ਨਵੀਂ ਦਿੱਲੀ, 13 ਅਗਸਤ
ਭਾਰਤ ਵੱਲੋਂ ਅਰਬਪਤੀ ਭਗੌੜੇ ਕਾਰੋਬਾਰੀਆਂ ਵਿਜੈ ਮਾਲੀਆ ਤੇ ਨੀਰਵ ਮੋਦੀ ਨੂੰ ਵਾਪਸ ਦੇਸ਼ ਲਿਆਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਰਮਿਆਨ ਬਰਤਾਨੀਆ ਦੇ ਰੱਖਿਆ ਮੰਤਰੀ ਟੌਮ ਟਗੇਂਡਹਾਟ ਨੇ ਕਿਹਾ ਕਿ ਯੂਕੇ ਦਾ ਅਜਿਹੀ ਥਾਂ ਬਣਨ ਦਾ ਕੋਈ ਇਰਾਦਾ ਨਹੀਂ ਹੈ, ਜਿੱਥੇ ਅਦਾਲਤੀ ਕਾਰਵਾਈ ਤੋਂ ਬਚਣ ਦੀ ਕੋਸ਼ਿਸ਼ ਕਰਨ ਵਾਲੇ ਲੁਕ ਸਕਦੇ ਹਨ। ਰੱਖਿਆ ਮੰਤਰੀ ਨੇ ਵਿਸ਼ੇਸ਼ ਮਾਮਲਿਆਂ ਦਾ ਹਵਾਲਾ ਦਿੱਤੇ ਬਿਨਾਂ ਕਿਹਾ ਕਿ ਹਵਾਲਗੀ ਨਾਲ ਸਬੰਧਤ ਮਾਮਲਿਆਂ ਵਿੱਚ ਕਾਨੂੰਨੀ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। ਟਗੇਂਡਹਾਟ ਨੇ ਕਿਹਾ ਕਿ ਯੂਕੇ ਨੇ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਤੇ ਇਸ ਦੇ ਸਟਾਫ਼ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਤੇ ਜ਼ਰੂਰੀ ਉਪਰਾਲੇ ਕੀਤੇ ਹਨ।
ਟਗੇਂਡਹਾਟ, ਜੋ ਜੀ-20 ਐਂਟੀ-ਕਰੱਪਸ਼ਨ ਮਨਿਸਟੀਰੀਅਲ ਮੀਟਿੰਗ ਵਿੱਚ ਸ਼ਾਮਲ ਹੋਣ ਲਈ 10 ਤੋਂ 12 ਅਗਸਤ ਨੂੰ ਤਿੰਨ ਰੋਜ਼ਾ ਫੇਰੀ ਤਹਿਤ ਭਾਰਤ ਵਿੱਚ ਸਨ, ਨੇ ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ, ‘‘ਯੂਕੇ ਤੇ ਭਾਰਤ, ਦੋਵਾਂ ਦੀਆਂ ਕੁਝ ਕਾਨੂੰਨੀ ਪ੍ਰਕਿਰਿਆਵਾਂ ਹਨ, ਜਿਨ੍ਹਾਂ ਦੀ ਪਾਲਣਾ ਜ਼ਰੂਰੀ ਹੈ। ਪਰ ਯੂਕੇ ਸਰਕਾਰ ਇਸ ਗੱਲੋਂ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਬਰਤਾਨੀਆ ਦਾ ਅਜਿਹੀ ਥਾਂ ਬਣਨ ਦਾ ਕੋਈ ਇਰਾਦਾ ਨਹੀਂ ਹੈ, ਜਿੱਥੇ ਅਦਾਲਤੀ ਕਾਰਵਾਈ ਤੋਂ ਭੱਜਣ ਵਾਲੇ ਲੁਕ ਸਕਣ।’’ ਚੇਤੇ ਰਹੇ ਕਿ ਭਾਰਤ ਦੇ ਸਰਕਾਰੀ ਬੈਂਕਾਂ ਨਾਲ ਕਥਿਤ ਲੱਖਾਂ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਮਾਲਿਆ ਤੇ ਨੀਰਵ ਮੋਦੀ, ਦੋਵੇਂ ਇਸੇ ਵੇਲੇ ਯੂਕੇ ਵਿੱਚ ਹਨ ਤੇ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਲਈ ਸਰਕਾਰ ਵੱਲੋੋਂ ਅਦਾਲਤੀ ਚਾਰਾਜੋਈ ਕੀਤੀ ਜਾ ਰਹੀ ਹੈ। -ਪੀਟੀਆਈ