ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 17 ਅਗਸਤ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਅਤੇ ਗੋਪਾਲਪੁਰ ਮਜਵਿੰਡ ਇਕਾਈਆਂ ਦੇ ਆਗੂਆਂ ਦੇ ਇਕ ਵਫ਼ਦ ਜਿਸ ਵਿੱਚ ਤਰਕਸ਼ੀਲ ਆਗੂ ਸੁਮੀਤ ਸਿੰਘ, ਮੁਖ਼ਤਿਆਰ ਗੋਪਾਲਪੁਰ, ਪ੍ਰਿੰਸੀਪਲ ਮੇਲਾ ਰਾਮ ਅਤੇ ਪਰਮਜੀਤ ਸਿੰਘ ਸ਼ਾਮਲ ਸਨ, ਵੱਲੋਂ ਲੜਕੀ ਦੀ ਹੱਤਿਆ ਲਈ ਉਕਸਾਉਣ ਵਾਲੇ ਤਾਂਤਰਿਕ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੁਲੀਸ ਕਮਿਸ਼ਨਰ ਦੇ ਨਾਂ ਅੱਜ ਐਡੀਸ਼ਨਲ ਡਿਪਟੀ ਕਮਿਸ਼ਨਰ ਪੁਲੀਸ ਹਰਜੀਤ ਸਿੰਘ ਧਾਲੀਵਾਲ ਨੂੰ ਮੰਗ ਪੱਤਰ ਸੌਂਪਿਆ। ਇਸ ਦੇ ਨਾਲ ਹੀ ਇਸ ਵਹਿਸ਼ੀ ਬਲੀ ਕਾਂਡ ਦੀ ਜਾਂਚ ਪੜਤਾਲ ਵੇਰਕਾ ਪੁਲੀਸ ਦੀ ਥਾਂ ਕਿਸੇ ਉੱਚ ਪੁਲੀਸ ਅਧਿਕਾਰੀ ਤੋਂ ਕਰਵਾਉਣ, ਕੇਸ ਦੀ ਕਾਰਵਾਈ ਫਾਸਟ ਟਰੈਕ ਅਦਾਲਤ ਵਿੱਚ ਚਲਾਉਣ ਅਤੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਪੁਲੀਸ ਅਧਿਕਾਰੀ ਨੇ ਤਰਕਸ਼ੀਲ ਆਗੂਆਂ ਨੂੰ ਭਰੋਸਾ ਦਿੱਤਾ ਕਿ ਤਾਂਤਰਿਕ ਨੂੰ ਗ੍ਰਿਫ਼ਤਾਰ ਕਰਨ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੁਲੀਸ ਵੱਲੋਂ ਯਤਨ ਤੇਜ਼ ਕੀਤੇ ਜਾਣਗੇ।
ਆਗੂਆਂ ਨੇ ਦੱਸਿਆ ਕਿ ਪਿਛਲੇ ਮਹੀਨੇ ਦੀ 11 ਜੁਲਾਈ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੂਧਲ ਦੇ ਚਾਰ ਵਿਅਕਤੀਆਂ ਵੱਲੋਂ ਆਪਣਾ ਕਾਰੋਬਾਰ ਵਧਾਉਣ ਲਈ ਕਿਸੇ ਤਾਂਤਰਿਕ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਹੀ ਸਕੇ ਰਿਸ਼ਤੇਦਾਰ ਦੀ 9 ਸਾਲਾ ਮਾਸੂਮ ਲੜਕੀ ਸੁਖਮਨਦੀਪ ਕੌਰ ਦੀ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਬੇਸ਼ੱਕ ਪੁਲੀਸ ਵੱਲੋਂ ਚਾਰੇ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਗਏ ਸਨ, ਪਰ ਇਸ ਵਹਿਸ਼ੀ ਹੱਤਿਆ ਕਾਂਡ ਲਈ ਮੁਲਜ਼ਮਾਂ ਨੂੰ ਉਕਸਾਉਣ ਵਾਲੇ ਤਾਂਤਰਿਕ ਨੂੰ ਹੱਤਿਆ ਤੋਂ ਇਕ ਮਹੀਨੇ ਬਾਅਦ ਵੀ ਵੇਰਕਾ ਪੁਲੀਸ ਵੱਲੋਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ਸਬੰਧੀ ਵੇਰਕਾ ਥਾਣੇ ਦੇ ਮੁਖੀ ਹਰਸੰਦੀਪ ਸਿੰਘ ਵੱਲੋਂ ਤਰਕਸ਼ੀਲ ਆਗੂਆਂ ਨੂੰ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਪੁਲੀਸ ਵੱਲੋਂ ਮੁੱਖ ਦੋਸ਼ੀ ਤਾਂਤਰਿਕ ਨੂੰ ਗ੍ਰਿਫ਼ਤਾਰ ਕਰਨ ਤੋਂ ਟਾਲ਼ਾ ਵੱਟਿਆ ਜਾ ਰਿਹਾ ਹੈ। ਤਰਕਸ਼ੀਲ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਖੰਡੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਅੰਧ ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕੀਤਾ ਜਾਵੇ।