ਪਰਮਜੀਤ ਸਿੰਘ
ਫ਼ਾਜ਼ਿਲਕਾ, 20 ਅਗਸਤ
ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਕਾਵਾਂਵਾਲੀ ਪੱਤਣ ਦੇ ਪੁਲ ਤੋਂ ਪਾਣੀ ਉਪਰ ਦੀ ਗੁਜ਼ਰ ਰਿਹਾ ਹੈ। ਇੱਥੇ ਪੁਲ ਦੇ ਉਪਰ ਤੋਂ ਪਾਣੀ 2013 ਦੇ ਹੜ੍ਹਾਂ ਮੌਕੇ ਗੁਜ਼ਰਿਆ ਸੀ। ਪਰ ਹੁਣ ਇਕ ਵਾਰ ਫਿਰ ਪਾਣੀ ਦਾ ਵਹਾਅ ਤੇਜ਼ ਹੈ ਅਤੇ ਸਰਹੱਦੀ ਲੋਕ ਹੁਣ ਡਰ ਦੇ ਸਾਏ ਹੇਠ ਆ ਗਏ ਹਨ। ਕਾਵਾਂਵਾਲੀ ਪੱਤਣ ਤੋਂ ਪਾਰ ਕਰੀਬ 14 -15 ਪਿੰਡ ਪੈਂਦੇ ਹਨ। ਇਨ੍ਹਾਂ ਪਿੰਡਾਂ ਵਿਚ ਕਈ ਪਿੰਡ ਵੱਡੀ ਆਬਾਦੀ ਵਾਲੇ ਹਨ। ਜਿਵੇਂ ਕਿ ਮਹਾਤਮ ਨਗਰ ਅਤੇ ਝੰਗੜ ਭੈਣੀ ਤੋਂ ਇਲਾਵਾ ਹੋਰ ਪਿੰਡ ਵੀ ਵੱਡੀ ਆਬਾਦੀ ਵਾਲੇ ਹਨ, ਇਨ੍ਹਾਂ ਪਿੰਡਾਂ ਵਿਚੋਂ ਬਹੁਤੇ ਲੋਕ ਪਾਣੀ ਦਾ ਚੜਾਅ ਦੇਖ ਕੇ ਨਿਕਲ ਆਏ ਸਨ। ਪਰ ਪਤਾ ਲੱਗਾ ਹੈ ਕਿ ਬਹੁਤੇ ਪਿੰਡਾਂ ਵਿਚ ਅਜੇ ਵੀ ਲੋਕ ਫ਼ਸੇ ਹੋਏ ਹਨ। ਮਹਾਤਮਾ ਨਗਰ ਦੀ ਗੱਲ ਕਰੀਏ ਤਾਂ ਇਹ ਪਿੰਡ ਵੱਡੀ ਆਬਾਦੀ ਵਾਲਾ ਹੈ। ਇੱਥੇ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਨਾਲ ਹੁਣ ਐੱਨਡੀਆਰਐੱਫ਼ ਦੀਆਂ ਟੀਮਾਂ ਨੇ ਵੀ ਮੋਰਚਾ ਸੰਭਾਲ ਲਿਆ ਹੈ, ਜਿੱਥੇ ਕਿਸ਼ਤੀਆਂ ਰਾਹੀਂ ਫ਼ਸੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਸਤਲੁਜ ਦਰਿਆ ਦੇ ਚੜ੍ਹਦੇ ਵਾਲੇ ਪਾਸੇ ਦੇ ਪਿੰਡ ਅਜੇ ਤੱਕ ਸੁਰੱਖਿਅਤ ਹਨ ਕਿਉਂ ਕਿ ਇਸ ਪਾਸੇ ਸਤਲੁਜ ਦਰਿਆ ਦਾ ਬੰਨ੍ਹ ਮਜ਼ਬੂਤ ਹੈ। ਪਰ ਫਿਰ ਵੀ ਕਿੱਧਰੇ ਨਾ ਕਿੱਧਰੇ ਪ੍ਰਸ਼ਾਸਨ ਨੂੰ ਇਸ ਪਾਸੇ ਵੀ ਚੌਕਸੀ ਰੱਖਣ ਦੀ ਜ਼ਰੂਰਤ ਹੈ ਕਿਉਂ ਕਿ ਚੜ੍ਹਦੇ ਵਾਲੇ ਪਾਸੇ ਵੀ ਬੰਨ੍ਹ ਦੀ ਚੌਕਸੀ ਜ਼ਰੂਰੀ ਹੈ। ਉਧਰ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਬੀਐਸਐਫ ਦੀ ਦੇਖਰੇਖ ਵਿਚ ਲੋਕਾਂ ਨੇ ਭਾਰਤ-ਪਾਕਿ ਸਰਹੱਦ ’ਤੇ ਕੰਡਿਆਲੀ ਤਾਰ ਦੇ ਬਿਲਕੁਲ ਨਾਲ 2200 ਮੀਟਰ ਲੰਬਾ ਸੁਰੱਖਿਆ ਬੰਨ ਬਣਾ ਕੇ 3000 ਏਕੜ ਤੋਂ ਵੱਧ ਫਸਲ ਨੂੰ ਬਚਾਇਆ ਹੈ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਇਸ ਬੰਨ੍ਹ ਦਾ ਨਿਰੀਖਣ ਕੀਤਾ ਅਤੇ ਇਸ ਕੰਮ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੇ ਲੋਕਾਂ ਦੀ ਹੌਂਸਲਾ ਅਫ਼ਜਾਈ ਕੀਤੀ।