ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਅਗਸਤ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਛਤਰਸਾਲ ਸਟੇਡੀਅਮ ‘ਚ ਕੌਮੀ ਝੰਡਾ ਲਹਿਰਾਇਆ ਅਤੇ ਦਿੱਲੀ ਅਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਇਸ ਤੋਂ ਪਹਿਲਾਂ ਸਵੇਰੇ ਮੁੱਖ ਮੰਤਰੀ ਨੇ ਸੀਆਰਪੀਐਫ ਦੇ ਜਵਾਨਾਂ ਅਤੇ ਦਫ਼ਤਰੀ ਅਮਲੇ ਦੇ ਨਾਲ ਆਪਣੀ ਰਿਹਾਇਸ਼ ‘ਤੇ ਤਿਰੰਗਾ ਲਹਿਰਾਇਆ। ਇਸ ਮੌਕੇ ਮੁੱਖ ਮੰਤਰੀ ਨੇ ਦਿੱਲੀ ਦੇ ਦੋ ਕਰੋੜ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਖੋਹੇ ਉਨ੍ਹਾਂ ਦੇ ਜਮਹੂਰੀ ਅਧਿਕਾਰਾਂ ਨੂੰ ਵਾਪਸ ਦਿਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸੇਵਾਵਾਂ ਬਾਰੇ ਕਾਨੂੰਨ ਬਣਾ ਕੇ ਦਿੱਲੀ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਕੇਜਰੀਵਾਲ ਨੇ ਕਿਹਾ, ‘ਅਸੀਂ ਇਹ ਲੜਾਈ ਸੁਪਰੀਮ ਕੋਰਟ ਵਿੱਚ ਲੜਾਂਗੇ ਅਤੇ ਹੱਕ ਵਾਪਸ ਲਵਾਂਗੇ।’’ ਉਨ੍ਹਾਂ ਦਿੱਲੀ ਵਾਸੀਆਂ ਨੂੰ ਚਿੰਤਾ ਨਾ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਦਿੱਲੀ ’ਚ ਮੁਫਤ ਬਿਜਲੀ-ਪਾਣੀ, ਮੁਫਤ ਅਤੇ ਚੰਗੀ ਸਿੱਖਿਆ-ਸਿਹਤ ਅਤੇ ਔਰਤਾਂ ਲਈ ਮੁਫਤ ਬੱਸ ਯਾਤਰਾ ਜਾਰੀ ਰਹੇਗੀ।
ਉਨ੍ਹਾਂ ਕਿਹਾ ਕਿ ਭਾਰਤ ਸਿਰਫ਼ ਭਾਸ਼ਣ ਦੇਣ ਨਾਲ ਵਿਸ਼ਵਗੁਰੂ ਨਹੀਂ ਬਣ ਜਾਵੇਗਾ। ਜੇਕਰ ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ ਹੈ ਤਾਂ ਦੇਸ਼ ਦੇ ਹਰ ਵਰਗ ਲਈ ਮੁਫ਼ਤ ਸਿੱਖਿਆ, ਸਿਹਤ, ਬਿਜਲੀ ਅਤੇ ਪਾਣੀ ਦਾ ਪ੍ਰਬੰਧ ਕਰਨਾ ਹੋਵੇਗਾ। ਕੇਜਰੀਵਾਲ ਕਿਹਾ ਕਿ ਮੇਰਾ ਸੁਪਨਾ ਦੇਸ਼ ਦੇ ਹਰ ਗਰੀਬ ਦੀ ਗਰੀਬੀ ਦੂਰ ਕਰਨਾ ਨਹੀਂ, ਸਗੋਂ ਹਰ ਗਰੀਬ ਨੂੰ ਅਮੀਰ ਬਣਾਉਣਾ ਹੈ, ਕੁਝ ਪੂੰਜੀਪਤੀਆਂ ਦੇ 12 ਲੱਖ ਕਰੋੜ ਰੁਪਏ ਮਾਫ ਕਰ ਦਿੱਤੇ ਗਏ ਹਨ, ਦੇਸ਼ ਨੇ ਫੈਸਲਾ ਕਰਨਾ ਹੈ ਕਿ ਸਰਕਾਰਾਂ ਕੁਝ ਪੂੰਜੀਪਤੀਆਂ ਲਈ ਚਲਾਉਣੀਆਂ ਹਨ ਜਾਂ 140 ਕਰੋੜ ਲੋਕਾਂ ਲਈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੇ 140 ਕਰੋੜ ਲੋਕਾਂ ਨੂੰ 200 ਯੂਨਿਟ ਮੁਫਤ ਬਿਜਲੀ ਦੇਣ ਲਈ ਸਿਰਫ ਡੇਢ ਲੱਖ ਕਰੋੜ ਰੁਪਏ ਦੀ ਲੋੜ ਹੈ, ਦੇਸ਼ ਵਿੱਚ 4.25 ਲੱਖ ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਇੰਨੀ ਬਿਜਲੀ ਪੈਦਾ ਹੋਣੀ ਸ਼ੁਰੂ ਹੋ ਜਾਵੇ ਤਾਂ ਹਰ ਘਰ ਨੂੰ 24 ਘੰਟੇ ਹੋਰ ਸਸਤੀ ਬਿਜਲੀ ਦਿੱਤੀ ਜਾ ਸਕਦੀ ਹੈ। ਜੇਕਰ ਸਾਰੇ ਪਾਵਰ ਪਲਾਂਟ ਚਾਲੂ ਹੋ ਜਾਣ, ਸਾਰੇ ਸਕੂਲ, ਹਸਪਤਾਲ ਅਤੇ ਮੁਹੱਲਾ ਕਲੀਨਿਕ ਖੁੱਲ੍ਹ ਜਾਣ ਤਾਂ ਤਿੰਨ ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲੇਗਾ।
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਠੀਕ ਕਰਨ ਲਈ 6 ਲੱਖ ਕਰੋੜ ਦੀ ਲੋੜ ਹੈ ਤੇ ਚੰਗੀ ਸਿੱਖਿਆ, ਅਧਿਆਪਕ ਸਿਖਲਾਈ ਲਈ ਹਰ ਸਾਲ 7.50 ਲੱਖ ਕਰੋੜ ਦੀ ਲੋੜ ਹੈ। 1 ਲੱਖ ਮੁਹੱਲਾ ਕਲੀਨਿਕ ਬਣਾਉਣ ਲਈ 10 ਹਜ਼ਾਰ ਕਰੋੜ, ਹਰ ਜ਼ਿਲ੍ਹੇ ਵਿੱਚ 500 ਬਿਸਤਰਿਆਂ ਦਾ ਹਸਪਤਾਲ ਬਣਾਉਣ ਲਈ 1.25 ਲੱਖ ਕਰੋੜ ਤੇ ਮੁਫ਼ਤ ਇਲਾਜ ਲਈ 2.50 ਲੱਖ ਕਰੋੜ ਰੁਪਏ ਦੀ ਲੋੜ ਹੈ। ਦੇਸ਼ ‘ਚ ਸਭ ਤੋਂ ਘੱਟ ਮਹਿੰਗਾਈ ਦਿੱਲੀ ‘ਚ ਹੈ, ਕਿਉਂਕਿ ਬਿਜਲੀ, ਪਾਣੀ, ਸਿੱਖਿਆ ਅਤੇ ਸਿਹਤ ਮੁਫਤ ਹੈ, ਸਾਡੇ ਕੋਲ ਸਾਧਨਾਂ ਦੀ ਕਮੀ ਨਹੀਂ।
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): 77ਵੇਂ ਆਜ਼ਾਦੀ ਦਿਹਾੜੇ ਮੌਕੇ ਸ਼ਹਿਰ ਦੇ ਵੱਖ ਵੱਖ ਸਕੂਲਾਂ ਵਿਚ ਕੌਮੀ ਝੰਡਾ ਲਹਿਰਾਇਆ ਗਿਆ। ਸਕੂਲੀ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਸਤਲੁਜ ਸੀਨੀਅਰ ਸੈਕੰਡਰੀ ਸਕੂਲ ’ਚ ਇਕ ਸਮਾਰੋਹ ਦਾ ਕੀਤਾ ਗਿਆ। ਜਿਸ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸਪੀਲ ਡਾ. ਆਰਐੱਸ ਘੁੰਮਣ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਕੀਤੀ। ਉਨ੍ਹਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਜ਼ਾਦੀ ਦਿਹਾੜੇ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ, ਰੁਕਮਣੀ ਸਕੂਲ, ਬਰਾਈਲੈਂਟ ਮਾਈਂਡ ਸਕੂਲ, ਆਰੀਆ ਸਕੂਲ, ਵਿਸ਼ਵਾਸ਼ ਪਬਲਿਕ ਸਕੂਲ, ਗੀਤਾ ਸਕੂਲ, ਐੱਮਐੱਨ ਕਾਲਜ ਆਰੀਆ ਕੰਨਿਆ ਕਾਲਜ ਵਿਚ ਵੀ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ। ਇਸੇ ਤਰ੍ਹਾਂ ਐੱਸਡੀਐੱਮ ਪੁਲਕਿਤ ਮਲਹੋਤਰਾ ਨੇ ਨਵੀਂ ਅਨਾਜ ਮੰਡੀ ’ਚ ਰਾਸ਼ਟਰੀ ਝੰਡਾ ਲਹਿਰਾਇਆ।
ਰਤੀਆ (ਪੱਤਰ ਪ੍ਰੇਰਕ): ਫਤਿਹਾਬਾਦ ਦੇ ਵਿਧਾਇਕ ਦੂੜਾਰਾਮ ਨੇ ਸਰਕਾਰੀ ਮਹਿਲਾ ਕਾਲਜ ਜਾਖਨਦਾਦੀ (ਰਤੀਆ) ਵਿੱਚ ਸਬ-ਡਵੀਜ਼ਨ ਪੱਧਰੀ ਆਜ਼ਾਦੀ ਦਿਹਾੜੇ ਮੌਕੇ ਝੰਡਾ ਲਹਿਰਾ ਕੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਦੌਰਾਨ ਉਨ੍ਹਾਂ ਨੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਹਰ ਭਾਰਤੀ ਲਈ ਖੁਸ਼ੀ ਦਾ ਦਿਨ ਹੈ। ਵਿਧਾਇਕ ਦੂੜਾਰਾਮ ਨੇ ਕਿਹਾ ਕਿਉਨ੍ਹਾਂ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਬਾਗਬਾਨੀ ਫਸਲਾਂ ਨੂੰ ਮੌਸਮ ਤੋਂ ਬਚਾਉਣ ਲਈ ਮੁੱਖ ਮੰਤਰੀ ਬਾਗਬਾਨੀ ਬੀਮਾ ਯੋਜਨਾ ਸ਼ੁਰੂ ਕੀਤੀ ਹੈ। ਪਸ਼ੂ ਪਾਲਣ ਪਿੰਡ ਵਾਸੀਆਂ ਦੀ ਆਮਦਨ ਦਾ ਵੱਡਾ ਸਾਧਨ ਹੈ।
ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਕਿਸਾਨ ਕ੍ਰੈਡਿਟ ਕਾਰਡ ਦੀ ਤਰਜ਼ ’ਤੇ ਪਸ਼ੂਧਨ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਸ਼ੁਰੂ ਕੀਤੀ ਹੈ। ਉਦਯੋਗ ਸਾਡੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਅਸੀਂ ਹਰਿਆਣਾ ਦੇ ਉਦਯੋਗਿਕ ਵਿਕਾਸ ਨੂੰ ਤੇਜ਼ ਕਰਨ ਲਈ ਕਾਰੋਬਾਰ ਕਰਨ ਵਿੱਚ ਅਸਾਨੀ ਦਾ ਇੱਕ ਈਕੋ-ਸਿਸਟਮ ਬਣਾਇਆ ਹੈ। ਇਸ ਮੌਕੇ ਐੱਸਡੀਐੱਮ ਜਗਦੀਸ਼ ਚੰਦਰ, ਬੀਡੀਪੀਓ ਸੰਦੀਪ ਭਾਰਦਵਾਜ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਖ-ਵੱਖ ਵਾਰਡਾਂ ਦੇ ਕੌਂਸਲਰ, ਲੋਕ ਨੁਮਾਇੰਦੇ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।