ਗੁਰੂਸਰ ਸੁਧਾਰ (ਸੰਤੋਖ ਗਿੱਲ): ਚਾਰ ਮਹੀਨਿਆਂ ਤੋਂ ਮੁਹਾਲੀ ਵਿੱਚ ਡਾਇਰੈਕਟਰ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੇ ਦਫ਼ਤਰ ਸਾਹਮਣੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਪੱਕੇ ਮੋਰਚੇ ਦੇ ਆਗੂਆਂ ਵਿੱਚ ਆਪਸੀ ਵਖਰੇਵੇਂ ਉਭਰਦੇ ਦਿਖਾਈ ਦੇਣ ਲੱਗੇ ਹਨ। ਮੋਰਚੇ ਦੇ ਕੁਝ ਆਗੂਆਂ ਵੱਲੋਂ ਆਜ਼ਾਦੀ ਦਿਹਾੜੇ ਨੂੰ ਕਾਲੀ ਆਜ਼ਾਦੀ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਵਿਰੋਧ ਮੋਰਚੇ ਦੇ ਸੰਸਥਾਪਕ ਜਸਵੀਰ ਸਿੰਘ ਪਮਾਲੀ ਨੇ ਕੀਤਾ ਹੈ। ਇਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੋਰਚੇ ਦੇ ਕੁਝ ਆਗੂ ਏਜੰਡੇ ਤੋਂ ਭਟਕ ਗਏ ਹਨ ਤੇ ਆਰਐੱਸਐੱਸ ਦੇ ਹੱਥਠੋਕੇ ਬਣ ਕੇ ਆਪਣੀਆਂ ਸਿਆਸੀ ਇੱਛਾਵਾਂ ਪੂਰੀਆਂ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਹਾਨ ਦੇਸ਼ ਭਗਤਾਂ ਨੇ ਆਪਣੀਆਂ ਜ਼ਿੰਦਗੀਆਂ ਵਾਰ ਕੇ ਦੇਸ਼ ਨੂੰ ਆਜ਼ਾਦੀ ਦਿਵਾਈ ਸੀ, ਇਸ ਲਈ ਕਾਲੀ ਆਜ਼ਾਦੀ ਮਨਾਉਣ ਵਾਲੇ ਦੇਸ਼ ਭਗਤ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਵੱਲੋਂ ਦਿੱਤੇ ਸੰਵਿਧਾਨ ਨੇ ਸਾਰੇ ਅਧਿਕਾਰ ਦਿੱਤੇ ਹਨ, ਇਸ ਲਈ ਕਾਲੀ ਆਜ਼ਾਦੀ ਮਨਾਉਣ ਵਾਲੇ ਡਾ. ਅੰਬੇਦਕਰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ।