ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਮੁਹਾਲੀ/ਜ਼ੀਰਕਪੁਰ, 24 ਅਗਸਤ
ਨੈਸ਼ਨਲ ਹਾਈਵੇਅ ਜ਼ੀਰਕਪੁਰ ’ਤੇ ਆਵਾਜਾਈ ਨੂੰ ਨਿਰਵਿਘਨ ਰੱਖਣ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਐੱਨਐੱਚਏਆਈ ਅਧਿਕਾਰੀਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਡੀਸੀ ਨੇ ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਕੌਮੀ ਸ਼ਾਹਰਾਹ ’ਤੇ ਆਵਾਜਾਈ ਦੀਆਂ ਰੁਕਾਵਟਾਂ ਨੂੰ ਸੁਚਾਰੂ ਬਣਾਉਣ ਅਤੇ ਬਰਸਾਤ ਦੇ ਦਿਨਾਂ ਦੌਰਾਨ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਲਈ ਪਾਮ ਰਿਜ਼ੋਰਟਜ਼ ਅਤੇ ਮੈਕ ਡੌਨਲਡ ਚੌਂਕ ਸਣੇ ਹੋਰਨਾਂ ਅਜਿਹੀ ਥਾਵਾਂ, ਜਿਥੇ ਮੀਂਹ ਦੇ ਦਿਨਾਂ ਦੌਰਾਨ ਪਾਣੀ ਭਰ ਜਾਂਦਾ ਹੈ, ’ਤੇ ਸਥਾਈ ਪੰਪ ਲਗਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅਤੇ ਅੰਬਾਲਾ, ਪਟਿਆਲਾ ਨੂੰ ਜਾਣ ਵਾਲੇ ਮਾਰਗ ਦੀ ਇਸ ਤਰ੍ਹਾਂ ਸਾਂਭ-ਸੰਭਾਲ ਕੀਤੀ ਜਾਵੇ ਕਿ ਕੋਈ ਰਾਹਗੀਰ ਟਰੈਫਿਕ ਜਾਮ ਵਿੱਚ ਨਾ ਫਸੇ। ਐੱਨਐੱਚਏਆਈ ਅਧਿਕਾਰੀਆਂ ਨੇ ਕੌਮੀ ਸ਼ਾਹਰਾਹ ’ਤੇ ਪਾਣੀ ਦੀ ਨਿਕਾਸੀ ਕਰਕੇ ਆਵਾਜਾਈ ਵਿੱਚ ਵਿਘਨ ਪਾਉਣ ਵਾਲੇ ਡਿਵੈੱਲਪਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ, ਜਿਸ ’ਤੇ ਡਿਪਟੀ ਕਮਿਸ਼ਨਰ ਨੇ ਤੁਰੰਤ ਐਸਡੀਐਮਜ਼ ਨੂੰ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ। ਐੱਸਡੀਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਡੀਸੀ ਨੂੰ ਦੱਸਿਆ ਕਿ ਐੱਨਐੱਚਏਆਈ ਵੱਲੋਂ ਪ੍ਰਾਪਤ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਮੁੱਖ ਸੜਕ ’ਤੇ ਕਥਿਤ ਤੌਰ ’ਤੇ ਪਾਣੀ ਦੀ ਨਿਕਾਸੀ ਕਰਨ ਸਬੰਧੀ ਕੁਝ ਹਾਊਸਿੰਗ ਸੁਸਾਇਟੀਆਂ ਅਤੇ ਪ੍ਰਾਜੈਕਟਾਂ ਨੂੰ ਪੰਜ ਨੋਟਿਸ ਜਾਰੀ ਕੀਤੇ ਗਏ ਹਨ। ਡੀਸੀ ਨੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਐਨਐਚਏਆਈ ਨੂੰ ਬਕਾਇਆ ਕੰਮ ਜਲਦੀ ਪੂਰੇ ਕਰਨ ਲਈ ਕਿਹਾ।