ਨਵੀਂ ਦਿੱਲੀ, 13 ਅਗਸਤ
ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਵਿੱਚ ਮਿਲੀ ਖਿਤਾਬੀ ਜਿੱਤ ਸਦਕਾ ਭਾਰਤ ਐੱਫਆਈਐੱਚ ਦਰਜਾਬੰਦੀ ਵਿਚ ਤੀਜੇ ਸਥਾਨ ’ਤੇ ਪੁੱਜ ਗਿਆ ਹੈ। ਏਸ਼ਿਆਈ ਖੇਡਾਂ ਤੋਂ ਪਹਿਲਾਂ ਦਰਜਾਬੰਦੀ ਵਿੱਚ ਉਛਾਲ ਨਾਲ ਭਾਰਤੀ ਹਾਕੀ ਟੀਮ ਨੂੰ ਵੱਡਾ ਹੁਲਾਰਾ ਮਿਲੇਗਾ। ਤੀਜੇ ਸਥਾਨ ’ਤੇ ਕਾਬਜ਼ ਭਾਰਤ ਦੇ 2771.35 ਅੰਕ ਹਨ। ਨੀਦਰਲੈਂਡਜ਼ 3095.90 ਨੁਕਤਿਆਂ ਨਾਲ ਪਹਿਲੇ ਤੇ ਬੈਲਜੀਅਮ (2917.87 ਨੁਕਤੇ) ਦੂਜੇ ਸਥਾਨ ’ਤੇ ਹਨ। ਇੰਗਲੈਂਡ 2763.50 ਨੁਕਤਿਆਂ ਨਾਲ ਚੌਥੇ ਸਥਾਨ ’ਤੇ ਕਾਬਜ਼ ਹੈ। ਐੱਫਆਈਐੈੱਚ ਦਰਜਾਬੰਦੀ ਵਿੱਚ ਸਾਲ 2021 ਮਗਰੋਂ ਦੂਜੀ ਵਾਰ ਹੈ ਜਦੋਂ ਭਾਰਤ ਤੀਜੇ ਸਥਾਨ ’ਤੇ ਪਹੁੰਚਿਆ ਹੈ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੁਰਸ਼ ਹਾਕੀ ਟੀਮ ਨੇ ਲੰਘੇ ਦਿਨ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਖਿਤਾਬ ਜਿੱਤਿਆ ਸੀ। -ਪੀਟੀਆਈ