ਲੋਰੀ ਮੌਖਿਕ ਰੂਪ ਵਿੱਚ ਬੱਚੇ ਨੂੰ ਪਿਆਰ ਨਾਲ ਪਰਚਾਉਣ, ਸੁਆਉਣ ਅਤੇ ਖੇਡ ਲਾਉਣ ਲਈ ਗਾਇਆ ਜਾਣ ਵਾਲਾ ਗੀਤ ਹੈ। ਬੱਚੇ ਨੂੰ ਦੁੱਧ ਪਿਆਉਣ ਸਮੇਂ, ਖਿਡਾਉਂਦਿਆਂ ਹੋਇਆਂ, ਨਹਾਉਂਦਿਆਂ ਹੋਇਆਂ, ਰੋਂਦੇ ਨੂੰ ਹਸਾਉਣ ਲਈ ਅਤੇ ਸੁਲਾਉਣ ਲਈ ਇਸ ਦੀ ਕਾਢ ਕੱਢੀ ਗਈ ਸੀ। ਲੋਰੀ ਸ਼ਬਦ ਨੂੰ ਮਾਂ, ਦਾਦੀ, ਨਾਨੀ, ਭੈਣ, ਤਾਈ, ਚਾਚੀ, ਮਾਸੀ ਭੂਆ ਆਦਿ ਸਾਕਾਂ ਨਾਲ ਜੋੜਿਆ ਜਾ ਸਕਦਾ ਹੈ ਕਿਉਂਕਿ ਬੱਚੇ ਦੀ ਪਾਲਣਾ ਪੋਸ਼ਣਾ ਅਤੇ ਖੇਡ-ਖਿਡਾਉਣ ਦਾ ਕੰਮ ਔਰਤ ਹਿੱਸੇ ਸੀ। ਇਸ ਲਈ ਇਹ ਸਭ ਲੋਰੀਆਂ ਔਰਤ ਦੇ ਹੀ ਕਿਸੇ ਨਾ ਕਿਸੇ ਰੂਪ ਵੱਲੋਂ ਗਾਈਆਂ ਜਾਣੀਆਂ ਜਾਂਦੀਆਂ ਹਨ।
ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਦੋ ਹਜ਼ਾਰ ਈਸਵੀ ਪੂਰਵ ਵਿੱਚ ਖੁਦਾਈ ਦੌਰਾਨ ਮਿਲੇ ਮਿੱਟੀ ਦੇ ਟੁਕੜੇ ’ਤੇ ਲਿਖੀ ਤਹਿਰੀਰ ਨੂੰ ਦੁਨੀਆ ਦੀ ਪਹਿਲੀ ਲੋਰੀ ਆਖਿਆ ਜਾ ਸਕਦਾ ਹੈ। ਇਹ ਮਿੱਟੀ ਦਾ ਟੁਕੜਾ ਲੰਡਨ ਦੇ ‘ਬ੍ਰਿਟਿਸ਼ ਮਿਊਜ਼ੀਅਮ’ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਇਹ ਤਹਿਰੀਰ ‘ਕਿਊ ਨੇਫਾਰਮ’ ਸਕ੍ਰਿਪਟ ਵਿੱਚ ਹੈ ਜਿਸ ਨੂੰ ਲਿਖਾਈ ਦੇ ਮੁੱਢਲੇ ਰੂਪਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਇਸ ਤਹਿਰੀਰ ਦਾ ਭਾਵ ਇਹ ਨਿਕਲਦਾ ਹੈ: “ਜਦੋਂ ਬੱਚਾ ਰੋਂਦਾ ਹੈ ਤਾਂ ਘਰਾਂ ਦਾ ਖੁਦਾ ਨਾਰਾਜ਼ ਹੋ ਜਾਂਦਾ ਹੈ ਅਤੇ ਇਸ ਦਾ ਨਤੀਜਾ ਖਤਰਨਾਕ ਨਿਕਲਦਾ ਹੈ।’’
ਲੋਰੀ ਦਾ ਮੁੱਖ ਮਕਸਦ ਬੱਚੇ ਨੂੰ ਸੁਲਾਉਣਾ ਮੰਨਿਆ ਗਿਆ ਹੈ। ਕਦੇ ਕਦੇ ਬੱਚੇ ਨੂੰ ਕਿਸੇ ਅਣਦੇਖੀ ਚੀਜ਼ ਦਾ ਜਾਂ ਜੰਗਲੀ ਜਾਨਵਰ ਦਾ ਜ਼ਿਕਰ ਕਰਕੇ ਡਰਾਇਆ ਜਾਂਦਾ ਹੈ ਜਾਂ ਬੱਚੇ ਦਾ ਧਿਆਨ ਹੋਰ ਪਾਸੇ ਲਗਾਇਆ ਜਾਂਦਾ ਹੈ। ਕਈ ਵਾਰ ਲੋਰੀ ਸ਼ਬਦਾਂ ਤੋਂ ਬਿਨਾਂ ਸਿਰਫ਼ ਆਵਾਜ਼ ਨਾਲ ਹੀ ਚੱਲਦੀ ਹੈ ਜਿਵੇਂ ਊਂ ਊਂ… ਆਂ ਆਂ… ਆਦਿ।
ਪੰਜਾਬ ਵਿੱਚ ਆਰਥਿਕ ਆਧਾਰ ਮਰਦ ਕੋਲ ਰਹੇ ਹੋਣ ਕਰਕੇ ਸ਼ੁਰੂ ਤੋਂ ਮਰਦ ਦੀ ਪ੍ਰਧਾਨਤਾ ਰਹੀ ਹੈ। ਇਸ ਲਈ ਮੁੰਡੇ ਦਾ ਜੰਮਣਾ ਸ਼ੁਭ ਸ਼ਗਨ ਮੰਨਿਆ ਜਾਂਦਾ ਸੀ ਅਤੇ ਹਰ ਜੋੜਾ ਲੜਕੇ ਦੀ ਹੀ ਇੱਛਾ ਰੱਖਦਾ ਸੀ। ਜਨਮ ਤੋਂ ਬਾਅਦ ਵੀ ਪਾਲਣ-ਪੋਸ਼ਣ ਵਿੱਚ ਮੁੰਡੇ-ਕੁੜੀ ਵਿੱਚ ਫ਼ਰਕ ਰੱਖਿਆ ਜਾਂਦਾ ਸੀ, ਜਿਹੜਾ ਕਈ ਥਾਵਾਂ ’ਤੇ ਅਜੇ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਨਜ਼ਰ ਆ ਜਾਂਦਾ ਹੈ। ਇਸੇ ਕਰਕੇ ਜ਼ਿਆਦਾ ਲੋਰੀਆਂ ਮੁੰਡੇ ਨੂੰ ਸੁਲਾਉਣ ਲਈ ਹੀ ਮਿਲਦੀਆਂ ਹਨ। ਕੁਝ ਲੋਰੀਆਂ ਵਿੱਚ ਸਿੱਧਾ ਸੌਣ ਲਈ ਕਿਹਾ ਜਾਂਦਾ ਹੈ:
*ਸੌਂ ਜਾ ਕਾਕਾ ਤੂੰ
ਤੇਰੇ ਬੋਦੇ ਲੜ ਗਈ ਜੂੰ
ਕੱਢਣ ਵਾਲੀਆਂ ਮਾਸੀਆਂ
ਕਢਾਉਣ ਵਾਲਾ ਤੂੰ।
*ਸੌਂ ਜਾ ਕਾਕਾ ਬੱਲੀ
ਤੇਰੀ ਮਾਂ ਵਜਾਵੇ ਟੱਲੀ
ਤੇਰਾ ਪਿਓ ਵਜਾਵੇ ਛੈਣੇ
ਤੇਰੀ ਵਹੁਟੀ ਪਾਵੇ ਗਹਿਣੇ।
ਸੌਂ ਜਾ ਮੇਰੇ ਨਿੱਕੇ, ਸੌਂ ਜਾ… ਆ ਆ
ਸੌਂ ਜਾ ਊਂ ਊਂ…ਆ ਆ ਊਂ ਊਂ
*ਸੋਹਣੇ ਕੱਪੜੇ ਪਾਵਾਂਗੇ
ਨਾਨਕਿਆਂ ਨੂੰ ਜਾਵਾਂਗੇ
ਖੀਰ ਪੂੜੇ ਖਾਵਾਂਗੇ
ਮੋਟੇ ਹੋ ਕੇ ਆਵਾਂਗੇ।
*ਸੌਂ ਜਾ ਰਾਜਾ ਸੌਂ ਜਾ ਵੇ, ਤੇਰਾ ਬਾਪੂ ਆਇਆ ਵੇ।
ਖੇਲ ਖਿਲੌਣੇ ਲਿਆਇਆ ਵੇ, ਤੇਰਾ ਮਾਮਾ ਆਇਆ ਵੇ।
ਬੰਦ ਪੰਜੀਰੀ ਲਿਆਇਆ ਵੇ।
ਤੇਰੀ ਭੂਆ ਆਈ ਵੇ, ਕੁੜਤਾ ਟੋਪੀ ਲਿਆਈ ਵੇ।
ਕੁਝ ਲੋਰੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਬੱਚੇ ਨੂੰ ਖੇਡ ਵਾਲੇ ਪਾਸੇ ਪਾਇਆ ਜਾਂਦਾ ਹੈ। ਲੋਰੀਆਂ ਦੀ ਗੱਲ ਕੀਤੀ ਜਾਂਦੀ ਹੈ ਅਤੇ ਕੁਝ ਹੋਰ ਵਸਤਾਂ ਜਾਂ ਘਟਨਾਵਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਭਾਵੇਂ ਉਹ ਸਾਰੀਆਂ ਬੱਚੇ ਨੂੰ ਸਮਝ ਨਾ ਆਉਣ, ਪਰ ਲੋਰੀਆਂ ਦੀ ਮਿੱਠੀ ਆਵਾਜ਼ ਅਤੇ ਨਾਲ ਨਾਲ ਬੱਚੇ ਨੂੰ ਮਿਲਦੇ ਝੂਟੇ ਬੱਚੇ ਨੂੰ ਸੁੱਖ ਦਾ ਅਹਿਸਾਸ ਕਰਾਉਂਦੇ ਹਨ, ਜੋ ਉਸ ਨੂੰ ਨੀਂਦ ਲੈ ਆਉਂਦੇ ਹਨ। ਲੋਰੀਆਂ ਵਿੱਚ ਲੋਰੀ ਦਿੱਤੇ ਜਾਣ ਦਾ ਵੀ ਜ਼ਿਕਰ ਆ ਜਾਂਦਾ ਹੈ:
ਲੋਰੀ ਬਈ ਲੋਰੀ, ਦੁੱਧ ਦੀ ਕਟੋਰੀ।
ਦੁੱਧ ਵਿੱਚ ਪਤਾਸਾ, ਕਾਕਾ ਕਰੇ ਤਮਾਸ਼ਾ।
ਕਾਕੜਿਆ ਪਟਾਕੜਿਆ ਟਾਹਲੀ ਤੇਰੇ ਬੱਚੇ।
ਨਾਨਾ ਤੇਰਾ ਢੋਲ ਵਜਾਵੇ ਨਾਨੀ ਤੇਰੀ ਨੱਚੇ।
ਅੱਲੜ ਬੱਲੜ ਬਾਵੇ ਦਾ, ਬਾਵਾ ਕਣਕ ਲਿਆਵੇਗਾ
ਬਾਵੀ ਬਹਿ ਕੇ ਛੱਟੇਗੀ, ਮਾਂ ਪੂਣੀਆਂ ਵੱਟੇਗੀ।
ਕਈ ਵਾਰ ਲੋਰੀਆਂ ਦੇ ਮਾਧਿਅਮ ਰਾਹੀਂ ਸਿਰਫ਼ ਬੱਚੇ ਨੂੰ ਹੀ ਨਹੀਂ, ਸਗੋਂ ਉਸ ਦੇ ਮਾਪਿਆਂ ਨੂੰ ਵੀ ਅਸੀਸਾਂ ਦਿੱਤੀਆਂ ਜਾਂਦੀਆਂ ਹਨ। ਭਾਵੇਂ ਬਹੁਤੀ ਵਾਰੀ ਲੋਰੀਆਂ ਦਾਦੀ ਅਤੇ ਮਾਂ ਵੱਲੋਂ ਹੁੰਦੀਆਂ ਸਨ, ਪਰ ਭੈਣਾਂ ਵੀ ਬੱਚੇ ਨੂੰ ਚੁੱਕਦੀਆਂ ਸਨ। ਇਸ ਲਈ ਕੁਝ ਲੋਰੀਆਂ ਭੈਣਾਂ ਵੱਲੋਂ ਵੀ ਮਿਲਦੀਆਂ ਹਨ:
*ਊਂ ਊਂ ਆਂ ਵੇ, ਜੀਵੇ ਤੇਰੀ ਮਾਂ ਵੇ
ਡੱਬੀ ਦੇ ਵਿੱਚ ਘਿਓ ਵੇ, ਜੀਵੇ ਤੇਰਾ ਪਿਓ ਵੇ।
ਗੱਗੂ ਸਾਡਾ ਰਾਜਾ, ਹੇਠਾਂ ਘੋੜਾ ਤਾਜ਼ਾ
ਭੋਲੂ ਸਾਡਾ ਰਾਣਾ, ਲਾਡੂ ਮੇਰਾ ਬੜਾ ਸਿਆਣਾ।
*ਮਿੱਠੀ ਮਿੱਠੀ ਨੀਂਦੇ ਆ ਜਾ
ਛੇਤੀ ਛੇਤੀ ਨੀਂਦੇ ਆ ਜਾ
ਸੋਹਣੇ ਵੀਰ ਨੂੰ ਸਵਾ ਜਾ
ਸੋਹਣੇ ਸੁਪਨੇ ਦਿਖਾ ਜਾ।
ਹੁਣ ਤੱਕ ਜੋ ਲੋਰੀਆਂ ਉੱਪਰ ਪੇਸ਼ ਕੀਤੀਆਂ ਗਈਆਂ ਹਨ, ਉਹ ਸਾਰੀਆਂ ਦੀਆਂ ਸਾਰੀਆਂ ਲੜਕੇ ਲਈ ਹਨ। ਅਜਿਹਾ ਨਹੀਂ ਕਿ ਲੜਕੀ ਲਈ ਕੋਈ ਵੀ ਲੋਰੀ ਨਹੀਂ। ਹਾਂ, ਇਹ ਜ਼ਰੂਰ ਹੈ ਕਿ ਉਨ੍ਹਾਂ ਦੀ ਗਿਣਤੀ ਲੜਕੇ ਨੂੰ ਦਿੱਤੀਆਂ ਜਾਣ ਵਾਲੀਆਂ ਲੋਰੀਆਂ ਤੋਂ ਕਾਫ਼ੀ ਘੱਟ ਹੈ। ਕੁਝ ਲੋਰੀਆਂ ਦੇਖਦੇ ਹਾਂ ਜੋ ਲੜਕੀ ਲਈ ਸਾਡੀ ਲੋਕਧਾਰਾ ਵਿੱਚ ਮਿਲਦੀਆਂ ਹਨ:
*ਗੁੱਡੀ ਮੇਰੀ ਬੀਬੀ ਰਾਣੀ
ਸੌਂ ਜਾ ਮੇਰੀ ਧੀ ਧਿਆਣੀ
ਗੁੱਡੀ ਮੇਰੀ ਬੀਬੀ ਰਾਣੀ
ਭਰ ਲਿਆਏ ਖੂਹ ਤੋਂ ਪਾਣੀ
ਛਮ ਛਮ ਬਰਸਿਆ ਮੀਂਹ
ਡਿੱਗ ਪਈ ਮੇਰੀ ਰਾਣੀ ਧੀ।
*ਉੱਡ ਨੀਂ ਚਿੜੀਏ, ਉੱਡ ਵੇ ਕਾਵਾਂ
ਮੇਰੀ ਬੱਚੀ ਖੇਡੇ ਨਾਲ ਭਰਾਵਾਂ।
*ਲੱਲਾ ਲੱਲਾ ਲੋਰੀ
ਸੌਂ ਜਾ ਮੇਰੀ ਗੋਰੀ
ਗੋਰੀ ਗਈ ਨਾਨਕੇ
ਨਾਨਕੇ ਵੰਡੇ ਲੱਡੂ
ਲੱਡੂ ਖਾ ਗਈ ਬਿੱਲੀ
ਬਿੱਲੀ ਨੇ ਮਾਰਿਆ ਪੰਜਾ
ਮਾਮਾ ਹੋ ਗਿਆ ਗੰਜਾ।
ਅਸੀਂ ਦੇਖ ਸਕਦੇ ਹਾਂ ਕਿ ਇਨ੍ਹਾਂ ਲੋਰੀਆਂ ਵਿੱਚ ਉਸ ਸਮੇਂ ਦੀ ਲੋਕ-ਮਾਨਸਿਕਤਾ ਛਿਪੀ ਹੋਈ ਹੈ। ਜੇ ਲੜਕੀਆਂ ਘਰ ਦਾ ਕੰਮ ਕਰਦੀਆਂ ਸਨ ਤਾਂ ਲੋਰੀ ਵਿੱਚ ਵੀ ਕੁੜੀ ਦਾ ਖੂਹ ਤੋਂ ਪਾਣੀ ਲਿਆਉਣ ਦਾ ਜ਼ਿਕਰ ਹੈ। ਭਰਾਵਾਂ ਨਾਲ ਖੇਡਣ ਦੀ ਅਸੀਸ ਵੀ ਹੈ ਕਿਉਂਕਿ ਉਸ ਸਮੇਂ ਕੁੜੀ ਨੂੰ ਭਰਾਵਾਂ ਵਾਲੀ ਹੋਣ ਕਰਕੇ ਹੀ ਮਾਣ ਮਿਲਦਾ ਸੀ। ਅੱਜ ਵਿੱਦਿਆ ਦੇ ਪਸਾਰ ਕਰਕੇ ਲੜਕੀਆਂ ਦੇ ਆਰਥਿਕ ਪੱਖ ਤੋਂ ਲੜਕਿਆਂ ਦੇ ਬਰਾਬਰ ਖੜ੍ਹਨ ਕਰਕੇ ਸੋਚ ਵਿੱਚ ਉਸਾਰੂ ਫ਼ਰਕ ਆਇਆ ਹੈ। ਇਸ ਲਈ ਕੁੜੀਆਂ ਵੀ ਪੂਰਾ ਪਿਆਰ ਲੈਂਦੀਆਂ ਹਨ, ਪਰ ਅੱਜ ਨਵੀਆਂ ਲੋਰੀਆਂ ਤਾਂ ਬਣ ਨਹੀਂ ਰਹੀਆਂ।