ਖ਼ੇਤਰੀ ਪ੍ਰਤੀਨਿਧ
ਚੰਡੀਗੜ੍ਹ, 26 ਅਗਸਤ
ਇੱਥੋਂ ਰੇਲਵੇ ਸਟੇਸ਼ਨ ਨੇੜੇ ਸਥਿਤ ਪਿੰਡ ਦੜੂਆ ਵਿੱਚ ਇੱਕ ਕਬਾੜ ਦੇ ਗੁਦਾਮ ਵਿੱਚ ਧਮਾਕੇ ਮਗਰੋਂ ਅੱਗ ਲੱਗ ਗਈ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਫ਼ੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੜੂਆ ਨੇੜੇ ਇੱਕ ਕਬਾੜ ਦੇ ਗੁਦਾਮ ਵਿੱਚ ਧਮਾਕੇ ਮਗਰੋਂ ਅਚਾਨਕ ਅੱਗ ਲੱਗ ਗਈ। ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪੁੱਜੀ ਪੁਲੀਸ ਅਤੇ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਦੀਆਂ ਅੱਗ ਬੁਝਾਊ ਗੱਡੀਆਂ ਨੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਅੱਗ ਲੋਹਾ ਕੱਟਣ ਵਾਲੀ ਮਸ਼ੀਨ ਦੇ ਕੰਪ੍ਰੈਸ਼ਰ ਦੇ ਫਟਣ ਨਾਲ ਲੱਗੀ। ਧਮਾਕੇ ਮਗਰੋਂ ਲੱਗੀ ਅੱਗ ਕਾਰਨ ਇਲਾਕੇ ਵਿੱਚ ਦੂਰ-ਦੂਰ ਤੱਕ ਧੂੰਆਂ ਫੈਲ ਗਿਆ। ਨਗਰ ਨਿਗਮ ਦੇ ਫਾਇਰ ਅਧਿਕਾਰੀ ਅਨੁਸਾਰ ਕਬਾੜ ਵਿੱਚ ਪਲਾਸਟਿਕ ਅਤੇ ਲੋਹੇ ਦਾ ਸਾਮਾਨ ਜ਼ਿਆਦਾ ਸੀ, ਜਿਸ ਕਾਰਨ ਅੱਗ ’ਤੇ ਕਾਬੂ ਪਾਉਣ ਵਿੱਚ ਕਾਫ਼ੀ ਸਮਾਂ ਲੱਗਿਆ। ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਬਾੜ ਦੇ ਗੁਦਾਮ ਵਿੱਚ ਲੋਹੇ ਦੇ ਕਬਾੜ ਨੂੰ ਕੰਪ੍ਰੈਸ ਕਰਨ ਲਈ ਹਾਈ ਪ੍ਰੇਸ਼ਰ ਕੰਪ੍ਰੈਸ਼ਰ ਦੀ ਵਰਤੋ ਕੀਤੀ ਜਾਂਦੀ ਹੈ। ਇਸ ਮਸ਼ੀਨ ਦੇ ਕੰਪ੍ਰੈਸ਼ਰ ਦੇ ਫਟਣ ਦੀ ਵਜ੍ਹਾ ਕਾਰਨ ਅੱਗ ਲੱਗੀ। ਕੰਪ੍ਰੈਸ਼ਰ ਵਿੱਚ ਤੇਲ ਦੀ ਵਰਤੋਂ ਹੁੰਦੀ ਹੈ, ਜਿਸ ਦੀ ਵਜ੍ਹਾ ਨਾਲ ਕੰਪ੍ਰੈਸ਼ਰ ਫਟਣ ਤੋਂ ਬਾਅਦ ਅੱਗ ਤੇਜ਼ੀ ਨਾਲ ਫ਼ੈਲ ਗਈ। ਅੱਗ ਲੱਗਣ ਦੇ ਅਸਲੀ ਕਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।