ਼ਰਨਾ ਸੀ: ਜਿਸ ਦਿਨ ਉਸ ਨੇ ਗੁਜ਼ਰਨਾ ਸੀ, ਉਸ ਦਿਨ ਜ਼ਿਲ੍ਹੇ ਦਾ ਪੁਲੀਸ ਮੁਖੀ ਛੁੱਟੀ ’ਤੇ ਸੀ ਅਤੇ ਕੋਈ ਵਾਧੂ ਸੁਰੱਖਿਆ ਬਲ ਤਾਇਨਾਤ ਨਹੀਂ ਕੀਤੇ ਗਏ। ਦੂਸਰਾ ਪਰੇਸ਼ਾਨ ਕਰਨ ਵਾਲਾ ਤੱਥ ਉਹ ਕਵਾਇਦ ਹੈ ਜੋ ਕੁਝ ਸਮੇਂ ਤੋਂ ਦੁਹਰਾਈ ਜਾ ਰਹੀ ਹੈ: ਬਹੁਗਿਣਤੀ ਫ਼ਿਰਕੇ ਨਾਲ ਸਬੰਧਿਤ ਜਥੇਬੰਦੀਆਂ ਧਾਰਮਿਕ ਜਲੂਸ ਕੱਢਦੀਆਂ ਹਨ; ਉਨ੍ਹਾਂ ਜਲੂਸਾਂ ਵਿਚ ਲੋਕ ਹਥਿਆਰ ਲੈ ਕੇ ਜਾਂਦੇ ਅਤੇ ਹਥਿਆਰਾਂ ਨੂੰ ਲਹਿਰਾਉਂਦੇ ਹੋਏ ਉਤੇਜਨਾ ਪੈਦਾ ਕਰਨ ਵਾਲੇ ਨਾਅਰੇ ਲਾਉਂਦੇ ਹਨ; ਨਾਲ ਨਾਲ ਸੋਸ਼ਲ ਮੀਡੀਆ ’ਤੇ ਭੜਕਾਊ ਪ੍ਰਚਾਰ ਦਾ ਝੱਖੜ ਝੁੱਲਦਾ ਹੈ; ਇਹ ਜਲੂਸ ਘੱਟਗਿਣਤੀ ਫ਼ਿਰਕਿਆਂ ਦੀਆਂ ਆਬਾਦੀਆਂ ’ਚੋਂ ਗੁਜ਼ਰਦੇ ਅਤੇ ਭੜਕਾਊ ਕਾਰਵਾਈਆਂ ਕਰਨੀਆਂ ਜਾਰੀ ਰੱਖਦੇ ਹਨ; ਘੱਟਗਿਣਤੀ ਫ਼ਿਰਕੇ ਦੇ ਲੋਕ ਪਥਰਾਅ ਕਰਦੇ ਹਨ; ਫਿਰ ਪੁਲੀਸ ਦੀ ਕਾਰਵਾਈ ਸ਼ੁਰੂ ਹੁੰਦੀ ਹੈ; ਸਿਖਰ ਘਰਾਂ, ਦੁਕਾਨਾਂ ਤੇ ਝੁੱਗੀਆਂ ’ਤੇ ਬੁਲਡੋਜ਼ਰ ਫੇਰਨ ਨਾਲ ਹੁੰਦੀ ਹੈ। ਇਸ ਸਭ ਕੁਝ ਦਾ ਨਤੀਜਾ ਇਹ ਨਿਕਲਦਾ ਹੈ ਕਿ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਦੇ ਮਨਾਂ ਵਿਚ ਡਰ ਤੇ ਸਹਿਮ ਪੈਦਾ ਹੁੰਦਾ ਹੈ ਅਤੇ ਕੱਟੜਪੰਥੀ ਜਥੇਬੰਦੀਆਂ ਮਜ਼ਬੂਤ ਹੁੰਦੀਆਂ ਹਨ। ਬੁਲਡੋਜ਼ਰ ਰਾਹੀਂ ‘ਨਿਆਂ’ ਕਰਨ ਦੇ ਵਰਤਾਰੇ ਨੂੰ ਏਨੀ ਸਰਕਾਰੀ ਤੇ ਪ੍ਰਸ਼ਾਸਕੀ ਸਰਪ੍ਰਸਤੀ ਮਿਲੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਵਿਚ ਦਖ਼ਲ ਦਿੱਤਾ ਅਤੇ ਸਖ਼ਤ ਭਾਸ਼ਾ ਵਰਤੀ।
ਬੁਲਡੋਜ਼ਰਾਂ ਰਾਹੀਂ ‘ਨਿਆਂ’ ਕਰਨ ਦੇ ਰੁਝਾਨ ’ਤੇ ਸਵਾਲ ਉਠਾਏ ਜਾਣੇ ਸੁਭਾਵਿਕ ਹਨ। ਇਹ ਤੱਥ ਇਕੱਠੇ ਕੀਤੇ ਜਾਣੇ ਚਾਹੀਦੇ ਹਨ ਕਿ ਬੁਲਡੋਜ਼ਰਾਂ ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਵਿਚ ਹੁਣ ਤਕ ਕਿਹੜੇ ਤੇ ਕਿੰਨੇ ਲੋਕ ਪ੍ਰਭਾਵਿਤ ਹੋਏ ਹਨ; ਉਨ੍ਹਾਂ ਲੋਕਾਂ ਨੂੰ ਆਮ ਕਰਕੇ ਗ਼ੈਰ-ਕਾਨੂੰਨੀ ਤੌਰ ’ਤੇ ਕਬਜ਼ੇ ਕਰਨ ਵਾਲੇ ਤੇ ਘੁਸਪੈਠੀਏ ਗਰਦਾਨਿਆ ਜਾਂਦਾ ਹੈ; ਜੇ ਉਹ ਘੁਸਪੈਠੀਏ ਸਨ ਤਾਂ ਇਹ ਜਾਣਕਾਰੀ ਜਨਤਕ ਕੀਤੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ ਵਿਚੋਂ ਕਿੰਨੇ ਗ੍ਰਿਫ਼ਤਾਰ ਹੋਏ ਅਤੇ ਇਹ ਸਿੱਧ ਹੋਇਆ ਕਿ ਉਨ੍ਹਾਂ ਦਾ ਸਬੰਧ ਕਿਸ ਬਾਹਰਲੇ ਦੇਸ਼ ਨਾਲ ਸੀ। ਪਿਛਲੇ ਸਾਲ ਦਿੱਲੀ ਵਿਚ ਹੋਈਆਂ ਧਾਰਮਿਕ ਯਾਤਰਾਵਾਂ ਦੌਰਾਨ ਵੀ ਇਹੀ ਸਵਾਲ ਉੱਭਰੇ ਸਨ।
ਮਨੀਪੁਰ ਵਿਚ ਸਿਖ਼ਰ ਦੀ ਇਕਪਾਸੜ ਭੂਮਿਕਾ ਨੇ ਰਿਆਸਤ/ਸਟੇਟ ਨੂੰ ਬੇਵੱਸੀ ਤੇ ਬੇਬਸੀ ਵਾਲੀ ਸਥਿਤੀ ਵੱਲ ਧੱਕ ਦਿੱਤਾ ਹੈ। ਪੁਲੀਸ ਦੇ ਅਸਲਾਖ਼ਾਨਿਆਂ ’ਚੋਂ ਹਜ਼ਾਰਾਂ ਦੀ ਗਿਣਤੀ ਵਿਚ ਹਥਿਆਰ ਅਤੇ ਲੱਖਾਂ ਦੀ ਗਿਣਤੀ ਵਿਚ ਗੋਲੀਆਂ ਦਾ ਲੁੱਟੇ ਜਾਣਾ ਰਿਆਸਤ/ਸਟੇਟ ਦੀ ਬੇਵੱਸੀ ਨੂੰ ਜ਼ਾਹਿਰ ਹੀ ਨਹੀਂ ਕਰਦਾ ਸਗੋਂ ਇਹ ਸਵਾਲ ਵੀ ਖੜ੍ਹੇ ਕਰਦਾ ਹੈ ਕਿ ਹੁਣ ਕੀ ਹੋਵੇਗਾ; ਜਦੋਂ ਰਿਆਸਤ/ਸਟੇਟ ਇਕ ਫ਼ਿਰਕੇ ਦੀ ਪਿੱਠ ’ਤੇ ਖੜ੍ਹੀ ਹੋ ਕੇ ਦੂਸਰੇ ਫ਼ਿਰਕੇ ਦੇ ਲੋਕਾਂ ਪ੍ਰਤੀ ਵਿਤਕਰਿਆਂ ਭਰਿਆ ਵਤੀਰਾ ਅਪਣਾ ਲਵੇ ਤਾਂ ਲੋਕਾਂ ਕੋਲ ਕੀ ਰਸਤਾ ਬਚਦਾ ਹੈ? ਮਨੀਪੁਰ ਲਈ ਇਹ ਸਮਾਂ ਅਤਿਅੰਤ ਨਾਜ਼ੁਕ ਹੈ। ਹਜ਼ਾਰਾਂ ਲੋਕਾਂ ਤੇ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ। ਅਜਿਹੇ ਨਿਰਾਸ਼ਾਮਈ ਸਮਿਆਂ ਵਿਚ ਹੀ ਮਨੁੱਖ ਆਪਣੇ ਆਪ ਨੂੰ ਇਹੋ ਜਿਹੇ ਸਵਾਲ ਪੁੱਛਦਾ ਹੈ ਕਿ ਉਹ ਇਸ ਦੁਨੀਆ ’ਤੇ ਕਿਉਂ ਆਇਆ; ਜ਼ਿੰਦਗੀ ਦਾ ਮਨੋਰਥ ਕੀ ਹੈ?
ਅਜਿਹੇ ਨਾਜ਼ੁਕ ਸਮਿਆਂ ਵਿਚ ਦੇਸ਼ ਦੀਆਂ ਜਮਹੂਰੀ ਤਾਕਤਾਂ ਨੂੰ ਇਕੱਠੀਆਂ ਹੋ ਕੇ ਇਨ੍ਹਾਂ ਖ਼ਤਰਨਾਕ ਰੁਝਾਨਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ।
(‘‘ਅਸੀਂ ਮਹਾਨ ਸਾਂ, ਅਸੀਂ ਮਹਾਨ ਹਾਂ ਅਤੇ ਮਹਾਨ ਬਣੇ ਰਹਾਂਗੇ।’’ ਦੀ ਸ਼ਬਦਕਾਰੀ ਲਈ ਇਤਿਹਾਸਕਾਰ ਕਨਿਕਾ ਸਿੰਘ ਦਾ ਧੰਨਵਾਦ।)