ਸੰਜੀਵ ਬੱਬੀ
ਚਮਕੌਰ ਸਾਹਿਬ, 20 ਅਗਸਤ
ਚਮਕੌਰ ਸਾਹਿਬ ਇਲਾਕੇ ਵਿੱਚ ਭਾਂਡੇ ਵੇਚਣ ਵਾਲੀ ਔਰਤ ਚੋਰ ਗਰੋਹ ਸਰਗਰਮ ਹੋ ਕੇ ਪਿੰਡਾਂ ਵਿੱਚ ਲੋਕਾਂ ਨੂੰ ਲੁੱਟ ਦਾ ਸਿਕਾਰ ਬਣਾ ਰਿਹਾ ਹੈ। ਇੱਥੋ ਦੇ ਵਾਰਡ ਨੰਬਰ 6 ਭੂਰੜੇ ਰੋਡ ਵਿਖੇ ਰਹਿ ਰਹੀਆਂ ਔਰਤਾਂ ਕੁਲਵਿੰਦਰ ਕੌਰ, ਕਾਂਤਾ ਦੇਵੀ ਅਤੇ ਤਾਰਾ ਦੇਵੀ ਨੇ ਦੱਸਿਆ ਕਿ ਬੀਤੇ ਦਿਨੀਂ ਇੱਕ ਔਰਤ ਜਿਸ ਦੀ ਉਮਰ 32 ਸਾਲ ਦੇ ਕਰੀਬ ਸੀ, ਉਨ੍ਹਾਂ ਦੇ ਮੁਹੱਲੇ ਵਿੱਚ ਸਟੀਲ ਦੇ ਭਾਂਡੇ ਵੇਚਣ ਆਈ ਸੀ। ਉਨ੍ਹਾਂ ਵੱਲੋਂ ਉਕਤ ਔਰਤ ਨੂੰ ਭਾਂਡੇ ਖਰੀਦਣ ਲਈ ਆਪਣੇ ਘਰ ਬਿਠਾ ਲਿਆ ਅਤੇ ਉਹ ਭਾਂਡੇ ਵੇਖਣ ਲੱਗ ਪਈਆਂ। ਉਨ੍ਹਾਂ ਦੱਸਿਆ ਕਿ ਜਦੋਂ ਉਹ ਭਾਂਡੇ ਵੇਖਣ ਰਹੀਆਂ ਸਨ ਤਾਂ ਉਕਤ ਔਰਤ ਨੇ ਉਨ੍ਹਾਂ ਨੂੰ ਪਤਾ ਨਹੀਂ ਕੀ ਕੀਤਾ ਕਿ ਉਕਤ ਔਰਤ ਨੂੰ ਉਨ੍ਹਾਂ ਵੱਲੋਂ ਪਾਏ ਹੋਏ ਗਹਿਣੇ, ਘਰ ਵਿੱਚ ਪਏ ਪੈਸੇ ਅਤੇ ਹੋਰ ਸਮਾਨ ਲਿਆ ਕੇ ਫੜਾ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਔਰਤ ਉਨ੍ਹਾਂ ਵੱਲੋਂ ਦਿੱਤੇ ਸਮਾਨ ਸਮੇਤ ਰਸੋਈ ਵਿੱਚ ਪਿਆ ਹੋਰ ਸਮਾਨ ਵੀ ਲੈ ਕੇ ਫਰਾਰ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਹੋਸ਼ ਆਇਆ ਤਾਂ ਉਕਤ ਔਰਤ ਸਾਰਾ ਸਮਾਨ ਲੈ ਕੇ ਫਰਾਰ ਹੋ ਚੁੱਕੀ ਸੀ। ਪੀੜਤ ਔਰਤਾਂ ਨੇ ਇਸ ਚੋਰੀ ਸਬੰਧੀ ਥਾਣੇ ਵਿੱਚ ਸ਼ਿਕਾਇਤ ਦੇ ਨਾਲ ਉਕਤ ਔਰਤ ਦੀ ਮੋਬਾਈਲ ਵਿੱਚ ਖਿੱਚੀ ਗਈ ਫੋਟੋ ਵੀ ਪੁਲੀਸ ਨੂੰ ਦਿੱਤੀ ਹੈ। ਥਾਣਾ ਮੁਖੀ ਹਰਸ਼ ਮੋਹਣ ਗੌਤਮ ਨੇ ਕਿਹਾ ਕਿ ਜਲਦੀ ਹੀ ਚੋਰੀ ਕਰਨ ਵਾਲੀ ਉਕਤ ਔਰਤ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।