ਇੰਦੌਰ, 13 ਅਗਸਤ
ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਦੋਸ਼ ਵਾਲੀ ਵਿਵਾਦਿਤ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਇੰਦੌਰ ਦੇ ਸੰਯੋਗਿਤਾਗੰਜ ਥਾਣੇ ਵਿੱਚ ਸੀਨੀਅਰ ਕਾਂਗਰਸੀ ਆਗੂਆਂ ਪ੍ਰਿਯੰਕਾ ਗਾਂਧੀ ਵਾਡਰਾ, ਕਮਲਨਾਥ ਤੇ ਅਰੁਣ ਯਾਦਵ ਦੇ ਐਕਸ (ਪਹਿਲਾਂ ਟਵਿੱਟਰ) ਖਾਤਿਆਂ ਦੇ ਹੈਂਡਲਰਾਂ ਖਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਭਾਜਪਾ ਦੀ ਸਥਾਨਕ ਇਕਾਈ ਦੇ ਕੋਆਰਡੀਨੇਟਰ ਨਿਮੇਸ਼ ਪਾਠਕ ਨੇ ਸ਼ਿਕਾਇਤ ਕੀਤੀ ਹੈ ਕਿ ਗਿਆਨੇਂਦਰ ਅਵਸਥੀ ਨਾਂ ਦੇ ਵਿਅਕਤੀ ਨੇ ਸੋਸ਼ਲ ਮੀਡੀਆ ’ਤੇ ਕਥਿਤ ਫਰਜ਼ੀ ਪੱਤਰ ਜਨਤਕ ਕੀਤਾ ਹੈ, ਜਿਸ ਵਿੱਚ ਠੇਕੇਦਾਰਾਂ ਤੋਂ ‘50 ਫੀਸਦ’ ਕਮਿਸ਼ਨ ਮੰਗੇ ਜਾਣ ਦੀ ਗੱਲ ਲਿਖੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਫਰਜ਼ੀ ਪੱਤਰ ਦੇ ਅਧਾਰ ’ਤੇ ਪ੍ਰਿਯੰਕਾ ਗਾਂਧੀ ਵਾਡਰਾ, ਕਮਲਨਾਥ ਤੇ ਅਰੁਣ ਯਾਦਵ ਜਿਹੇ ਸੀਨੀਅਰ ਕਾਂਗਰਸੀ ਆਗੂਆਂ ਦੇ ‘ਐਕਸ’ ਖਾਤਿਆਂ ਵਿਚੋਂ ‘ਗੁੰਮਰਾਹਕੁਨ’ ਪੋਸਟ ਕੀਤੇ ਗਏ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਅੱਗੇ ਵਧਾਉਣ ਲਈ ‘ਐਕਸ’ ਤੋਂ ਵਿਵਾਦਤ ਪੋਸਟ ਬਾਰੇ ਜਾਣਕਾਰੀ ਮੰਗੀ ਜਾਵੇਗੀ। -ਪੀਟੀਆਈ
ਪ੍ਰਿਯੰਕਾ ਬਹੁਤ ਚੰਗੀ ਸੰਸਦ ਮੈਂਬਰ ਸਾਬਤ ਹੋਵੇਗੀ: ਵਾਡਰਾ
ਨਵੀਂ ਦਿੱਲੀ: ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰੌਬਰਟ ਵਾਡਰਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਤਨੀ ਪ੍ਰਿਯੰਕਾ ਗਾਂਧੀ ਬਹੁਤ ਚੰਗੀ ਸੰਸਦ ਮੈਂਬਰ ਸਾਬਤ ਹੋਵੇਗੀ ਅਤੇ ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਪਾਰਟੀ ਉਨ੍ਹਾਂ ਲਈ ਬਿਹਤਰ ਯੋਜਨਾ ਬਣਾਏਗੀ। ਵਾਡਰਾ ਨੇ ਕਿਹਾ, ‘ਉਨ੍ਹਾਂ ਨੂੰ (ਪ੍ਰਿਯੰਕਾ ਨੂੰ) ਲਾਜ਼ਮੀ ਤੌਰ ’ਤੇ ਲੋਕ ਸਭਾ ’ਚ ਹੋਣਾ ਚਾਹੀਦਾ ਹੈ। ਉਨ੍ਹਾਂ ਕੋਲ ਕਾਬਲੀਅਤ ਹੈ। ਉਹ ਬਹੁਤ ਚੰਗੀ ਸੰਸਦ ਮੈਂਬਰ ਸਾਬਤ ਹੋਵੇਗੀ ਅਤੇ ਉਹ ਉੱਥੇ ਹੋਣ ਦੀ ਹੱਕਦਾਰ ਹੈ। ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਇਸ ਨੂੰ ਧਿਆਨ ’ਚ ਰੱਖਦਿਆਂ ਉਨ੍ਹਾਂ ਲਈ ਬਿਹਤਰ ਯੋਜਨਾ ਬਣਾਏਗੀ।’ ਵਾਡਰਾ ਨੇ ਸੰਸਦ ’ਚ ਆਪਣਾ ਨਾਂ ਸਨਅਤਕਾਰ ਗੌਤਮ ਅਡਾਨੀ ਨਾਲ ਜੋੜੇ ਜਾਣ ’ਤੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੂੰ ਨਿਸ਼ਾਨੇ ’ਤੇ ਲਿਆ। ਸੰਸਦ ’ਚ ਬੇਭਰੋਸਗੀ ਮਤੇ ’ਤੇ ਚਰਚਾ ਦੌਰਾਨ ਇਰਾਨੀ ਨੇ ਅਡਾਨੀ ਨਾਲ ਵਾਡਰਾ ਦੀ ਇੱਕ ਤਸਵੀਰ ਦਿਖਾਈ ਸੀ। ਵਾਡਰਾ ਨੇ ਕਿਹਾ ਕਿ ਉਹ ਰਾਜਨੀਤੀ ਤੋਂ ਦੂਰ ਰਹਿੰਦੇ ਹਨ ਪਰ, ‘ਜੇਕਰ ਕਿਤੇ ਮੇਰਾ ਨਾਂ ਆਏਗਾ ਤਾਂ ਮੈਂ ਬੋਲਾਂਗਾ ਕਿਉਂਕਿ ਜੇਕਰ ਉਹ ਕੁਝ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਉਸ ਦਾ ਸਬੂਤ ਵੀ ਦੇਣਾ ਪਵੇਗਾ। -ਪੀਟੀਆਈ
ਵਿਰੋਧੀਆਂ ’ਤੇ ਕੇਸ ਦੀ ਬਜਾਏ ਸਿੱਧਾ ਜੇਲ੍ਹ ਭੇਜੋ: ਮਨੋਜ ਝਾਅ
ਨਵੀਂ ਦਿੱਲੀ: ਪ੍ਰਿਯੰਕਾ ਗਾਂਧੀ, ਕਮਲ ਨਾਥ ਅਤੇ ਹੋਰਾਂ ਖ਼ਿਲਾਫ਼ ਮੱਧ ਪ੍ਰਦੇਸ਼ ਵਿੱਚ 50 ਫ਼ੀਸਦੀ ਕਮਿਸ਼ਨ ਨੂੰ ਲੈ ਕੇ ਕੇਸ ਦਰਜ ਕਰਨ ਅਤੇ ਭੋਪਾਲ ਵਿੱਚ ਮੁੜ ਐੱਫਆਈਆਰ ਹੋਣ ਬਾਰੇ ਪੁੱਛੇ ਜਾਣ ’ਤੇ ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰ ਮਨੋਜ ਝਾਅ ਨੇ ਕਿਹਾ, ‘‘ਕੇਸ ਹੀ ਕਿਉਂ ਦਰਜ ਹੋ ਰਹੇ ਹਨ, ਸਿੱਧਾ ਜੇਲ੍ਹ ਭੇਜ ਦੇਣਾ ਚਾਹੀਦਾ ਹੈ ਕਿਉਂਕਿ ਹੁਣ ਬਚਿਆ ਹੀ ਕੀ ਹੈ। ਮਤਲਬ ਤੁਸੀਂ ਕੁਝ ਵੀ ਬੋਲੋ, ਤੁਹਾਡੇ ’ਤੇ ਕੋਈ ਕੇਸ ਨਹੀਂ ਹੋਵੇਗਾ। ਤੁਸੀਂ ਕਿਹਾ ਕਿ ਅਸੀਂ ਮਿਜ਼ੋਰਮ ਵਿੱਚ ਆਈਆਈਐੱਮਸੀ ਬਣਾਈ… ਤੁਸੀਂ ਤੁਰਦੇ ਬਣੋ, ਦੂਜਾ ਜਦੋਂ ਤਿੱਖੇ ਸਵਾਲ ਪੁੱਛੇ ਤਾਂ ਐੱਫਆਈਆਰ ਕਰੋ, ਕੋਸ਼ਿਸ਼ ਕਰੋ ਕਿ ਜੇਕਰ ਉਹ ਕਿਸੇ ਸਦਨ ਦਾ ਮੈਂਬਰ ਹੈ ਤਾਂ ਉਸ ਦੀ ਮੈਂਬਰਸ਼ਿਪ ਰੱਦ ਹੋਵੇ। ਲੋਕਤੰਤਰ ਦੇ ਨਾਂ ’ਤੇ ਵਿਰੋਧੀਆਂ ਨੂੰ ਈਡੀ, ਆਈਟੀ ਅਤੇ ਸੀਬੀਆਈ ਰਾਹੀਂ ਕੇਸ ਦਰਜ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਤੁਹਾਡੇ ਲਈ ਚੰਗਾ ਸੰਕੇਤ ਨਹੀਂ ਹੈ।’’ -ਟਨਸ