* ਫ਼ਾਜ਼ਿਲਕਾ ਸਰਹੱਦ ’ਤੇ ਬੀਐੱਸਐੱਫ ਜਵਾਨਾਂ ਅਤੇ ਲੋਕਾਂ ਦੇ ਸਹਿਯੋਗ ਨਾਲ 2200 ਮੀਟਰ ਲੰਮਾ ਬੰਨ੍ਹ ਮਾਰਿਆ
* ਤਰਨ ਤਾਰਨ ਜ਼ਿਲ੍ਹੇ ਦੇ ਤਿੰਨ ਦਰਜਨ ਦੇ ਕਰੀਬ ਪਿੰਡ ਪਾਣੀ ਦੀ ਮਾਰ ਹੇਠ
* ਗੁਰਦਾਸਪੁਰ ਦੇ ਕਰੀਬ 119 ਪਿੰਡ ਪਾਣੀ ਤੋਂ ਪ੍ਰਭਾਵਿਤ
ਚਰਨਜੀਤ ਭੁੱਲਰ
ਚੰਡੀਗੜ੍ਹ, 20 ਅਗਸਤ
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਬਣੀਆਂ ਪੋਸਟਾਂ ਨੂੰ ਵੀ ਦਰਿਆਈ ਪਾਣੀ ਨੇ ਜਲ-ਥਲ ਕਰ ਦਿੱਤਾ ਹੈ। ਸਰਹੱਦੀ ਸੀਮਾ ’ਤੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਖੇਤਰ ’ਚ ਸੀਮਾ ਸੁਰੱਖਿਆ ਬਲ ਦੀਆਂ ਦੋ ਚੌਕੀਆਂ ਤਾਂ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈਆਂ ਹਨ ਜਦੋਂ ਕਿ ਚਾਰ ਚੌਕੀਆਂ ਚਾਰੇ ਪਾਸਿਓਂ ਪਾਣੀ ਨਾਲ ਘਿਰੀਆਂ ਹੋਈਆਂ ਹਨ। ਉਧਰ ਡੈਮਾਂ ’ਚੋਂ ਪਾਣੀ ਹੁਣ ਘੱਟ ਛੱਡਿਆ ਜਾ ਰਿਹਾ ਹੈ। ਉਂਜ ਹਿਮਾਚਲ ਪ੍ਰਦੇਸ਼ ਵਿਚ ਮੀਂਹ ਦੀ ਪੇਸ਼ੀਨਗੋਈ ਨਾਲ ਪੰਜਾਬ ਸਰਕਾਰ ਅਲਰਟ ਹੋ ਗਈ ਹੈ।
ਭਾਰਤ-ਪਾਕਿਸਤਾਨ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ, ਫ਼ਾਜ਼ਿਲਕਾ ਪ੍ਰਸ਼ਾਸਨ ਅਤੇ ਲੋਕਾਂ ਨੇ ਇਕੱਠੇ ਹੋ ਕੇ ਕਰੀਬ 2200 ਮੀਟਰ ਲੰਮਾ ਸੁਰੱਖਿਆ ਬੰਨ੍ਹ ਮਾਰ ਲਿਆ ਹੈ ਜਿਸ ਨਾਲ ਕਰੀਬ 1200 ਹੈਕਟੇਅਰ ਫ਼ਸਲ ਦਾ ਬਚਾਅ ਹੋ ਗਿਆ ਹੈ। ਸਰਹੱਦੀ ਖੇਤਰ ਦੇ ਜ਼ਿਲ੍ਹਾ ਫ਼ਾਜ਼ਿਲਕਾ, ਫ਼ਿਰੋਜ਼ਪੁਰ ਅਤੇ ਤਰਨ ਤਾਰਨ ਵਿਚ ਹੜ੍ਹਾਂ ਦੇ ਪਾਣੀ ਤੋਂ ਲੋਕਾਂ ਦਾ ਛੁਟਕਾਰਾ ਨਹੀਂ ਹੋ ਰਿਹਾ ਹੈ। ਉਧਰ ਗੁਰਦਾਸਪੁਰ ਦੇ ਪਿੰਡ ਜਗਤਪੁਰ ਟਾਂਡਾ ਨੇੜੇ ਧੁੱਸੀ ਬੰਨ੍ਹ ਵਿਚ 15 ਅਗਸਤ ਨੂੰ ਪਿਆ ਪਾੜ ਹੁਣ ਕਰੀਬ 90 ਫ਼ੀਸਦੀ ਪੂਰ ਦਿੱਤਾ ਗਿਆ ਹੈ।
ਗੁਰਦਾਸਪੁਰ ਦੇ ਕਰੀਬ 119 ਪਿੰਡ ਦਰਿਆਈ ਪਾਣੀ ਤੋਂ ਪ੍ਰਭਾਵਿਤ ਹੋਏ ਹਨ ਜਦੋਂ ਕਿ ਤਰਨ ਤਾਰਨ ਜ਼ਿਲ੍ਹੇ ਦੇ ਤਿੰਨ ਦਰਜਨ ਦੇ ਕਰੀਬ ਪਿੰਡ ਪਾਣੀ ਦੀ ਮਾਰ ਹੇਠ ਹਨ। ਹਰੀਕੇ ਹਥਾੜ ਦੇ ਖੇਤਰ ਵਿਚ ਧੁੱਸੀ ਬੰਨ੍ਹ ਵਿਚ ਪਏ ਪਾੜ ਨੇ ਪੂਰਾ ਖ਼ਿੱਤਾ ਜਲ-ਥਲ ਕਰ ਦਿੱਤਾ ਹੈ। ਦੋ ਦਰਜਨ ਪਿੰਡ ਤਾਂ ਸਿੱਧੇ ਤੌਰ ’ਤੇ ਲਪੇਟ ਵਿਚ ਆਏ ਹਨ। ਖੇਮਕਰਨ ਦੇ ਇਲਾਕੇ ਵਿਚ ਪਾਕਿਸਤਾਨ ਵਾਲੇ ਪਾਸਿਓਂ ਦਰਿਆਈ ਪਾਣੀ ਰੋਕਣ ਵਾਸਤੇ ਕਰੀਬ ਛੇ ਕਿਲੋਮੀਟਰ ਲੰਮਾ ਬੰਨ੍ਹ ਹੈ ਜਿਸ ਦਾ ਕਿਸਾਨਾਂ ਨੂੰ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ। ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕਾਵਾਂਵਾਲੀ ਪੱਤਣ ਤੋਂ ਪਾਰ ਦੇ ਦਰਜਨਾਂ ਪਿੰਡ ਵੀ ਖ਼ਤਰੇ ਹੇਠ ਆ ਗਏ ਹਨ ਕਿਉਂਕਿ ਇਸ ਪੁਲ ਦੇ ਪੱਧਰ ਤੋਂ ਉਪਰ ਦੀ ਪਾਣੀ ਚਲਾ ਗਿਆ ਹੈ। ਸਰਹੱਦੀ ਜ਼ਿਲ੍ਹਿਆਂ ਵਿਚ ਐੱਨਡੀਆਰਐੱਫ ਦੀਆਂ ਟੀਮਾਂ ਲੋਕਾਂ ਨੂੰ ਸੁਰੱਖਿਅਤ ਕੱਢਣ ਵਿਚ ਜੁੱਟੀਆਂ ਹੋਈਆਂ ਹਨ। ਬਲਾਕ ਢਿੱਲਵਾਂ ਦੇ ਪਿੰਡ ਧਾਲੀਵਾਲ ਬੇਟ ਦਾ 40 ਵਰ੍ਹਿਆਂ ਦਾ ਹਰਜੀਤ ਸਿੰਘ ਅੱਜ ਪਾਣੀ ਵਿਚ ਰੁੜ੍ਹ ਗਿਆ ਜਿਸ ਦੀ ਭਾਲ ਜਾਰੀ ਹੈ। ਇਸੇ ਤਰ੍ਹਾਂ ਹਰੀਕੇ ਹਥਾੜ ਲਾਗੇ ਧੁੱਸੀ ਬੰਨ੍ਹ ਲਾਗੇ ਇੱਕ ਟਿੱਪਰ ਪਲਟ ਗਿਆ ਪ੍ਰੰਤੂ ਡਰਾਈਵਰ ਦਾ ਬਚਾਅ ਹੋ ਗਿਆ। ਵੇਰਵਿਆਂ ਅਨੁਸਾਰ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਤਿੰਨ ਤੋਂ ਚਾਰ ਫੁੱਟ ਘਟ ਗਿਆ ਹੈ ਅਤੇ ਹੁਸੈਨੀਵਾਲਾ ਤੋਂ ਪਾਕਿਸਤਾਨ ਵਾਲੇ ਪਾਸੇ ਕੁਦਰਤੀ ਵਹਾਅ ਜ਼ਰੀਏ 2.22 ਲੱਖ ਕਿਊਸਿਕ ਪਾਣੀ ਜਾ ਰਿਹਾ ਹੈ ਜਦੋਂ ਕਿ ਹਰੀਕੇ ਲਾਗੇ ਦਰਿਆਈ ਪਾਣੀ 2.80 ਲੱਖ ਕਿਊਸਿਕ ਤੋਂ ਘਟ ਕੇ 1.60 ਲੱਖ ਕਿਊਸਿਕ ਰਹਿ ਗਿਆ ਹੈ। ਡੈਮਾਂ ਤੋਂ ਅੱਜ ਪਾਣੀ ਨਹੀਂ ਛੱਡਿਆ ਗਿਆ। ਭਾਖੜਾ ਡੈਮ ਦੇ ਪਾਣੀ ਦਾ ਪੱਧਰ 1673.68 ਫੁੱਟ ਹੈ ਅਤੇ ਡੈਮ ਵਿਚ ਉਪਰੋਂ ਔਸਤਨ 36 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ ਜਦੋਂ ਕਿ ਇਸ ਡੈਮ ਤੋਂ 58 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਿਸ ’ਚੋਂ 20 ਹਜ਼ਾਰ ਕਿਊਸਿਕ ਪਾਣੀ ਨਹਿਰਾਂ ਵਿਚ ਜਾ ਰਿਹਾ ਹੈ। ਪੌਂਗ ਡੈਮ ਦੇ ਪਾਣੀ ਦਾ ਪੱਧਰ 1391.5 ਫੁੱਟ ਹੈ ਅਤੇ ਇਸ ਪੱਧਰ ਨੂੰ 1390 ਫੁੱਟ ’ਤੇ ਲਿਆਉਣ ਦਾ ਟੀਚਾ ਹੈ। ਪੌਂਗ ਡੈਮ ਵਿਚ ਪਹਾੜਾਂ ’ਚੋਂ 23366 ਕਿਊਸਿਕ ਪਾਣੀ ਆ ਰਿਹਾ ਹੈ ਜਦੋਂ ਕਿ 68 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਅੱਜ ਪੂਰੇ ਦਿਨ ਵਿਚ ਪੌਂਗ ਡੈਮ ਦਾ ਲੈਵਲ ਇੱਕ ਫੁੱਟ ਵੀ ਹੇਠਾਂ ਨਹੀਂ ਆਇਆ ਹੈ। ਘੱਗਰ ਵਾਲੇ ਪਾਸਿਓਂ ਹਾਲੇ ਕੋਈ ਮਾੜੀ ਖ਼ਬਰ ਨਹੀਂ ਹੈ।
ਕਸੂਰ ਦੇ ਪਿੰਡ ਵੀ ਮਾਰ ਹੇਠ
ਪਾਕਿਸਤਾਨ ਵਿਚ ਕਸੂਰ ਦੇ ਪਿੰਡਾਂ ਵਿਚ ਹੜ੍ਹਾਂ ਦੇ ਪਾਣੀ ਨੇ ਮਾਰ ਕੀਤੀ ਹੈ। ਕਸੂਰ ਇਲਾਕੇ ਦੀਆਂ ਚਮੜਾ ਸਨਅਤਾਂ ਦਾ ਪਾਣੀ ਵੀ ਸਤਲੁਜ ਵਿਚ ਮਿਲ ਰਿਹਾ ਹੈ। ਪਾਕਿਸਤਾਨੀ ਪਿੰਡਾਂ ਦੇ ਲੋਕ ਹੁਸੈਨੀਵਾਲਾ ਵੱਲ ਦੇਖ ਰਹੇ ਹਨ ਤਾਂ ਜੋ ਪਾਣੀ ਦਾ ਅੰਦਾਜ਼ਾ ਲਗਾਇਆ ਜਾ ਸਕੇ। ਪਤਾ ਲੱਗਾ ਹੈ ਕਿ ਪਾਕਿਸਤਾਨ ਵਾਲੇ ਪਾਸੇ ਮੱਕੀ ਦੀ ਫ਼ਸਲ ਕਾਫ਼ੀ ਪ੍ਰਭਾਵਿਤ ਹੋਈ ਹੈ ਜਦੋਂ ਕਿ ਇਧਰ ਫ਼ਾਜ਼ਿਲਕਾ ਜ਼ਿਲ੍ਹੇ ਵਿਚ 4168 ਏਕੜ ਫ਼ਸਲ ਪਾਣੀ ਦੀ ਲਪੇਟ ਵਿਚ ਆਈ ਹੈ।