ਪੜ੍ਹਦਿਆਂ ਸੁਣਦਿਆਂਸੁਰਿੰਦਰ ਸਿੰਘ ਤੇਜ
ਇਹ ਕਹਾਣੀ ਦਿੱਲੀ ਦੇ ਇਕ ਸਿੱਖ ਪ੍ਰੋਫੈਸਰ ਨੇ ਕੁਝ ਵਰ੍ਹੇ ਪਹਿਲਾਂ ਮੈਨੂੰ ਸੁਣਾਈ। ਚੀਨੀ ਮਾਮਲਿਆਂ ਦਾ ਚੰਗਾ ਜਾਣਕਾਰ ਹੋਣ ਦੇ ਨਾਤੇ ਉਹ ਅਕਸਰ ਚੀਨ ਜਾਂਦਾ ਰਹਿੰਦਾ ਸੀ। ਪਹਿਲੀ ਫੇਰੀ 2004 ਵਿਚ ਹੋਈ। ਪੰਦਰਾਂ ਦਿਨਾਂ ਦੀ ਇਸ ਫੇਰੀ ਦੌਰਾਨ ਉਹ ਸੱਤ ਕੁ ਦਿਨ ਦੱਖਣ ਪੂਰਬੀ ਚੀਨ ਦੇ ਤਿੰਨ ਸ਼ਹਿਰਾਂ ਵਿਚ ਰਿਹਾ। ਫਿਰ ਪੇਈਚਿੰਗ ਪਹੁੰਚ ਗਿਆ। ਉਥੇ ਉਸ ਦਾ ਕਿਆਮ ਛੇ ਦਿਨਾਂ ਦਾ ਸੀ। ਪਹਿਲੇ ਹਫ਼ਤੇ ਦੌਰਾਨ ਚੀਨੀ ਖਾਧ-ਖੁਰਾਕ ਦੇ ਵੱਖ-ਵੱਖ ਰੂਪ ਖਾ ਕੇ ਉਹ ਏਨਾ ਕੁ ਅੱਕ ਗਿਆ ਸੀ ਕਿ ਮਨ ਦਾਲ-ਫੁਲਕੇ ਲਈ ਤਰਸਣ ਲੱਗਾ। ਇਹ ਖੁਸ਼ਕਿਸਮਤੀ ਹੀ ਸੀ ਕਿ ਪੇਈਚਿੰਗ ਵਿਚ ਜਿਸ ਹੋਟਲ ’ਚ ਉਹ ਰੁਕਿਆ, ਉਸ ਦੇ ਐਨ ਸਾਹਮਣੇ ਸੜਕ ਪਾਰ ਫੁੱਟਪਾਥ ’ਤੇ ਨਾਨਬਾਈ ਦਾ ਠੇਲ੍ਹਾ ਮੌਜੂਦ ਸੀ। ਗਰਮ-ਗਰਮ ਨਾਨ ਲਹਿੰਦੇ ਦੇਖ ਕੇ ਉਹ ਵੀ ਉ~ਥੇ ਪੁੱਜ ਗਿਆ। ਉਦੋਂ ਮੰਦਾਰਿਨ ਦੇ ਗਿਣੇ-ਚੁਣੇ ਸ਼ਬਦ ਹੀ ਆਉਂਦੇ ਸਨ ਉਸ ਨੂੰ। ਜਦੋਂ ਉਹ ਵੀ ਕੰਮ ਨਾ ਆਏ ਤਾਂ ਠੇਲ੍ਹੇ ਵਾਲਾ ਉਸ ਦੀ ਮੁਸ਼ਕਿਲ ਭਾਂਪ ਗਿਆ। ਉਹ ਬੋਲਿਆ: ‘‘ਇੰਦੂਸਤਾਨੀ?’’ ਫਿਰ ਉਸ ਨੇ ਚੀਨੀਨੁਮਾ ਫ਼ਾਰਸੀ ਦੇ ਕੁਝ ਸ਼ਬਦ ਬੋਲੇ ਜਿਨ੍ਹਾਂ ਵਿਚੋਂ ‘ਖ਼ਤਾਈ’, ‘ਖ਼ਸਤਾ’ ਤੇ ‘ਕੀਮਾ’ ਪ੍ਰੋਫੈਸਰ ਦੇ ਸਮਝ ਆਏ। ਏਨੇ ’ਚ ਉਸ ਨੇ ਇਕ ਗਰਮਾ-ਗਰਮ ਨਾਨ ਪ੍ਰੋਫੈਸਰ ਅੱਗੇ ਪਰੋਸ ਦਿੱਤਾ। ਸੁੱਕੇ ਮੇਵਿਆਂ, ਸਬਜ਼ੀਆਂ ਤੇ ਕੀਮੇ ਦੇ ਮਿਸ਼ਰਣ ਵਾਲਾ ਨਾਨ ਖਾ ਕੇ ਪ੍ਰੋਫੈਸਰ ਨਿਹਾਲ ਹੋ ਗਿਆ। ਉਸ ਨੇ ਰਾਤ ਵਾਸਤੇ ਵੀ ਇਕ ਪੈਕ ਕਰਵਾ ਲਿਆ। ਇਹੋ ਸਿਲਸਿਲਾ ਅਗਲੇ ਤਿੰਨ ਦਿਨ ਚਲਦਾ ਰਿਹਾ। ਵਾਰਤਾਲਾਪ ਤਾਂ ਬਹੁਤੀ ਸੰਭਵ ਨਹੀਂ ਸੀ, ਪਰ ਠੇਲ੍ਹੇਵਾਲੇ ਨੇ ਏਨਾ ਕੁ ਦੱਸ ਦਿੱਤਾ ਕਿ ਉਹ ਮੂਲ ਚੀਨੀ ਨਹੀਂ, ਊਈਗ਼ਰ ਹੈ। ਇਸੇ ਤਰ੍ਹਾਂ ਹੋਟਲ ਦੀ ਅੰਗਰੇਜ਼ੀ ਜਾਣਦੀ ਇਕ ਰਿਸੈਪਸ਼ਨਿਸਟ ਨੇ ਇਹ ਜਾਣਕਾਰੀ ਦੇ ਦਿੱਤੀ ਕਿ ਊਈਗ਼ਰ ਲੋਕ ਸਰਕਾਰੀ ਕੰਮਾਂ-ਕਾਜਾਂ ਲਈ ਪੇਈਚਿੰਗ ਆਉਂਦੇ ਰਹਿੰਦੇ ਹਨ, ਉਨ੍ਹਾਂ ਦੀ ਸਹੂਲਤ ਵਾਸਤੇ ਕੁਝ ਠੇਲ੍ਹੇ ਵਾਲਿਆਂ ਨੂੰ ਪਰਮਿਟ ਮਿਲੇ ਹੋਏ ਹਨ। ਪੰਜਵੇਂ ਦਿਨ ਉਹ ਠੇਲ੍ਹਾ ਉੱਥੇ ਨਹੀਂ ਸੀ। ਛੇਵੇਂ ਦਿਨ ਵੀ ਉਹ ਗਾਇਬ ਸੀ। ਪ੍ਰੋਫੈਸਰ ਨੇ ਦੁਭਾਸ਼ੀਆ ਕੁੜੀ ਨੂੰ ਇਸ ‘ਗ਼ੈਰਹਾਜ਼ਰੀ’ ਦਾ ਪਤਾ ਲਾਉਣ ਲਈ ਕਿਹਾ ਤਾਂ ਉਸ ਦਾ ਜਵਾਬ ਸੀ: ‘‘ਸਭ ਤੇਰੇ ਕਰਕੇ ਵਾਪਰਿਆ। ਸਰਕਾਰ ਨਹੀਂ ਚਾਹੁੰਦੀ ਕਿ ਕੋਈ ਊਈਗ਼ਰ ਕਿਸੇ ਭਾਰਤੀ ਨਾਲ ਗੱਲਬਾਤ ਕਰੇ। … ਤੇਰੇ ਜਾਣ ਬਾਅਦ ਠੇਲ੍ਹਾ ਵਾਪਸ ਆ ਜਾਏਗਾ।’’ ਚਾਰ ਵਰ੍ਹੇ ਬਾਅਦ ਪ੍ਰੋਫੈਸਰ ਫਿਰ ਪੇਈਚਿੰਗ ਦੇ ਉਸੇ ਹੋਟਲ ਵਿਚ ਠਹਿਰਿਆ। ਉਦੋਂ ਠੇਲ੍ਹਾ ਉੱਥੇ ਨਹੀਂ ਸੀ। ਰਿਸੈਪਸ਼ਨਿਸਟ ਨੇ ਸੰਕੇਤ ਦੇ ਦਿੱਤਾ ਕਿ ਠੇਲ੍ਹਾ ਪਰਤੇਗਾ ਜ਼ਰੂਰ, ਪਰ ‘ਭਾਰਤੀ ਮਹਿਮਾਨ’ ਦੇ ਪੇਈਚਿੰਗ ਛੱਡਣ ਤੋਂ ਬਾਅਦ।
ਪ੍ਰੋਫੈਸਰ ਵੱਲੋਂ ਸੁਣਾਈ ਕਹਾਣੀ ’ਤੇ ਉਦੋਂ ਬਹੁਤਾ ਯਕੀਨ ਨਹੀਂ ਸੀ ਆਇਆ, ਪਰ ਹੁਣ ਊਈਗ਼ਰ ਕਵੀ ਤਾਹਿਰ ਹਮੂਤ ਇਜ਼ਗਿਲ ਦੀ ਕਿਤਾਬ ‘ਵੇਟਿੰਗ ਟੂ ਬੀ ਅਰੈਸਟਿਡ ਐਟ ਨਾਈਟ’ (ਰਾਤ ਵੇਲੇ ਗ੍ਰਿਫ਼ਤਾਰੀ ਦੀ ਉਡੀਕ; ਪੈਂਗੁਇਨ; 699 ਰੁਪਏ) ਪੜ੍ਹਦਿਆਂ ਪ੍ਰੋਫੈਸਰ ਵੱਲੋਂ ਸੁਣਾਈ ਗਈ ਦ੍ਰਿਸ਼ਾਵਲੀ ਸੱਚੀ-ਸੁੱਚੀ ਜਾਪਦੀ ਹੈ। ਇਜ਼ਗਿਲ ਨੇ ਆਪਣੇ ਸੰਸਮਰਣ, ਊਈਗ਼ਰ ਭਾਸ਼ਾ ਵਿਚ ਲਿਖੇ ਜੋ ਕਿ ਤੁਰਕੀ ਜ਼ੁਬਾਨ ਦੀ ਹੀ ਇਕ ਸ਼ਾਖ਼ ਹੈ। ਇਨ੍ਹਾਂ ਦਾ ਅੰਗਰੇਜ਼ੀ ਅਨੁਵਾਦ ਜੋਸ਼ੂਆ ਫਰੀਮੈਨ ਨੇ ਕੀਤਾ ਜੋ ਤਾਇ-ਪੈ ਯੂਨੀਵਰਸਿਟੀ (ਤਾਇਵਾਨ) ਵਿਚ ਊਈਗ਼ਰ ਤੇ ਹੋਰ ਚੀਨੀ ਖੇਤਰੀ ਜ਼ੁਬਾਨਾਂ ਦਾ ਪ੍ਰੋਫੈਸਰ ਹੈ। ਇਜ਼ਗਿਲ ਇਸ ਸਮੇਂ ਅਮਰੀਕਾ ਵਿਚ ਜਲਾਵਤਨੀ ਭੋਗ ਰਿਹਾ ਹੈ। ਉਸ ਦੀ ਰੂਹ ਵਤਨ ਪਰਤਣ ਲਈ ਬੇਜ਼ਾਰ ਹੈ, ਪਰ ਉਸ ਨੂੰ ਇਹ ਵੀ ਪਤਾ ਹੈ ਕਿ ਚੀਨ, ਉਸ ਨੂੰ ਬਰਦਾਸ਼ਤ ਨਹੀਂ ਕਰੇਗਾ। ਕਿਤਾਬ, ਚੀਨ ਵਿਚ ਊਈਗ਼ਰਾਂ ਦੀ ਨਸਲਕੁਸ਼ੀ ਦੀ ਦਾਸਤਾਨ ਵੀ ਹੈ ਅਤੇ ਵਤਨ ਨਾਲ ਜੁੜੀਆਂ ਮੋਹ-ਭਿੱਜੀਆਂ ਯਾਦਾਂ ਦਾ ਖੁਲਾਸਾ ਵੀ। ਇਸ ਦੀ ਸੁਰ ਬਹੁਤ ਸੰਜਮੀ ਹੈ; ਰੌਂਗਟੇ ਖੜ੍ਹੇ ਕਰਨ ਵਾਲੀਆਂ ਘਟਨਾਵਾਂ ਦੇ ਵਰਨਣ ਸਮੇਂ ਵੀ। ਭੂਮਿਕਾ ਵਿਚ ਇਜ਼ਗਿਲ ਸਪੱਸ਼ਟ ਕਰਦਾ ਹੈ ਕਿ ਉਸ ਦਾ ਮਨਸ਼ਾ ਚੀਨ ਖਿਲਾਫ਼ ਕੂੜ-ਪ੍ਰਚਾਰ ਕਰਨਾ ਨਹੀਂ; ਉਹ ਤਾਂ ਊਈਗ਼ਰ ਕੌਮ ਦੇ ਸੰਤਾਪ ਵੱਲ ਦੁਨੀਆਂ ਦਾ ਧਿਆਨ ਖਿੱਚਣਾ ਚਾਹੁੰਦਾ ਹੈ। ਚੀਨ ਉਸ ਦਾ ਮੁਲਕ ਹੈ। ਪਿਛਲੀਆਂ ਚਾਰ ਸਦੀਆਂ ਤੋਂ ਊਈਗ਼ਰ, ਚੀਨੀ ਸਮਾਜ ਦਾ ਹਿੱਸਾ ਹਨ। ਉਨ੍ਹਾਂ ਨੂੰ ਸਮੇਂ-ਸਮੇਂ ਮਾਣ-ਸਤਿਕਾਰ ਵੀ ਮਿਲਦਾ ਰਿਹਾ ਹੈ। ਪਰ ਹੁਣ ਉਨ੍ਹਾਂ ਨੂੰ ਸ਼ਨਾਖ਼ਤ, ਸਰਜ਼ਮੀਂ ਤੇ ਤਹਿਜ਼ੀਬ ਤੋਂ ਮਹਿਰੂਮ ਕਰਨ ਦੀ ਜੋ ਮੁਹਿੰਮ ਚੱਲ ਰਹੀ ਹੈ, ਉਹ ਬਰਦਾਸ਼ਤ ਤੋਂ ਬਾਹਰ ਹੈ। ਕਿਤਾਬ ਇਸੇ ਅਸਲੀਅਤ ਨੂੰ ਰੇਖਾਂਕਿਤ ਕਰਦੀ ਹੈ।
ਕਿਤਾਬ 2009 ਵਿਚ ਵਾਪਰੀਆਂ ਘਟਨਾਵਾਂ ਤੋਂ ਸ਼ੁਰੂ ਹੁੰਦੀ ਹੈ। ਇਜ਼ਗਿਲ ਉਦੋਂ ਚੀਨ ਦੇ ਉੱਤਰ ਪੱਛਮੀ ਸਿਨਚਿਆਂਗ ਖ਼ੁਦਮੁਖਤਾਰ ਖਿੱਤੇ ਦੇ ਸ਼ਹਿਰ ਉਰੂਮਕੀ (ਚੀਨੀ ਉਚਾਰਣ ਉਰੂਮਚੀ) ਵਿਚ ਰਹਿੰਦਾ ਸੀ। ਸਿਨਚਿਆਂਗ ਖਿੱਤਾ ਤੇ ਉਸ ਦੇ ਆਸ-ਪਾਸ ਦਾ ਇਲਾਕਾ 1950ਵਿਆਂ ਤਕ ਚੀਨੀ ਤੁਰਕਿਸਤਾਨ ਵਜੋਂ ਜਾਣਿਆ ਜਾਂਦਾ ਸੀ। ਉਰੂਮਕੀ ਬੜਾ ਵਸਿਆ-ਰਸਿਆ ਸ਼ਹਿਰ ਹੈ। ਪੰਜਾਹ ਲੱਖ ਦੀ ਵੱਸੋਂ ਅਤੇ ਮਹਾਂਨਗਰੀ ਸ਼ਾਨਾਂ-ਸਹੂਲਤਾਂ ਵਾਲਾ। ਸਿਨਚਿਆਂਗ ਖਿੱਤਾ ਊਈਗ਼ਰਾਂ ਦੀ ਜੱਦੀ ਧਰਤੀ ਹੈ। ਉਨ੍ਹਾਂ ਦੀ ਪੂਰੀ ਨਸਲ ਹੀ ਲਗਪਗ ਸੁੰਨੀ ਮੁਸਲਮਾਨ ਹੈ। ਦੋ ਦਹਾਈਆਂ ਪਹਿਲਾਂ ਤਕ ਉਨ੍ਹਾਂ ਦਾ ਸਿਨਚਿਆਂਗ ਖਿੱਤੇ ਵਿਚ ਪੂਰਨ ਬਹੁਮਤ ਸੀ, ਹੁਣ ਇਹ ਅਨੁਪਾਤ 40% ’ਤੇ ਆ ਚੁੱਕਾ ਹੈ। ਚੀਨੀ ਹਕੂਮਤ ਹਰ ਪਾਸੇ ਹਾਨ ਚੀਨੀਆਂ (ਮੂਲ ਚੀਨੀਆਂ) ਨੂੰ ਵੱਡੀ ਗਿਣਤੀ ਵਿਚ ਵਸਾ ਰਹੀ ਹੈ। ਵਿਰੋਧ ਕਰਨ ਵਾਲਿਆਂ ਨੂੰ ਦਹਿਸ਼ਤਗਰਦ ਜਾਂ ਵੱਖਵਾਦੀ ਕਰਾਰ ਦਿੱਤਾ ਜਾ ਰਿਹਾ ਹੈ। ਘੱਟਗਿਣਤੀ ਫ਼ਿਰਕਿਆਂ ਵਿਚੋਂ ਸਭ ਤੋਂ ਵੱਧ ਸਖ਼ਤੀ ਊਈਗ਼ਰਾਂ ’ਤੇ ਹੈ; ਪੰਜ ਨਮਾਜ਼ੀਆਂ ਨੂੰ ਤਾਂ ਉਚੇਚੇ ਤੌਰ ’ਤੇ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ।
ਇਜ਼ਗਿਲ 2009 ਵਿਚ 40 ਵਰ੍ਹਿਆਂ ਦਾ ਸੀ; ਪੇਸ਼ੇ ਵਜੋਂ ਫਿਲਮਸਾਜ਼, ਹੁਨਰ ਵੱਲੋਂ ਕਵੀ ਤੇ ਗੀਤਕਾਰ। ਦੋਵਾਂ ਕਿੱਤਿਆਂ ’ਚੋਂ ਹੁੰਦੀ ਕਮਾਈ ਬੀਵੀ ਤੇ ਦੋ ਬੱਚੀਆਂ ਵਾਲੇ ਪਰਿਵਾਰ ਦਾ ਗੁਜ਼ਾਰਾ ਵਧੀਆ ਚਲਾ ਰਹੀ ਸੀ। ਘਰ ਵੀ ਆਪਣਾ ਸੀ। ਉਸ ਦੇ ਆਪਣੇ ਸ਼ਬਦਾਂ ’ਚ ‘‘ਜ਼ਿੰਦਗੀ ਸੱਚਮੁੱਚ ਹੀ ਗੁਲਜ਼ਾਰ ਸੀ।’’ ਜੁਲਾਈ 2009 ਵਿਚ ਹਾਲਾਤ ਪਲਟਣੇ ਸ਼ੁਰੂ ਹੋ ਗਏ। ਊਈਗ਼ਰਾਂ ਤੇ ਹਾਨ-ਚੀਨੀਆਂ ਦਾ ਖਿਚਾਅ ਦੰਗਿਆਂ ਦਾ ਰੂਪ ਧਾਰ ਗਿਆ। 200 ਜਾਨਾਂ ਚਲੀਆਂ ਗਈਆਂ। ਸਰਕਾਰ ਨੂੰ ਊਈਗ਼ਰਾਂ ’ਤੇ ਕਹਿਰ ਢਾਹੁਣ ਦਾ ਬਹਾਨਾ ਮਿਲ ਗਿਆ। ਇਜ਼ਗਿਲ, ਚੀਨ ਸਰਕਾਰ ਦਾ ਕੱਟੜ ਨਿੰਦਕ ਨਹੀਂ ਸੀ। ਜੋ ਉਸ ਨੂੰ ਚੰਗਾ ਨਹੀਂ ਸੀ ਲੱਗਦਾ, ਉਸ ਦੀ ਮੁਖ਼ਾਲਫ਼ਤ ਕਰਨ ਲਈ ਉਹ ਅਕਸਰ ਤਨਜ਼ ਦਾ ਸਹਾਰਾ ਲੈਂਦਾ ਸੀ। ਅਜਿਹੀ ਬੌਧਿਕਤਾ, ਕਮਿਊਨਿਸਟ ਪਾਰਟੀ ਨੂੰ ਰਾਸ ਨਹੀਂ ਸੀ ਆ ਰਹੀ। ਉਸ ਉਪਰ ਵਾਰ ਅਸਿੱਧੇ ਤੌਰ ’ਤੇ ਕੀਤਾ ਗਿਆ। ਉਸ ਦਾ ਰਿਕਾਰਡ ਵਰਤ ਕੇ। ਦਰਅਸਲ, 1996 ਵਿਚ ਉਸ ਨੇ ਤੁਰਕੀ ਪੜ੍ਹਨ ਜਾਣ ਵਾਸਤੇ ਕਿਰਗਿਜ਼-ਚੀਨ ਸਰਹੱਦ ਗ਼ੈਰ-ਕਾਨੂੰਨੀ ਢੰਗ ਨਾਲ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੋਸ਼ਿਸ਼ ਨਾਕਾਮ ਰਹੀ। ਉਹ ਫੜਿਆ ਗਿਆ। ਜੱਜ ਕੁਝ ਚੰਗਾ ਨਿਕਲਿਆ। ਸਰਹੱਦੀ ਰਾਖਿਆਂ ਨੇ ਉਸ ’ਤੇ ‘‘ਇਤਰਾਜ਼ਯੋਗ ਸਮੱਗਰੀ ਮੁਲਕ ਤੋਂ ਬਾਹਰ ਲਿਜਾਣ’’ ਦਾ ਇਲਜ਼ਾਮ ਲਾਇਆ, ਪਰ ਜੱਜ ਨੇ ਇਹ ਇਲਜ਼ਾਮ ਨਜ਼ਰਅੰਦਾਜ਼ ਕੀਤਾ। ਉਸ ਨੂੰ ਸੱਤ ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ, ਕੱਟੜਵਾਦੀ ਇਸਲਾਮ ਤੋਂ ਦੂਰ ਰਹਿਣ ਦੀ ਨਸੀਹਤ ਕੀਤੀ ਅਤੇ ਪੜ੍ਹਾਈ ਲਈ ਤੁਰਕੀ ਦੀ ਥਾਂ ਸ਼ੰਘਾਈ ਜਾਣ ਦਾ ਮਸ਼ਵਰਾ ਆਪਣੇ ਫ਼ੈਸਲੇ ਦਾ ਹਿੱਸਾ ਬਣਾਇਆ। ਕਮਿਊਨਿਸਟ ਪਾਰਟੀ ਨੇ 1996 ਵਾਲੇ ਫ਼ੈਸਲੇ ਦੇ ਸ਼ੰਘਾਈ ਵਾਲੇ ਹਿੱਸੇ ਨੂੰ ਉਸ ਖਿਲਾਫ਼ ਨਵੇਂ ਕੇਸ ਦਾ ਆਧਾਰ ਬਣਾਇਆ। ਇਲਜ਼ਾਮ ਇਹ ਲਾਇਆ ਗਿਆ ਕਿ ਉਹ ਪੜ੍ਹਨ ਲਈ ਸ਼ੰਘਾਈ ਨਹੀਂ ਗਿਆ ਅਤੇ ਇਸ ਤਰ੍ਹਾਂ ਜੱਜ ਦੇ ਹੁਕਮਾਂ ਦੀ ‘ਅਵੱਗਿਆ’ ਕੀਤੀ।
ਇਜ਼ਗਿਲ ਨੂੰ ਨਜ਼ਰਬੰਦ ਕੀਤੇ ਜਾਣ ਦੀ ਤਿਆਰੀ ਚੱਲ ਰਹੀ ਸੀ, ਪਰ ਇਕ ਤੱਥ ਨਾਸਾਜ਼ਗਾਰ ਹਾਲਾਤ ਨੂੰ ਵੀ ਸਾਜ਼ਗਾਰ ਬਣਾ ਗਿਆ। ਦੰਗਿਆਂ ਤੋਂ ਦੋ ਰਾਤ ਪਹਿਲਾਂ ਉਸ ਨੇ ਆਪਣੇ ਘਰ ਊਈਗ਼ਰ ਕਵੀਆਂ ਦੀ ਮਹਿਫ਼ਿਲ ਸਜਾਈ ਸੀ। ਇਸ ਮਹਿਫ਼ਿਲ ਵਾਸਤੇ ਉਸ ਨੇ ‘ਬੈਬਾਇਜੀਊ’ ਸ਼ਰਾਬ ਮੰਗਵਾਈ ਸੀ। ਇਸ ਚੀਨੀ ਸ਼ਰਾਬ ਨੂੰ ਊਈਗ਼ਰ ਹਰਾਮ ਮੰਨਦੇ ਹਨ। ਪਰ ਇਜ਼ਗਿਲ ਦਾ ਕਦਮ ਇਹ ਪ੍ਰਭਾਵ ਦੇ ਗਿਆ ਕਿ ਉਹ ਕੱਟੜਵਾਦੀ ਨਹੀਂ। ਨਜ਼ਰਬੰਦੀ ਟਲ ਗਈ। ਪਰ 2016 ਵਿਚ ਊਈਗ਼ਰਾਂ ਖਿਲਾਫ਼ ਚੱਲੀ ਦਮਨ ਮੁਹਿੰਮ ਦੌਰਾਨ ਇਜ਼ਗਿਲ ਦਾ ਬਚਾਅ ਮੁਸ਼ਕਿਲ ਹੋ ਗਿਆ। ਇਸ ਮੁਹਿੰਮ ਦੌਰਾਨ ਬੌਧਿਕ ਹਸਤੀਆਂ ਨੂੰ ਖ਼ਾਸ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। ਊਈਗ਼ਰਾਂ ਦੇ ਖਾਣ-ਪਹਿਨਣ ’ਤੇ ਬੰਦਸ਼ਾਂ ਲੱਗੀਆਂ, ਉਨ੍ਹਾਂ ਦੀ ਮਜ਼ਹਬੀ ਆਜ਼ਾਦੀ ਵਿਚ ਭਾਰੀ ਕਟੌਤੀ ਕੀਤੀ ਗਈ, ਉਨ੍ਹਾਂ ਨੂੰ ਚੀਨੀ ਮਾਣ-ਮਰਿਆਦਾ ਸਿਖਾਉਣ ਵਾਸਤੇ ਸਕੂਲਾਂ ਤੇ ਸਟੇਡੀਅਮਾਂ ਨੂੰ ‘ਅਧਿਐਨ ਕੇਂਦਰਾਂ’ (ਅਸਲ ’ਚ ਨਜ਼ਰਬੰਦੀ ਕੇਂਦਰਾਂ) ਵਿਚ ਬਦਲ ਦਿੱਤਾ ਗਿਆ। ਜਨਵਰੀ 2017 ਵਿਚ ਇਜ਼ਗਿਲ ਤੇ ਉਸ ਦੀ ਪਤਨੀ ਮਰਹਬਾ ਨੂੰ ਥਾਣੇ ਹਾਜ਼ਰ ਹੋਣ ਅਤੇ ਬਾਇਓਮੀਟਰਿਕ ਵੇਰਵੇ ਰਿਕਾਰਡ ਕਰਵਾਉਣ ਦਾ ਹੁਕਮ ਹੋਇਆ। ਉੱਥੇ ਦੋਵਾਂ ਨੇ ਦਰਜਨਾਂ ਊਈਗ਼ਰਾਂ ਨੂੰ ਤਸੀਹੇ ਝੱਲਦੇ ਦੇਖਿਆ। ਦੋਵਾਂ ਦੀ ਇਕੋ ਰਾਇ ਬਣੀ ਕਿ ‘ਅੱਧੀ ਰਾਤ ਵੇਲੇ ਦਰਵਾਜ਼ੇ ’ਤੇ ਦਸਤਕ’ ਵਾਲਾ ਵੇਲਾ ਹੁਣ ਦੂਰ ਨਹੀਂ, ਇਸ ਲਈ ਚੀਨ ਛੱਡਣ ਵਿਚ ਹੀ ਭਲਾ ਹੈ। ਵੱਡੀ ਬੇਟੀ ਦੀ ਮਿਰਗੀ ਦੇ ਇਲਾਜ ਲਈ ਕਿਰਗਿਜ਼ ਰਾਜਧਾਨੀ ਬਿਸ਼ਕੇਕ ਜਾਣ ਵਾਸਤੇ ਕਾਗ਼ਜ਼ਾਤ ਉਨ੍ਹਾਂ ਨੇ ਮੋਟੀ ਰਿਸ਼ਵਤ ਦੇ ਕੇ ਤਿਆਰ ਕਰਵਾਏ। ਇਜਾਜ਼ਤ ਹਾਸਿਲ ਕਰਨ ਵੇਲੇ ਕਈ ਹਲਫ਼ਨਾਮੇ ਉਨ੍ਹਾਂ ਨੂੰ ਦਾਖ਼ਲ ਕਰਨੇ ਪਏ। ਇਜ਼ਗਿਲ ਨੂੰ ਕਿਹਾ ਗਿਆ ਕਿ ਉਹ ਆਪਣੇ ਪਿਤਾ ਤੇ ਭਰਾ ਨਾਲ ਫ਼ੋਨ ’ਤੇ ਸੰਪਰਕ ਨਹੀਂ ਕਰੇਗਾ। ਕਿਰਗਿਜ਼ਸਤਾਨ ਤੋਂ ਅਮਰੀਕਾ ਪੁੱਜਣ ’ਤੇ ਇਜ਼ਗਿਲ ਨੇ ਜਦੋਂ ਆਪਣੀ ਮਾਂ ਨੂੰ ਫ਼ੋਨ ਕੀਤਾ ਤਾਂ ਉਸ ਦੀ ਮਾਂ ਦਾ ਫ਼ੋਨ ਜ਼ਬਤ ਕਰ ਲਿਆ ਗਿਆ।
ਕਿਤਾਬ ਦੀ ਖ਼ੂਬੀ ਇਹ ਹੈ ਕਿ ਇਜ਼ਗਿਲ ਦੀ ਲੇਖਣੀ ਦਾ ਮਿਜ਼ਾਜ ਕਿਤੇ ਵੀ ਤੁਰਸ਼ ਨਹੀਂ। ਉਸ ਦੀ ਸ਼ੈਲੀ ਵਿਚ ਕਾਵਿਮਈ ਸ਼ਾਇਸਤਗੀ ਹੈ। ਇਸੇ ਲਈ ਉਸ ਦੀ ਲੇਖਣੀ, ਰੂਹ ਵਿਚ ਉਤਰਦੀ ਚਲੀ ਜਾਂਦੀ ਹੈ। ਊਈਗ਼ਰਾਂ ’ਤੇ ਢਾਹੇ ਜਾ ਰਹੇ ਸਿਤਮਾਂ, ਬਲਾਤਕਾਰਾਂ, ਜਬਰੀ ਨਸਬੰਦੀਆਂ ਆਦਿ ਦਾ ਬਿਆਨ ਕਰਨ ਵੇਲੇ ਵੀ ਉਹ ਆਪਣੇ ਰੋਹ ਨੂੰ ਕਾਬੂ ਵਿਚ ਰੱਖਦਾ ਹੈ, ਬਦਜ਼ੁਬਾਨ ਨਹੀਂ ਹੁੰਦਾ। ਇਹੋ ਤਵਾਜ਼ਨ ਇਸ ਕਿਤਾਬ ਦੀ ਸ਼ਾਨ ਹੈ।
* * *
ਜਸਬੀਰ ਢੰਡ ਹੁਰਾਂ ਦੀਆਂ ਲੇਖਣੀਆਂ ਤੋਂ ‘ਪੰਜਾਬੀ ਟ੍ਰਿਬਿਊਨ’ ਦੇ ਪਾਠਕ ਚੰਗੀ ਤਰ੍ਹਾਂ ਵਾਕਫ਼ ਹਨ। ਕੁੱਜੇ ਵਿਚ ਸਮੁੰਦਰ ਭਰਨ ਜਾਂ ਉਪਦੇਸ਼ਾਂ ਨੂੰ ਉਪਦੇਸ਼ਾਤਮਿਕ ਬੋਝ ਤੋਂ ਆਜ਼ਾਦ ਕਰ ਕੇ ਕੰਮ ਦੀਆਂ ਗੱਲਾਂ ਵਜੋਂ ਪਰੋਸਣ ਦਾ ਹੁਨਰ ਉਨ੍ਹਾਂ ਦੀਆਂ ਲੇਖਣੀਆਂ ਦੀ ਵਿਸ਼ੇਸ਼ਤਾ ਹੈ। ਕਹਾਣੀਆਂ ਜਾਂ ਮਿੰਨੀ ਕਹਾਣੀਆਂ ਵਾਂਗ ਉਨ੍ਹਾਂ ਦੇ ਨਬਿੰਧ ਵੀ ਯਥਾਰਥ ’ਤੇ ਆਧਾਰਿਤ ਹੁੰਦੇ ਹਨ। ਇਸੇ ਵਾਸਤੇ ਉਹ ਪਾਠਕ ਦੇ ਮਨ-ਮਸਤਕ ’ਤੇ ਆਪਣੀ ਛਾਪ ਛੱਡਦੇ ਹਨ। ਨਵੀਂ ਕਿਤਾਬ ‘ਧਾਗੇ ਅਮਨ ਅਮਾਨ ਜੀ’ (ਕੈਲੀਬਰ ਪਬਲੀਕੇਸ਼ਨ; 158 ਪੰਨੇ; 240 ਰੁਪਏ) ਇਸੇ ਲੀਹ ਨੂੰ ਅੱਗੇ ਤੋਰਦੀ ਹੈ। ਇਹ ਚਾਰ ਦਰਜਨ ਦੇ ਕਰੀਬ ਨਬਿੰਧਾਂ ਤੇ ਮਿਡਲ ਲੇਖਾਂ ਦਾ ਸੰਗ੍ਰਹਿ ਹੈ।
ਭੂਮਿਕਾ ਵਿਚ ਸ੍ਰੀ ਢੰਡ ਲਿਖਦੇ ਹਨ ਕਿ ਇਹ ਕਿਤਾਬ ‘‘ਮੇਰੀ ਟੁਕੜਿਆਂ ਵਿਚ ਵੰਡੀ ਜ਼ਿੰਦਗੀ ਦੇ ਖੱਟੇ-ਮਿੱਠੇ, ਕੌੜੇ ਕੁਸੈਲੇ ਅਨੁਭਵਾਂ ਦਾ ਸੰਗ੍ਰਹਿ ਹੈ। (ਇਹ) ਕੋਈ ਬਹੁਤੀ ਵਿਦਵਤਾ ਜਾਂ ਫਿਲਾਸਫੀ ਦਾ ਦਾਅਵਾ ਨਹੀਂ ਹੈ।’’ ਇਹੋ ਤੱਥ ਇਸ ਕਿਤਾਬ ਦੀ ਮੁੱਖ ਖ਼ੂਬੀ ਹੈ: ਫਲਸਫ਼ਾ ਝਾੜੇ ਬਿਨਾਂ ਆਪਣੇ ਸੁਨੇਹੇ ਰੌਚਿਕ ਤੇ ਪੁਰਅਸਰ ਅੰਦਾਜ਼ ਨਾਲ ਪਾਠਕ ਤਕ ਪਹੁੰਚਾਉਣ ਵਾਲੀ। ਹਰ ਨਬਿੰਧ ਸੁਨੇਹਾ ਦੇਣ ਵਾਲਾ ਹੈ, ਚਾਹੇ ਉਹ ‘ਵਿਆਹ ਦੇ ਬੀਅ ਦਾ ਲੇਖਾ’ ਹੋਵੇ ਜਾਂ ‘ਗ਼ਰਦਿਸ਼ ਦੇ ਦਿਨ’ ਜਾਂ ‘ਉਹ ਠਰੀ ਹੋਈ ਰਾਤ।’ ਸਵਾਗਤਯੋਗ ਹੈ ਇਹ ਸੰਗ੍ਰਹਿ।