ਵਾਇਨਾਡ(ਕੇਰਲਾ), 13 ਅਗਸਤ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸੱਤਾਧਾਰੀ ਭਾਜਪਾ ’ਤੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਆਦਿਵਾਸੀ ਭਾਈਚਾਰਿਆਂ ਨੂੰ ਜੰਗਲਾਂ ਤੱਕ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਦਿਵਾਸੀ ਜੰਗਲਾਂ ਦੇ ਅਸਲ ਮਾਲਕ ਹਨ, ਪਰ ਕੇਂਦਰ ਸਰਕਾਰ ਉਨ੍ਹਾਂ ਨੂੰ ਆਦਿਵਾਸੀ ਦੀ ਥਾਂ ‘ਵਨਵਾਸੀ’ ਆਖ ਕੇ ਉਨ੍ਹਾਂ ਨੂੰ ਮਾਲਕੀ ਹੱਕ ਦੇਣ ਤੋਂ ਭੱਜ ਰਹੀ ਹੈ। ਆਪਣੇ ਸੰਸਦੀ ਹਲਕੇ ਦੀ ਦੋ ਰੋਜ਼ਾ ਫੇਰੀ ’ਤੇ ਆਏ ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਆਦਿਵਾਸੀਆਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਖੋਹ ਕੇ ਸਨਅਤਕਾਰਾਂ ਨੂੰ ਸੌਂਪ ਰਹੀ ਹੈ। ਰਾਹੁਲ ਨੇ ਆਪਣੀ ਫੇਰੀ ਦੇ ਦੂਜੇ ਦਿਨ ਵੇਟਲਿਫਟਰ ਅੰਜਨਾ ਸ੍ਰੀਜੀਤ ਨਾਲ ਵੀ ਮੁਲਾਕਾਤ ਕੀਤੀ। ਸ੍ਰੀਜੀਤ ਨੇ ਹਾਲੀਆ ਏਸ਼ੀਅਨ ਯੂਥ ਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ