ਨਵੀਂ ਦਿੱਲੀ, 20 ਅਗਸਤ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਦੇ ਅਹਿਮ ਫ਼ੈਸਲੇ ਲੈਣ ਵਾਲੀ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦਾ ਨਵੇਂ ਸਿਰੇ ਤੋਂ ਗਠਨ ਕਰਦਿਆਂ 84 ਮੈਂਬਰੀ ਟੀਮ ’ਚ ਸ਼ਸ਼ੀ ਥਰੂਰ ਅਤੇ ਆਨੰਦ ਸ਼ਰਮਾ ਸਮੇਤ ਨਾਰਾਜ਼ ਧੜੇ ਜੀ-23 ਦੇ ਕੁਝ ਆਗੂਆਂ ਨੂੰ ਵੀ ਸ਼ਾਮਲ ਕੀਤਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਤਿਭਾ ਸਿੰਘ ਨੂੰ ਇਸ ਅਹਿਮ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ। ਥਰੂਰ ਨੂੰ ਹਰਾ ਕੇ ਪਾਰਟੀ ਦੀ ਕਮਾਨ ਸੰਭਾਲਣ ਦੇ 10 ਮਹੀਨਿਆਂ ਮਗਰੋਂ ਖੜਗੇ ਨੇ ਕਾਂਗਰਸ ਵਰਕਿੰਗ ਕਮੇਟੀ ਬਣਾਈ ਹੈ ਜਿਸ ’ਚ ਕਈ ਨੌਜਵਾਨ ਚਿਹਰੇ ਵੀ ਸ਼ਾਮਲ ਹਨ ਜੋ 50 ਸਾਲ ਤੋਂ ਘੱਟ ਉਮਰ ਦੇ ਹਨ। ਇਸ ਤੋਂ ਇਲਾਵਾ ਕਮਜ਼ੋਰ ਵਰਗਾਂ ਦੇ ਆਗੂਆਂ ਅਤੇ 15 ਔਰਤਾਂ ਨੂੰ ਵੀ ਕਮੇਟੀ ’ਚ ਥਾਂ ਦਿੱਤੀ ਗਈ ਹੈ। ਨਵੀਂ ਸੀਡਬਲਿਊਸੀ ’ਚ 39 ਰੈਗੂਲਰ ਮੈਂਬਰ, 32 ਪੱਕੇ ਇਨਵਾਇਟੀ ਅਤੇ 13 ਵਿਸ਼ੇਸ਼ ਇਨਵਾਇਟੀ ਸ਼ਾਮਲ ਹਨ। ਕਮੇਟੀ ’ਚ ਯੂਥ ਕਾਂਗਰਸ, ਕੁਝ ਪ੍ਰਦੇਸ਼ਾਂ ਦੇ ਇੰਚਾਰਜਾਂ, ਐੱਨਐੱਸਯੂਆਈ, ਮਹਿਲਾ ਕਾਂਗਰਸ ਅਤੇ ਸੇਵਾ ਦਲ ਦੇ ਪ੍ਰਧਾਨਾਂ ਨੂੰ ਵੀ ਤਰਜੀਹ ਦਿੱਤੀ ਗਈ ਹੈ।
ਤਤਕਾਲੀ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖਣ ਅਤੇ ਪਾਰਟੀ ਦੀ ਲੀਡਰਸ਼ਿਪ ’ਤੇ ਸਵਾਲ ਚੁੱਕਣ ਵਾਲੇ ਨਾਰਾਜ਼ ਧੜੇ ਦੇ 23 ਆਗੂਆਂ ’ਚ ਸ਼ਾਮਲ ਮੁਕੁਲ ਵਾਸਨਿਕ, ਆਨੰਦ ਸ਼ਰਮਾ ਅਤੇ ਥਰੂਰ ਨੂੰ ਵੀ ਨਵੀਂ ਸੀਡਬਲਿਊਸੀ ’ਚ ਰੈਗੂਲਰ ਮੈਂਬਰ ਬਣਾਇਆ ਗਿਆ ਹੈ। ਧੜੇ ਦੇ ਮਨੀਸ਼ ਤਿਵਾੜੀ ਅਤੇ ਵੀਰੱਪਾ ਮੋਇਲੀ ਨੂੰ ਸੀਡਬਲਿਊਸੀ ’ਚ ਪਰਮਾਨੈਂਟ ਇਨਵਾਇਟੀ ਬਣਾਇਆ ਗਿਆ ਹੈ। ਰਾਜਸਥਾਨ ’ਚ ਪਾਰਟੀ ਦੀ ਸਰਕਾਰ ਖ਼ਿਲਾਫ਼ ਬਗ਼ਾਵਤ ਕਰਨ ਅਤੇ ਬਾਅਦ ’ਚ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਸਚਿਨ ਪਾਇਲਟ ਨੂੰ ਵੀ ਨਵੀਂ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਨਵੀਂ ਸੀਡਬਲਿਊਸੀ ’ਚ ਰਾਜਸਥਾਨ ਦੇ ਸਾਬਕਾ ਸੰਸਦ ਮੈਂਬਰ ਰਘੂਵੀਰ ਸਿੰਘ ਮੀਣਾ, ਜੈ ਪ੍ਰਕਾਸ਼ ਅਗਰਵਾਲ, ਦਿਨੇਸ਼ ਗੁੰਡੂ ਰਾਓ, ਐੱਚ ਕੇ ਪਾਟਿਲ, ਕੇ ਐੱਚ ਮੁਨਿਅੱਪਾ, ਪੀ ਐੱਲ ਪੂਨੀਆ, ਪ੍ਰਮੋਦ ਤਿਵਾੜੀ ਅਤੇ ਰਘੂ ਸ਼ਰਮਾ ਨੂੰ ਬਾਹਰ ਰੱਖਿਆ ਗਿਆ ਹੈ। ਗੁੰਡੂ ਰਾਓ, ਮੁਨਿਅੱਪਾ ਅਤੇ ਪਾਟਿਲ ਕਰਨਾਟਕ ’ਚ ਕਾਂਗਰਸ ਸਰਕਾਰ ’ਚ ਮੰਤਰੀ ਹਨ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਰਾਓ ਚਵਾਨ, ਐੱਨ ਰਘੂਵੀਰਾ ਰੈੱਡੀ, ਤਾਮਰ ਧਵੱਜ ਸਾਹੂ, ਦੀਪ ਦਾਸ ਮੁਨਸ਼ੀ, ਸਈਦ ਨਸੀਰ ਹੁਸੈਨ, ਮਹੇਂਦਰਜੀਤ ਸਿੰਘ ਮਾਲਵੀਆ, ਜੀ ਏ ਮੀਰ, ਗੌਰਵ ਗੋਗੋਈ ਅਤੇ ਜਗਦੀਸ਼ ਠਾਕੋਰ ਨੂੰ ਰੈਗੂਲਰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਸੀਡਬਲਿਊਸੀ ’ਚ ਪਰਮਾਨੈਂਟ ਇਨਵਾਇਟੀ ਵਜੋਂ ਕਨ੍ਹੱਈਆ ਕੁਮਾਰ, ਮੋਹਨ ਪ੍ਰਕਾਸ਼, ਕੇ ਰਾਜੂ, ਚੰਦਰਕਾਂਤ ਹੰਡੋਰੇ, ਮੀਨਾਕਸ਼ੀ ਨਟਰਾਜਨ, ਫੂਲੋ ਦੇਵੀ ਨੇਤਾਮ, ਸੁਦੀਪ ਰੌਏ ਬਰਮਨ, ਦਾਮੋਦਰ ਰਾਜਾ ਨਰਸਿਮਹਾ, ਗੁਰਦੀਪ ਸੱਪਲ ਅਤੇ ਸਚਿਨ ਰਾਓ ਦੇ ਨਾਮ ਸ਼ਾਮਲ ਹਨ। ਵਿਸ਼ੇਸ਼ ਇਨਵਾਇਟੀ ਵਜੋਂ ਪੱਲਮ ਰਾਜੂ, ਪਵਨ ਖੇੜਾ, ਗਣੇਸ਼ ਗੋਡਿਆਲ, ਕੋਡੀਕੁਨਿਲ ਸੁਰੇਸ਼, ਯਸ਼ੋਮਤੀ ਠਾਕੁਰ, ਸੁਪ੍ਰਿਯਾ ਸ੍ਰੀਨੇਤ, ਪ੍ਰਨੀਤੀ ਸ਼ਿੰਦੇ, ਅਲਕਾ ਲਾਂਬਾ ਅਤੇ ਵਾਮਸ਼ੀ ਚੰਦ ਰੈੱਡੀ ਨੂੰ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ। ਸੀਡਬਲਿਊਸੀ ਦੇ ਪੱਕੇ ਮੈਂਬਰਾਂ ’ਚ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਮਨਮੋਹਨ ਸਿੰਘ, ਰਾਹੁਲ ਗਾਂਧੀ, ਅਧੀਰ ਰੰਜਨ ਚੌਧਰੀ, ਏ ਕੇ ਐਂਟਨੀ, ਅੰਬਿਕਾ ਸੋਨੀ, ਮੀਰਾ ਕੁਮਾਰ, ਦਿਗਵਿਜੈ ਸਿੰਘ, ਪੀ ਚਿਦੰਬਰਮ, ਤਾਰਿਕ ਅਨਵਰ, ਲਾਲ ਥਨਹਾਵਾਲਾ, ਮੁਕੁਲ ਵਾਸਨਿਕ, ਆਨੰਦ ਸ਼ਰਮਾ, ਅਸ਼ੋਕ ਰਾਓ ਚਵਾਨ, ਅਜੈ ਮਾਕਨ, ਚਰਨਜੀਤ ਸਿੰਘ ਚੰਨੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਕੁਮਾਰੀ ਸ਼ੈਲਜਾ ਸ਼ਾਮਲ ਹਨ। ਇਸੇ ਤਰ੍ਹਾਂ ਐੱਨ ਰਘੂਵੀਰਾ ਰੈੱਡੀ, ਸ਼ਸ਼ੀ ਥਰੂਰ, ਤਾਮਰ ਧਵੱਜ ਸਾਹੂ, ਅਭਿਸ਼ੇਕ ਸਿੰਘਵੀ, ਸਲਮਾਨ ਖੁਰਸ਼ੀਦ, ਜੈਰਾਮ ਰਮੇਸ਼, ਜਿਤੇਂਦਰ ਸਿੰਘ, ਰਣਦੀਪ ਸੁਰਜੇਵਾਲਾ, ਸਚਿਨ ਪਾਇਲਟ, ਦੀਪ ਦਾਸ ਮੁਨਸ਼ੀ, ਮਹੇਂਦਰਜੀਤ ਸਿੰਘ ਮਾਲਵੀਆ, ਗੌਰਵ ਗੋਗੋਈ, ਸਈਦ ਨਸੀਰ ਹੁਸੈਨ, ਕਮਲੇਸ਼ਵਰ ਪਟੇਲ ਅਤੇ ਕੇ ਸੀ ਵੇਣੂਗੋਪਾਲ ਵੀ ਮੈਂਬਰ ਬਣਾਏ ਗਏ ਹਨ। -ਪੀਟੀਆਈ