ਗਾਂਧੀਨਗਰ, 17 ਅਗਸਤ
ਆਲਮੀ ਸਿਹਤ ਸੰਸਥਾ ਦੇ ਮੁਖੀ ਡਾ. ਟੈਡਰੋਸ ਗੈਬ੍ਰਿਸਸ ਨੇ ਆਯੁਰਵੇਦ ਤੇ ਯੋਗਾ ਜਿਹੀਆਂ ਰਵਾਇਤੀ ਇਲਾਜ ਪ੍ਰਣਾਲੀਆਂ ਵਿੱਚ ਭਾਰਤ ਦੇ ‘ਸ਼ਾਨਾਂਮੱਤੇ ਇਤਿਹਾਸ’ ਦੀ ਸ਼ਲਾਘਾ ਕਰਦਿਆਂ ਇਸ ਪੁਰਾਤਨ ਔਸ਼ਧੀ ਜਾਣਕਾਰੀ ਨੂੰ ਮੁਲਕਾਂ ਦੇ ਕੌਮੀ ਸਿਹਤ ਪ੍ਰਬੰਧ ਨਾਲ ਇਕਮਿਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਗੈਬ੍ਰਿਸਸ ਗਾਂਧੀਨਗਰ ਦੇ ਮਹਾਤਮਾ ਮੰਦਿਰ ਕਨਵੈਨਸ਼ਨ ਸੈਂਟਰ ਵਿਚ ਜੀ-20 ਸਿਹਤ ਮੰਤਰੀਆਂ ਦੀਆਂ ਬੈਠਕਾਂ ਦੀ ਕੜੀ ਵਿੱਚ ਡਬਲਿਊਐੱਚਓ ਦੀ ਰਵਾਇਤੀ ਮੈਡੀਸਨ ਬਾਰੇ ਆਲਮੀ ਸਿਖਰ ਵਾਰਤਾ ਦਾ ਉਦਘਾਟਨ ਕਰਨ ਮੌਕੇ ਬੋਲ ਰਹੇ ਸਨ।
ਡਾ. ਗੈਬ੍ਰਿਸਸ ਨੇ ਕਿਹਾ, ‘‘ਭਾਰਤ ਦਾ ਆਯੁਰਵੇਦ ਤੇ ਯੋਗਾ ਜ਼ਰੀਏ ਰਵਾਇਤੀ ਮੈਡੀਸਨ ਦਾ ਸ਼ਾਨਾਮੱਤਾ ਇਤਿਹਾਸ ਰਿਹਾ ਹੈ, ਜੋ ਦਰਦ ਨਿਵਾਰਣ ਵਿਚ ਕਾਰਗਰ ਸਾਬਤ ਹੋਇਆ ਹੈ। ਗੁਜਰਾਤ ਐਲਾਨਨਾਮੇ, ਜੋ ਇਸ ਸਿਖਰ ਵਾਰਤਾ ਦਾ ਮੁੱਖ ਸਿੱਟਾ ਹੋਵੇਗਾ, ਦਾ ਸਾਰਾ ਧਿਆਨ ਰਵਾਇਤੀ ਮੈਡੀਸਨ ਨੂੰ ਕੌਮੀ ਸਿਹਤ ਪ੍ਰਬੰਧ ਨਾਲ ਇਕਮਿਕ ਕਰਨ, ਅਤੇ ਵਿਗਿਆਨ ਜ਼ਰੀਏ ਰਵਾਇਤੀ ਮੈਡੀਸਨ ਦੀ ਤਾਕਤ ਨੂੰ ਖੋਲ੍ਹਣ ਵਿੱਚ ਮਦਦਗਾਰ ਹੋਵੇਗਾ।’’ ਡਾ. ਗੈਬ੍ਰਿਸਸ ਨੇ ਆਯੂੁਸ਼ਮਾਨ ਭਾਰਤ ਸਕੀਮ ਤਹਿਤ ਸਾਰਿਆਂ ਨੂੰ ਸਿਹਤ ਸੁਰੱਖਿਆ ਮੁਹੱਈਆ ਕਰਵਾਉਣ ਦੇ ਯਤਨਾਂ ਲਈ ਭਾਰਤ ਦੀ ਸ਼ਲਾਘਾ ਕੀਤੀ। ਡਬਲਿਊਐੱਚਓ ਮੁਖੀ ਬੁੱਧਵਾਰ ਨੂੰ ਗਾਂਧੀਨਗਰ ਦੇ ਆਯੂਸ਼ਮਾਨ ਭਾਰਤ ਵੈੱਲਨੈੱਸ ਸੈਂਟਰ ਗਏ ਸਨ।
ਆਪਣੀ ਇਸ ਫੇਰੀ ਦੌਰਾਨ ਉਨ੍ਹਾਂ ਕਿਹਾ, ‘‘ਮੈਂ ਦੇਖਿਆ ਕਿ ਕਿਵੇਂ ਰਵਾਇਤੀ ਮੈਡੀਸਨ ਨੂੰ ਪ੍ਰਾਇਮਰੀ ਸਿਹਤ ਸੰਭਾਲ ਪੱਧਰ ’ਤੇ ਇੰਟੀਗ੍ਰੇਟ ਕੀਤਾ ਜਾਂਦਾ ਹੈ। ਰਵਾਇਤੀ ਮੈਡੀਸਨ ਦੀਆਂ ਵੱਡੀਆਂ ਤਾਕਤਾਂ ਵਿਚੋਂ ਇਕ… ਮਨੁੱਖਾਂ ਦੀ ਸਿਹਤ ਤੇ ਸਾਡੇ ਚੌਗਿਰਦੇ ਵਿਚਲੇ ਰਿਸ਼ਤੇ ਨੂੰ ਸਮਝਣਾ ਹੈ। ਇਹੀ ਵਜ੍ਹਾ ਹੈ ਕਿ ਆਲਮੀ ਸਿਹਤ ਸੰਸਥਾ ਜਾਮਨਗਰ ਵਿੱਚ ਆਪਣੇ ਰਵਾਇਤੀ ਮੈਡੀਸਨ ਬਾਰੇ ਆਲਮੀ ਕੇਂਦਰ ਜ਼ਰੀਏ ਰਵਾਇਤੀ ਮੈਡੀਸਨ ਦੀ ਸਮਰੱਥਾ ਖੋਲ੍ਹਣ ਲਈ ਵਚਨਬੱਧ ਹੈ।’’
ਉਨ੍ਹਾਂ ਸਿਖਰ ਵਾਰਤਾ ਵਿਚ ਸ਼ਾਮਲ ਭਾਈਵਾਲਾਂ ਨੂੰ ਅਪੀਲ ਕੀਤੀ ਕਿ ਉਹ ਇਸ ਈਵੈਂਟ ਨੂੰ ਆਲਮੀ ਪੇਸ਼ਕਦਮੀ ਦੇ ਸ਼ੁਰੂਆਤੀ ਬਿੰਦੂ ਵਜੋਂ ਵਰਤਣ। ਉਨ੍ਹਾਂ ਕਿਹਾ ਕਿ ਰਵਾਇਤੀ ਮੈਡੀਸਨ ਬੀਤੇ ਦੀ ਗੱਲ ਨਹੀਂ ਕਿਉਂਕਿ ਵੱਖ ਵੱਖ ਮੁਲਕਾਂ, ਭਾਈਚਾਰਿਆਂ ਤੇ ਸਭਿਆਚਾਰਾਂ ਵੱਲੋਂ ਇਸ ਦੀ ਮੰਗ ਵਧਣ ਲੱਗੀ ਹੈ।
ਡਾ. ਟੈਡਰੋਸ ਗੈਬ੍ਰਿਸਸ ਮਗਰੋਂ ‘ਵਨ ਅਰਥ ਵਨ ਹੈੱਲਥ- ਐਡਵਾਂਟੇਜ ਹੈਲਥਕੇਅਰ ਇੰਡੀਆ 2023’’ ਕਾਨਫਰੰਸ ਦੇ ਉਦਘਾਟਨੀ ਸਮਾਗਮ ਵਿਚ ਵੀ ਸ਼ਾਮਲ ਹੋਏ, ਜਿਸ ਵਿੱਚ 70 ਦੇ ਕਰੀਬ ਮੁਲਕਾਂ ਦੇ ਡੈਲੀਗੇਟ ਹਾਜ਼ਰ ਸਨ।
ਡਬਲਿਊਐੱਚਓ ਮੁਖੀ ਨੇ ਕਿਹਾ ਕਿ ਉਨ੍ਹਾਂ ਆਯੁਰਵੇਦ ਬਾਰੇ ਸਭ ਤੋਂ ਪਹਿਲਾਂ ਆਪਣੇ ਭਾਰਤੀ ਅਧਿਆਪਕ ਤੋਂ ਸੁਣਿਆ ਸੀ, ਜਦੋਂ ਉਹ ਇਥੋਪੀਆ ਵਿੱਚ ਪੜ੍ਹਦੇ ਸਨ। -ਪੀਟੀਆਈ