ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਅਗਸਤ
ਪੰਜਾਬ ਯੂਥ ਕਾਂਗਰਸ ਵੱਲੋਂ ਪਾਰਟੀ ਦੇ ਦੋ ਮੀਤ ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਅਤੇ ਅਕਸ਼ੇ ਸ਼ਰਮਾ ਨੂੰ ਜਾਰੀ ਕਰਕੇ ਦੋ ਦਿਨਾਂ ਦੇ ਅੰਦਰ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਇਨ੍ਹਾਂ ਦੋਵਾਂ ਮੀਤ ਪ੍ਰਧਾਨਾਂ ਨੇ ਨਵੇਂ ਪ੍ਰਧਾਨ ਮੋਹਿਤ ਮਹਿੰਦਰਾ ਦੇ ਅਹੁਦਾ ਸੰਭਾਲਣ ਮੌਕੇ ਕਰਵਾਏ ਸਮਾਗਮ ਵਿੱਚ ਸ਼ਮੂਲੀਅਤ ਨਹੀਂ ਕੀਤੀ ਸੀ। ਯੂਥ ਕਾਂਗਰਸ ਦੀ ਪ੍ਰਧਾਨਗੀ ਐਲਾਨੇ ਜਾਣ ਮਗਰੋਂ ਇੱਕ ਧੜਾ ਨਾਰਾਜ਼ ਸੀ। ਨਾਰਾਜ਼ ਧੜੇ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨਾਲ ਮੀਟਿੰਗ ਵੀ ਕੀਤੀ ਸੀ ਅਤੇ ਦਿੱਲੀ ’ਚ ਵੀ ਆਪਣਾ ਰੋਸ ਦਰਜ ਕਰਾਇਆ ਸੀ। ਪੰਜਾਬ ਕਾਂਗਰਸ ਦੇ ਦਫ਼ਤਰ ਵਿੱਚ 24 ਅਗਸਤ ਨੂੰ ਇਹ ਸਮਾਗਮ ਕਰਵਾਇਆ ਗਿਆ ਸੀ ਅਤੇ ਇਨ੍ਹਾਂ ਸਮਾਗਮਾਂ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਧੜੇ ਦੀ ਸ਼ਮੂਲੀਅਤ ਨਾ ਹੋਣ ਦੇ ਮੁੱਦੇ ਨੂੰ ਅਸਿੱਧੇ ਤਰੀਕੇ ਨਾਲ ਚੁੱਕਿਆ ਸੀ। ਅਕਸ਼ੇ ਸ਼ਰਮਾ ਦੇ ਧੜੇ ਨੇ ਇਹ ਤਰਕ ਦਿੱਤਾ ਸੀ ਕਿ ਉਨ੍ਹਾਂ ਨੂੰ ਸਮਾਗਮਾਂ ਵਿੱਚ ਸੱਦਿਆ ਨਹੀਂ ਗਿਆ। ਹੁਣ ਜਾਰੀ ਕੀਤੇ ਨੋਟਿਸਾਂ ਵਿੱਚ ਕਿਹਾ ਗਿਆ ਹੈ ਕਿ ਉਦੇਵੀਰ ਸਿੰਘ ਢਿੱਲੋਂ ਅਤੇ ਅਕਸ਼ੇ ਸ਼ਰਮਾ ਨੇ ਯੂਥ ਕਾਂਗਰਸ ਦੀਆਂ ਮੀਟਿੰਗਾਂ ਵਿੱਚ ਕਹਿਣ ਦੇ ਬਾਵਜੂਦ ਸ਼ਮੂਲੀਅਤ ਨਹੀਂ ਕੀਤੀ ਹੈ। ਇੱਥੋਂ ਤੱਕ ਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਸੱਦੇ ਨੂੰ ਵੀ ਇਨ੍ਹਾਂ ਆਗੂਆਂ ਨੇ ਨਜ਼ਰਅੰਦਾਜ਼ ਕਰ ਦਿੱਤਾ। ਨੋਟਿਸਾਂ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਕਰ ਕੇ ਇਨ੍ਹਾਂ ਆਗੂਆਂ ਨੇ ਅਨੁਸ਼ਾਸਨਹੀਣਤਾ ਦਿਖਾਈ ਹੈ। ਇਨ੍ਹਾਂ ਨੋਟਿਸਾਂ ਮਗਰੋਂ ਹੁਣ ਯੂਥ ਕਾਂਗਰਸ ਵਿੱਚ ਰੱਫੜ ਹੋਰ ਵਧਣ ਦੀ ਸੰਭਾਵਨਾ ਬਣ ਗਈ ਹੈ।