ਬੰਗਲੂਰੂ, 27 ਅਗਸਤ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-3 ਦੇ ਵਿਕਰਮ ਲੈਂਡਰ ਨਾਲ ਲੱਗੇ ‘ਚੇਸਟ’ ਪੇਲੋਡ ਵੱਲੋਂ ਚੰਦ ਦੀ ਸਤਹਿ ’ਤੇ ਮਾਪੀ ਗਈ ਤਾਪਮਾਨ ਭਿੰਨਤਾ ਦਾ ਇਕ ਗ੍ਰਾਫ਼ ਐਤਵਾਰ ਨੂੰ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਕ ਚੰਨ ਦੀ ਸਤਹਿ ’ਤੇ ਵੱਧ ਤੋਂ ਵੱਧ 70 ਡਿਗਰੀ ਸੈਂਟੀਗਰੇਡ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਪੁਲਾੜ ਏਜੰਸੀ ਮੁਤਾਬਕ ‘ਚੰਦਰ ਸਰਫੇਸ ਥਰਮੋਫਿਜ਼ੀਕਲ ਐਕਸਪੈਰੀਮੈਂਟ’ (ਚੇਸਟ) ਨੇ ਚੰਦ ਦੀ ਸਤਹਿ ਦੇ ਤਾਪਮਾਨ ਨੂੰ ਸਮਝਣ ਲਈ ਦੱਖਣੀ ਧਰੁਵ ਦੇ ਆਲੇ-ਦੁਆਲੇ ਚੰਦਰਮਾ ਦੀ ਉਪਰਲੀ ਮਿੱਟੀ ਦਾ ਤਾਪਮਾਨ ਮਾਪਿਆ। ਇਸਰੋ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ,‘‘ਵਿਕਰਮ ਲੈਂਡਰ ’ਤੇ ਚੇਸਟ ਪੇਲੋਡ ਦਾ ਪਹਿਲਾ ਨਿਰੀਖਣ ਪੇਸ਼ ਹੈ। ਚੰਦ ਦੀ ਸਤਹਿ ਦੇ ਤਾਪਮਾਨ ਨੂੰ ਸਮਝਣ ਲਈ ਚੇਸਟ ਨੇ ਧਰੁਵ ਦੇ ਚਾਰੇ ਪਾਸੇ ਚੰਦਰਮਾ ਦੀ ਉਪਰਲੀ ਮਿੱਟੀ ਦੇ ਤਾਪਮਾਨ ਨੂੰ ਮਾਪਿਆ।’’ ਪੇਲੋਡ ’ਚ ਤਾਪਮਾਨ ਨੂੰ ਮਾਪਣ ਦਾ ਇਕ ਉਪਕਰਣ ਲੱਗਾ ਹੋਇਆ ਹੈ ਜੋ ਸਤਹਿ ਦੇ ਹੇਠਾਂ 10 ਸੈਂਟੀਮੀਟਰ ਦੀ ਡੂੰਘਾਈ ਤੱਕ ਪਹੁੰਚਣ ਦੇ ਸਮਰੱਥ ਹੈ। ਇਸਰੋ ਨੇ ਕਿਹਾ ਕਿ ਇਸ ’ਚ 10 ਤਾਪਮਾਨ ਸੈਂਸਰ ਲੱਗੇ ਹੋਏ ਹਨ। ਪੇਸ਼ ਕੀਤਾ ਗਿਆ ਗ੍ਰਾਫ ਵੱਖ ਵੱਖ ਡੂੰਘਾਈ ’ਤੇ ਚੰਦ ਸਤਹਿ/ਕਰੀਬੀ ਸਤਹਿ ਦੀ ਤਾਪਮਾਨ ਭਿੰਨਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਵਿਸਥਾਰ ਨਾਲ ਪੜਚੋਲ ਜਾਰੀ ਹੈ। ਪੇਲੋਡ ਨੂੰ ਫਿਜ਼ੀਕਲ ਰਿਸਰਚ ਲੈਬਾਰਟਰੀ ਅਹਿਮਦਾਬਾਦ ਦੇ ਸਹਿਯੋਗ ਨਾਲ ਇਸਰੋ ਦੇ ਵਿਕਰਮ ਸਾਰਾਭਾਈ ਪੁਲਾੜ ਕੇਂਦਰ ਦੀ ਸਪੇਸ ਫਿਜ਼ਿਕਸ ਲੈਬਾਰਟਰੀ ਦੀ ਅਗਵਾਈ ਹੇਠਲੀ ਇਕ ਟੀਮ ਵੱਲੋਂ ਵਿਕਸਤ ਕੀਤਾ ਗਿਆ ਸੀ। ਚੰਦਰਯਾਨ-3 ਦਾ ਲੈਂਡਰ ਮਾਡਿਊਲ ਬੁੱਧਵਾਰ ਨੂੰ ਚੰਦ ਦੀ ਸਤਹਿ ’ਤੇ ਉਤਰਨ ਮਗਰੋਂ ਭਾਰਤ ਨੇ ਇਤਿਹਾਸ ਸਿਰਜ ਦਿੱਤਾ ਸੀ। ਇਹ ਪ੍ਰਾਪਤੀ ਹਾਸਲ ਕਰਨ ਵਾਲਾ ਭਾਰਤ ਚੌਥਾ ਮੁਲਕ ਬਣ ਗਿਆ ਹੈ। ਉਂਜ ਚੰਦ ਦੇ ਦੱਖਣੀ ਧਰੁਵ ’ਤੇ ਉਤਰਨ ਵਾਲਾ ਭਾਰਤ ਪਹਿਲਾ ਮੁਲਕ ਬਣ ਗਿਆ ਹੈ। ਭਾਰਤ ਦੀ ਇਸ ਪ੍ਰਾਪਤੀ ’ਤੇ ਹੋਰ ਮੁਲਕਾਂ ਨੇ ਸ਼ਲਾਘਾ ਕਰਦਿਆਂ ਵਧਾਈ ਦਿੱਤੀ ਹੈ। -ਪੀਟੀਆਈ
ਵਧੇਰੇ ਤਾਪਮਾਨ ’ਤੇ ਇਸਰੋ ਵਿਗਿਆਨੀ ਨੇ ਹੈਰਾਨੀ ਜਤਾਈ
ਬੰਗਲੂਰੂ: ਪੁਲਾੜ ਏਜੰਸੀ ਦੇ ਇਕ ਸੀਨੀਅਰ ਵਿਗਿਆਨੀ ਬੀ ਐੱਚ ਐੱਮ ਦਾਰੂਕੇਸ਼ਾ ਨੇ ਚੰਦ ’ਤੇ ਵਧੇਰੇ ਤਾਪਮਾਨ ਦਰਜ ਹੋਣ ’ਤੇ ਹੈਰਾਨੀ ਜਤਾਈ ਹੈ। ਉਨ੍ਹਾਂ ਕਿਹਾ,‘‘ਅਸੀਂ ਸਾਰਿਆਂ ਨੇ ਸੋਚਿਆ ਸੀ ਕਿ ਸਤਹਿ ’ਤੇ ਤਾਪਮਾਨ ਕਿਤੇ 20 ਤੋਂ 30 ਡਿਗਰੀ ਸੈਂਟੀਗਰੇਡ ਹੋਵੇਗਾ ਪਰ ਇਹ 70 ਡਿਗਰੀ ਸੈਂਟੀਗਰੇਡ ਹੈ। ਇਹ ਸਾਡੀ ਆਸ ਨਾਲੋਂ ਬਹੁਤ ਜ਼ਿਆਦਾ ਹੈ।’’ ਉਨ੍ਹਾਂ ਕਿਹਾ ਕਿ ਜਦੋਂ ਅਸੀਂ ਧਰਤੀ ਦੇ ਅੰਦਰ ਦੋ ਤੋਂ ਤਿੰਨ ਸੈਂਟੀਮੀਟਰ ਤੱਕ ਜਾਂਦੇ ਹਾਂ, ਤਾਂ ਸਾਨੂੰ ਦੋ ਤੋਂ ਤਿੰਨ ਡਿਗਰੀ ਸੈਂਟੀਗਰੇਡ ਭਿੰਨਤਾ ਘੱਟ ਹੀ ਦਿਖਾਈ ਦਿੰਦੀ ਹੈ ਜਦੋਂ ਕਿ ਉੱਥੇ (ਚੰਨ ਵਿੱਚ) ਇਹ ਲਗਭਗ 50 ਡਿਗਰੀ ਸੈਂਟੀਗਰੇਡ ਭਿੰਨਤਾ ਹੈ ਜੋ ਦਿਲਚਸਪ ਗੱਲ ਹੈ। ਚੰਦਰਮਾ ਦੀ ਸਤਹਿ ਤੋਂ ਹੇਠਾਂ ਤਾਪਮਾਨ ਮਾਈਨਸ 10 ਡਿਗਰੀ ਸੈਲਸੀਅਸ ਤੱਕ ਡਿਗ ਜਾਂਦਾ ਹੈ। ਸੀਨੀਅਰ ਵਿਗਿਆਨੀ ਨੇ ਕਿਹਾ ਕਿ ਇਹ ਭਿੰਨਤਾ 70 ਡਿਗਰੀ ਸੈਲਸੀਅਸ ਤੋਂ ਮਨਫ਼ੀ 10 ਡਿਗਰੀ ਸੈਲਸੀਅਸ ਤੱਕ ਹੈ। -ਪੀਟੀਆਈ