ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ 77ਵੇਂ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਭਲਕੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਭਵਨ ਮੁਤਾਬਕ ਉਨ੍ਹਾਂ ਦੇ ਭਾਸ਼ਨ ਦਾ ਪ੍ਰਸਾਰਣ ਸੋਮਵਾਰ ਸ਼ਾਮ ਸੱਤ ਵਜੇ ਤੋਂ ਆਕਾਸ਼ਵਾਣੀ ਦੇ ਕੌਮੀ ਨੈੱਟਵਰਕ ਅਤੇ ਦੂਰਦਰਸ਼ਨ ਦੇ ਸਾਰੇ ਚੈਨਲਾਂ ’ਤੇ ਹੋਵੇਗਾ। ਬਾਅਦ ’ਚ ਭਾਸ਼ਨ ਦਾ ਖੇਤਰੀ ਭਾਸ਼ਾਵਾਂ ’ਚ ਪ੍ਰਸਾਰਣ ਕੀਤਾ ਜਾਵੇਗਾ। ਆਕਾਸ਼ਵਾਣੀ ’ਤੇ ਖੇਤਰੀ ਭਾਸ਼ਾਵਾਂ ’ਚ ਅਨੁਵਾਦ ਰਾਤ ਸਾਢੇ 9 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਉਧਰ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਲਈ ਉਸਾਰੀ ਕਾਮਿਆਂ, ਕਿਸਾਨਾਂ, ਮਜ਼ਦੂਰਾਂ, ਅਧਿਆਪਕਾਂ, ਨਰਸਾਂ ਅਤੇ ਮੈਡੀਕਲ ਸਟਾਫ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੱਖ ਵੱਖ ਕੰਮ-ਧੰਦਿਆਂ ਨਾਲ ਜੁੜੇ ਕਰੀਬ 1800 ਲੋਕਾਂ ਨੂੰ ਆਪਣੇ ਜੀਵਨ ਸਾਥੀ ਨਾਲ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ’ਤੇ ਹੋਣ ਵਾਲੇ ਸਮਾਗਮ ’ਚ ਸ਼ਿਰਕਤ ਕਰਨ ਲਈ ਸੱਦਾ ਭੇਜਿਆ ਗਿਆ ਹੈ।
ਇਨ੍ਹਾਂ ਵਿਸ਼ੇਸ਼ ਮਹਿਮਾਨਾਂ ’ਚ 400 ਤੋਂ ਜ਼ਿਆਦਾ ਸਰਪੰਚ, ਕਿਸਾਨ ਉਤਪਾਦਕ ਸੰਸਥਾਨ ਯੋਜਨਾ ਦੇ 250, ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ 50-50 ਅਤੇ ਸੈਂਟਰਲ ਵਿਸਟਾ ਪ੍ਰਾਜੈਕਟ ਦੇ 50 ਸ਼੍ਰੱਮ ਯੋਗੀ ਸ਼ਾਮਲ ਹਨ। ਹਰੇਕ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 75 ਜੋੜੇ ਆਪਣੀਆਂ ਰਵਾਇਤੀ ਪੁਸ਼ਾਕਾਂ ’ਚ ਆਜ਼ਾਦੀ ਦਿਹਾੜੇ ਦੇ ਜਸ਼ਨ ਦੇਖਣ ਲਈ ਉਚੇਚੇ ਤੌਰ ’ਤੇ ਸੱਦੇ ਗਏ ਹਨ। ਰਾਜਧਾਨੀ ’ਚ 12 ਥਾਵਾਂ ’ਤੇ ਵੱਖ ਵੱਖ ਸਰਕਾਰੀ ਯੋਜਨਾਵਾਂ ਨੂੰ ਲੈ ਕੇ ਸੈਲਫੀ ਪੁਆਇੰਟ ਬਣਾਏ ਗਏ ਹਨ ਜਿਨ੍ਹਾਂ ’ਤੇ ਲੋਕ ਸੈਲਫੀਆਂ ਖਿੱਚ ਕੇ ਮੁਕਾਬਲੇ ’ਚ ਹਿੱਸਾ ਲੈ ਸਕਦੇ ਹਨ। ਲੋਕਾਂ ਨੂੰ ਉਥੇ ਖਿੱਚੀਆਂ ਸੈਲਫੀਆਂ 15 ਤੋਂ 20 ਅਗਸਤ ਤੱਕ ‘ਮਾਈਜੀਓਵੀ ਪੋਰਟਲ’ ’ਤੇ ਅਪਲੋਡ ਕਰਨੀਆਂ ਪੈਣਗੀਆਂ ਜਿਨ੍ਹਾਂ ’ਚੋਂ 12 ਦੀ ਚੋਣ ਕਰਕੇ ਉਨ੍ਹਾਂ ਨੂੰ 10-10 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਐੱਨਸੀਸੀ ਕੈਡੇਟਾਂ ਨੂੰ ਗਿਆਨ ਪੱਥ ’ਤੇ ਬਿਠਾਉਣ ਦਾ ਪ੍ਰਬੰਧ ਕੀਤਾ ਗਿਆ ਹੈ।
ਲਾਲ ਕਿਲੇ ’ਤੇ ਜੀ-20 ਦਾ ਲੋਗੋ ਵੀ ਆਕਰਸ਼ਣ ਦਾ ਕੇਂਦਰ ਹੋਵੇਗਾ। ਇਸ ਸਾਲ ਦੇ ਆਜ਼ਾਦੀ ਦਿਹਾੜੇ ਮੌਕੇ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਦੇ ਜਸ਼ਨ ਮੁਕੰਮਲ ਹੋ ਜਾਣਗੇ ਜਿਨ੍ਹਾਂ ਦਾ ਆਗਾਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਤੋਂ 12 ਮਾਰਚ, 2021 ਨੂੰ ਕੀਤਾ ਸੀ। -ਪੀਟੀਆਈ/ਆਈਏਐੱਨਐੱਸ