ਤਿਰੂਵਨੰਤਪੁਰਮ, 21 ਅਗਸਤ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਵਿਕਰਮ ਸਾਰਾਭਾਈ ਪੁਲਾੜ ਕੇਂਦਰ (ਵੀਐੱਸਐੱਸਸੀ) ਵਿੱਚ ਤਕਨੀਕੀ ਸਟਾਫ਼ ਦੀ ਭਰਤੀ ਲਈ ਕਰਵਾਈ ਪ੍ਰੀਖਿਆ ਵਿੱਚ ਧੋਖਾਧੜੀ ਕਰਨ ਦੇ ਦੋਸ਼ ਵਿੱਚ ਹਰਿਆਣਾ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵੇਂ ਦੋ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਬੈਠੇ ਸਨ। ਪ੍ਰਸ਼ਨ ਪੱਤਰ ਦਾ ਜਵਾਬ ਦੇਣ ਲਈ ਗਲਤ ਢੰਗਾਂ ਦੀ ਵਰਤੋਂ ਕਰ ਰਹੇ ਸਨ। ਦੋਵਾਂ ਨੂੰ ਐਤਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਇਸ ਘਟਨਾ ਦੇ ਸਬੰਧ ਵਿਚ ਹਰਿਆਣਾ ਦੇ ਚਾਰ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਗ੍ਰਿਫਤਾਰ ਉਮੀਦਵਾਰਾਂ ਨੇ ਸਵਾਲਾਂ ਦੀ ਫੋਟੋ ਖਿੱਚਣ ਲਈ ਮੋਬਾਈਲ ਫੋਨ ਕੈਮਰਿਆਂ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਨੂੰ ਬਾਹਰ ਕਿਸੇ ਅਜਿਹੇ ਵਿਅਕਤੀ ਕੋਲ ਭੇਜਿਆ, ਜੋ ਉਨ੍ਹਾਂ ਦੇ ਕੰਨ ਵਿੱਚ ਲੱਗੇ ਬਲੂਟੁੱਥ ਡਿਵਾਈਸ ਰਾਹੀਂ ਜਵਾਬ ਦੇ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਦੋਵਾਂ ਨੂੰ ਹਰਿਆਣਾ ਤੋਂ ਬੇਨਾਮੀ ਫੋਨ ਕਾਲ ਰਾਹੀਂ ਮਿਲੀ ਸੂਚਨਾ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।