ਡਾ. ਜਤਿੰਦਰ ਸਿੰਘ
ਫਰਾਂਸੀਸੀ ਲੇਖਕ ਆਂਦ੍ਰੇ ਜੀਡੇ ਅਨੁਸਾਰ ‘ਸਭ ਕੁਝ ਪਹਿਲਾਂ ਹੀ ਕਿਹਾ ਜਾ ਚੁੱਕਿਆ ਹੈ ਕਿਉਂਕਿ ਅਸੀਂ ਬੇਧਿਆਨੇ ਹੁੰਦੇ ਹਾਂ ਇਸ ਲਈ ਸਾਨੂੰ ਵਾਪਸ ਮੁੱਢ ਤੋਂ ਸ਼ੁਰੂ ਕਰਨ ਦੀ ਲੋੜ ਹੁੰਦੀ ਹੈ’। ਲੇਖ ਕੋਈ ਨਵਾਂ ਨੁਕਤਾ ਸਾਂਝਾ ਕਰਨ ਦਾ ਯਤਨ ਨਹੀਂ ਸਗੋਂ ਕਹੀਆਂ ਗੱਲਾਂ ਦੇ ਦੁਹਰਾਅ ਜ਼ਰੀਏ ਮੂਲ ਗੱਲ ਬਾਰੇ ਵਿਚਾਰ ਕਰਨਾ ਹੈ। ਹੜ੍ਹਾਂ ਬਾਬਤ ਹੋਈਆਂ ਗੱਲਾਂ ਨੂੰ ਸਮੇਟਦਿਆਂ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਦਾ ਅਵੇਸਲਾਪਣ, ਗੁਆਂਢੀ ਸੂਬਿਆਂ ਨਾਲ ਪਾਣੀ ਦਾ ਮਸਲਾ ਆਦਿ ਟਿੱਪਣੀਆਂ ਖ਼ਬਰਾਂ ਦਾ ਕੇਂਦਰ ਬਿੰਦੂ ਰਹੀਆਂ। ਪਾਣੀ ਦੇ ਰਾਹਾਂ ’ਤੇ ਕਬਜ਼ੇ ਕਰ ਕੇ ਬਿਲਡਰਾਂ ਦੁਆਰਾ ਸਿਆਸਤਦਾਨਾਂ ਤੇ ਨੌਕਰਸ਼ਾਹਾਂ ਦੀ ਮਿਲੀ-ਭੁਗਤ ਨਾਲ ਕਲੋਨੀਆਂ ਬਣਾਉਣਾ, ਲੋਕਾਂ ਦੁਆਰਾ ਨਿੱਜੀ ਮੁਫਾਦਾਂ ਲਈ ਸੁੱਕੀਆਂ ਡਰੇਨਾਂ, ਚੋਆਂ, ਖਾਲਾਂ ਆਦਿ ਪਾਣੀ ਦੇ ਰਸਤੇ ਦੱਬਣਾ ਆਦਿ ਤਰਕ ਵੀ ਸੁਣਾਈ ਦਿੱਤੇ; ਭਾਵ, ‘ਪਾਣੀ ਸਾਡੇ ਰਾਹ ’ਚ ਨਹੀਂ ਆਇਆ, ਅਸੀਂ ਪਾਣੀ ਦੇ ਰਾਹ ’ਚ ਆਏ ਹਾਂ’।
ਘੱਗਰ ਬਾਰੇ ਸਰਕਾਰੀ ਰੁਖ਼ ਦਾ ਇਤਿਹਾਸ ਫਰੋਲਦਿਆਂ ਤੱਥ ਸਾਹਮਣੇ ਆਏ ਕਿ 1968 ਵਿਚ ਘੱਗਰ ਕਮੇਟੀ ਬਣੀ ਸੀ ਜਿਸ ਦਾ ਮੁੱਖ ਉਦੇਸ਼ ਹੜ੍ਹ ਕਾਬੂ ਕਰਨਾ ਅਤੇ ਪਾਣੀ ਦੇ ਬਿਹਤਰ ਨਿਕਾਸ ਲਈ ਤਜਵੀਜ਼ ਸਕੀਮਾਂ ਮਨਜ਼ੂਰ ਕਰਨਾ ਸੀ ਪਰ ਹੜ੍ਹਾਂ ਦੀ ਮਾਰ ਜਾਰੀ ਰਹੀ ਤੇ ਸਰਕਾਰ ਨੇ 1978 ਵਿਚ ਮੁੜ ਨਵੀਂ ਘੱਗਰ ਸਟੈਂਡਿੰਗ ਕਮੇਟੀ ਬਣਾਈ। ਪਰਨਾਲਾ ਉੱਥੇ ਦਾ ਉੱਥੇ ਰਿਹਾ। ਫਰਵਰੀ 1990 ਵਿਚ ਪੁਨਰ ਗਠਨ ਕਰ ਪਹਿਲਾਂ ਲਿਖੇ ਟੀਚਿਆਂ ਵਿਚ ਨਵੇਂ ਜਿਵੇਂ ਸਿੰਜਾਈ ਵਿਚ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣਾ, ਅੰਤਰ-ਰਾਜੀ ਨੁਕਤਾ-ਨਿਗ੍ਹਾ ਤੋਂ ਸਕੀਮਾਂ ਨੂੰ ਪ੍ਰਵਾਨ ਕਰਨਾ ਆਦਿ ਜੋੜ ਦਿੱਤੇ। ਇਹ ਜਾਣਕਾਰੀ 2010 ਵਿਚ ਰਾਜ ਮੰਤਰੀ (ਪਾਣੀ ਸਰੋਤ ਮੰਤਰਾਲੇ) ਵਿਨਸੈਂਟ ਐੱਚ ਪਾਲਾ ਨੇ ਲੋਕ ਸਭਾ ਵਿਚ ਸਾਂਝੀ ਕੀਤੀ। 2018 ਵਿਚ ਐੱਨਜੀਟੀ ਨੇ ਘੱਗਰ ਵਿਚ ਵੱਧ ਰਹੇ ਪ੍ਰਦੂਸ਼ਣ ਤੇ ਦੁਰਗੰਧ ਦੇ ਹੱਲ ਲਈ ਕਾਰਜਕਾਰੀ ਕਮੇਟੀ ਬਣਾਈ। ਅਹਿਮ ਸੁਝਾਅ ਇਹ ਸੀ ਕਿ ਹੜ੍ਹ ਮਾਰੇ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਤੇ ਕਬਜ਼ੇ ਹਟਾਏ ਜਾਣ। ਇਸ ਕਮੇਟੀ ਨੇ ਦੋ ਸਾਲਾਂ ਵਿਚ ਐੱਨਜੀਟੀ ਨੂੰ ਛੇ ਰਿਪੋਰਟਾਂ ਸੌਂਪੀਆਂ, ਬਣਿਆ ਕੁਝ ਵੀ ਨਹੀਂ।
ਜੁਲਾਈ 2010 ਦੇ ਮੁੱਢਲੇ ਦੋ ਹਫ਼ਤੇ ਘੱਗਰ ਬੇਸਿਨ ਵਿਚ ਆਏ ਹੜ੍ਹ ਬਾਰੇ ਸਾਊਥ ਏਸ਼ੀਆ ਨੈੱਟਵਰਕ ਆਨ ਡੈਮਜ਼, ਰਿਵਰਜ਼ ਐਂਡ ਪੀਪਲ ਨਾਂ ਦੀ ਸੰਸਥਾ ਦੀ ਇਸੇ ਮਹੀਨੇ ਛਪੀ ਰਿਪੋਰਟ ਨੇ ਨਦੀਆਂ ਦੀ ਦੇਖ-ਰੇਖ ਵੱਲ ਧਿਆਨ ਨਾ ਦੇਣ ਨੂੰ ਵੱਡਾ ਕਾਰਨ ਦੱਸਿਆ। ਨੌਕਰਸ਼ਾਹਾਂ, ਸਿਆਸਤਦਾਨਾਂ ਤੇ ਇੰਜਨੀਅਰਾਂ ਦੀ ਮਿਲੀ-ਭੁਗਤ ਨਾਲ ਬਿਲਡਰਾਂ ਦੁਆਰਾ ਪਾਣੀ ਦੇ ਵਹਿਣਾਂ ਉੱਤੇ ਕਬਜ਼ਿਆਂ ਦੀ ਦੂਜੇ ਵੱਡੇ ਕਾਰਨ ਵਜੋਂ ਸ਼ਨਾਖ਼ਤ ਕੀਤੀ ਗਈ। ਸਥਾਨਕ ਸਿੰਜਾਈ ਦੇ ਢਾਂਚਿਆਂ ਨੂੰ ਦਰੁਸਤ ਨਾ ਕਰਨਾ ਤੀਜਾ ਕਾਰਨ ਬਣਿਆ। ਰਿਪੋਰਟ ਨੇ ਇਹ ਤੱਥ ਵੀ ਉਭਾਰਿਆ ਕਿ ਸੰਕਟ ਦੀ ਘੜੀ ਨਾ ਸਿਰਫ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ ਦੀਆਂ ਸਰਕਾਰਾਂ ਆਪਸੀ ਤਾਲਮੇਲ ਕਰਨ ਵਿਚ ਨਾਕਾਮ ਰਹੀਆਂ ਬਲਕਿ ਸੂਬੇ ਅੰਦਰਲੇ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਦਾਰੇ ਤੇ ਅਧਿਕਾਰੀ ਵੀ ਆਪਸੀ ਸਹਿਯੋਗ ਤੋਂ ਕੋਹਾਂ ਦੂਰ ਰਹੇ ਹਨ। ਜਿਥੇ ਮੈਦਾਨੀ ਇਲਾਕੇ ਹੜ੍ਹ ਦੀ ਮਾਰ ਹੇਠ ਆਏ ਉੱਥੇ ਪਹਾੜਾਂ ਦੀ ਦੁਰਦਸ਼ਾ ਵੀ ਜੱਗ-ਜ਼ਾਹਿਰ ਹੈ। ਸੈਰ-ਸਪਾਟੇ ਲਈ ਬਣ ਰਹੀਆਂ ਸੜਕਾਂ, ਪਹਾੜ ਚੀਰਦੀਆਂ ਸੁਰੰਗਾਂ, ਪਾਣੀ ਦਾ ਰਾਹ ਰੋਕਣ ਲਈ ਬਣਾਏ ਵੱਡੇ ਬੰਨ੍ਹਾਂ, ਪਣ-ਬਿਜਲੀ ਪ੍ਰਾਜੈਕਟਾਂ ਆਦਿ ਨੇ ਪਹਾੜਾਂ ਦੀ ਹੋਂਦ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ।
ਪਰਦੇ ਅੱਗੇ ਘੁੰਮ ਰਹੇ ਦ੍ਰਿਸ਼ ਦੇਖਦਿਆਂ, ਪਰਖਦਿਆਂ ਤੇ ਸਮਝਦਿਆਂ ਅਸੀਂ ਦੋਸ਼ੀਆਂ ਵਜੋਂ ਸਰਕਾਰਾਂ, ਸਰਕਾਰੀ ਅਮਲਾ-ਫੈਲੇ, ਸਿਆਸਤਦਾਨਾਂ ਆਦਿ ਦੀ ਨਿਸ਼ਾਨਦੇਹੀ ਕਰ ਰਹੇ ਹਾਂ। ਇਸ ਸ਼ਨਾਖ਼ਤ ਦੀ ਆਪਣੀ ਅਹਿਮੀਅਤ ਹੋਣ ਦੇ ਬਾਵਜੂਦ ਇਹ ਫੌਰੀ ਮੁੱਦੇ ਜਾਂ ਮੁਸ਼ਕਿਲ ਦੇ ਵਕਤੀ ਤੇ ਸਤਹੀ ਸਮਝ ਵਿਚੋਂ ਉਪਜੀ ਹੈ। ਜੜ੍ਹ ਜਾਂ ਮੂਲ ਵੱਲ ਧਿਆਨ ਕਰੇ ਬਗੈਰ ਅਸੀਂ ਭਟਕਾਅ ਦਾ ਸ਼ਿਕਾਰ ਵੀ ਹੁੰਦੇ ਹਾਂ। ਵਕਤੀ ਮੁੱਦਿਆਂ ਦਾ ਸੰਘਰਸ਼ ਵੀ ਵਕਤੀ ਹੋ ਨਿਬੜਦਾ ਹੈ। ਮਸਲੇ ਦੇ ਹੱਲ ਹੋ ਜਾਣ ਜਾਂ ਮੁਸੀਬਤ ਦੇ ਟਲ ਜਾਣ ਤੋਂ ਬਾਅਦ ਮੁੱਦੇ ਪ੍ਰਤੀ ਸੰਜੀਦਗੀ ਮੱਧਮ ਪੈ ਜਾਂਦੀ ਹੈ।
ਇਤਾਲਵੀ ਬੁੱਧੀਜੀਵੀ ਅੰਤੋਨੀਓ ਗ੍ਰਾਮਸ਼ੀ ਵਕਤੀ ਤੇ ਲੰਮੇਰੇ ਸੰਘਰਸ਼ਾਂ ਦਾ ਫਰਕ ਦੱਸਦਿਆਂ ਲਿਖਦੇ ਹਨ ਕਿ ਲੰਮੇਰੇ ਸੰਘਰਸ਼, ਵਰਤਾਰੇ ਦੇ ਮੂਲ ਪ੍ਰਤੀ ਸਮਝ ਦੀ ਜਗਿਆਸਾ ਵਿਚੋਂ ਪੈਦਾ ਹੁੰਦੇ ਹਨ। ਇਨ੍ਹਾਂ ਦੀ ਜ਼ਰੂਰਤ ਮੂਲ ਢਾਂਚੇ ਬਾਰੇ ਸੂਝ ਵਿਚੋਂ ਉਪਜਦੀ ਹੈ। ਹਲਾਂਕਿ ਵਕਤੀ ਮੁੱਦੇ ਮੂਲ ਢਾਂਚੇ ਦੀਆਂ ਸਮੱਸਿਆਵਾਂ ਵਿਚੋਂ ਪੈਦਾ ਹੁੰਦੇ ਹਨ ਪਰ ਇਨ੍ਹਾਂ ਤੱਕ ਸੀਮਤ ਸੋਚ ਨਾ ਤਾਂ ਢਾਂਚਾਗਤ ਕਮੀਆਂ ਦੀ ਸਮਝ ਬਣਾ ਸਕਦੀ ਹੈ ਤੇ ਨਾ ਹੀ ਲੰਮੇਰੇ ਸੰਘਰਸ਼ਾਂ ਦੇ ਰਾਹ ਪਾ ਸਕਦੀ ਹੈ। ਇਸ ਮੂਲ ਢਾਂਚਾਗਤ ਸਮੱਸਿਆ ਦਾ ਨਾਂ ਪੂੰਜੀਵਾਦ ਹੈ ਜਿਸ ਦੀ ਜੜ੍ਹ ਵਿਚ ਮੁਨਾਫੇ ਦਾ ਬੇਲਗਾਮ ਲਾਲਚ ਪਿਆ ਹੈ। ਇਸ ਦੀ ਹੋਂਦ ਮਨੁੱਖੀ ਕਿਰਤ-ਸ਼ਕਤੀ ਤੇ ਕੁਦਰਤ ਦੀ ਲੁੱਟ ਉੱਤੇ ਟਿਕੀ ਹੈ।
ਮਨੁੱਖ ਕੁਝ ਵੀ ਖ਼ਲਾਅ ਵਿਚੋਂ ਪੈਦਾ ਨਹੀਂ ਕਰ ਸਕਦਾ। ਉਤਪਾਦਨ ਲਈ ਪਦਾਰਥਾਂ ਦੀ ਮੌਜੂਦਗੀ ਜ਼ਰੂਰੀ ਹੈ ਜੋ ਸੀਮਤ ਮਾਤਰਾ ਵਿਚ ਹਨ। ਬੇਲਗਾਮ ਮੁਨਾਫੇ ਲਈ ਘੱਟ ਤੋਂ ਘੱਟ ਸਮੇਂ ਵਿਚ ਵਸਤਾਂ ਦਾ ਬੇਲਗਾਮ ਉਤਪਾਦਨ ਤੇ ਜਲਦ ਤੋਂ ਜਲਦ ਮੰਡੀਆਂ ਵਿਚ ਪਹੁੰਚ ਬੇਸ਼ੁਮਾਰ ਵਿਕਣ ਦੀ ਪ੍ਰਕਿਰਿਆ ਦਾ ਲਗਾਤਾਰ ਚੱਲਦੇ ਰਹਿਣਾ ਜ਼ਰੂਰੀ ਹੈ। ਇਸ ਲਈ ਮਨੁੱਖੀ ਕਿਰਤ ਤੇ ਕੁਦਰਤ ਦਾ ਸ਼ੋਸ਼ਣ ਬੇਰੋਕ ਚੱਲਣਾ ਤੈਅ ਹੈ। ਪੂੰਜੀਵਾਦ ਮਨੁੱਖਤਾ ਵਿਰੋਧੀ ਵਰਤਾਰਾ ਹੈ ਜਿਸ ਦਾ ਮਨੁੱਖ ਨੂੰ ਸਿਰਫ ਸੰਦ ਤੇ ਕੁਦਰਤ ਨੂੰ ਜਿੱਤਣ ਵਾਲੀ ਆਪਣੇ ਤੋਂ ਵੱਖ ਸ਼ੈਅ ਦੇ ਤੌਰ ’ਤੇ ਦੇਖਣਾ ਮੂਲ ਸਿਧਾਂਤ ਹੈ। ਇਹ ਬਾਹਰੀ/ਦੂਜੈਲਾ ਸਿਧਾਂਤ ਹੈ। ਕੁਦਰਤ ਆਪਸੀ ਨਿਰਭਰਤਾ ਦੇ ਨੇਮ ’ਤੇ ਟਿਕੀ ਹੋਈ ਹੈ। ਮਨੁੱਖੀ ਹੋਂਦ ਬਰਕਰਾਰ ਰੱਖਣ ਲਈ ਜੋ ਊਰਜਾ ਦਰਕਾਰ ਹੈ, ਉਹ ਸਿਰਫ ਕੁਦਰਤ ਤੋਂ ਮਿਲਦੀ ਹੈ। ਸਹਿ-ਹੋਂਦ ਦੇ ਨੇਮ ਨੂੰ ਪੱਲੇ ਬੰਨ੍ਹੀ ਰੱਖਣ ਦਾ ਕਾਰਜ ਮਨੁੱਖ ਰਾਹੀਂ ਕੁਦਰਤ ਨੂੰ ਰੌਸ਼ਨਾਉਣ ਤੇ ਨਵਿਆਉਣ ਵਿਚ ਸਹਾਈ ਹੁੰਦਾ ਹੈ। ਹਾਸਲ ਗਿਆਨ-ਵਿਗਿਆਨ ਕੁਦਰਤ ਨਾਲ ਇੱਕ-ਮਿਕ ਹੋ ਕੇ ਆਉਣ ਵਾਲੀਆਂ ਔਕੜਾਂ ਨਾਲ ਨਜਿਠੱਣ ਦਾ ਜ਼ਰੀਆ ਬਣਦਾ। ਕੁਦਰਤ ਨਾਲ ਸੁਚੱਜੀ ਸਾਂਝ-ਭਿਆਲੀ ਪਾਉਂਦਾ। ਮਨੁੱਖ ਇਹ ਅਹਿਸਾਸ ਬਣਾਈ ਰੱਖਦਾ ਕਿ ਕੁਦਰਤ ਨੂੰ ਜਿੱਤਣ ਵਿਚ ਨਹੀਂ ਬਲਕਿ ਸੰਵਾਦ ਰਚਾਉਣ ਵਿਚ ਹੀ ਉਸ ਦੀ ਹੋਂਦ ਸੁਰੱਖਿਅਤ ਹੈ। ਇਸ ਅਹਿਸਾਸ ਦਾ ਮੁੱਢੋਂ ਟੁੱਟ ਜਾਣਾ ਤਬਾਹੀ ਦਾ ਮੂਲ ਕਾਰਨ ਹੈ। ਕਾਰਲ ਮਾਰਕਸ ਅਨੁਸਾਰ ਪੂੰਜੀਵਾਦ ਨੇ ਇਸ ਅਹਿਸਾਸ ਨੂੰ ਜੜ੍ਹੋਂ ਖ਼ਤਮ ਕਰ ਦਿੱਤਾ ਹੈ। ਮਨੁੱਖ ਤੇ ਕੁਦਰਤ ’ਚ ਗਹਿਰਾ ਖੱਪਾ ਪੈਦਾ ਕਰ ਦਿੱਤਾ ਹੈ। ਮਨੁੱਖ ਕੁਦਰਤ ਨੂੰ ਨਤਮਸਤਿਕ ਹੋਣ ਦੀ ਥਾਂ ਜਿੱਤਣ ਦੇ ਰਾਹ ਪੈ ਗਿਆ ਹੈ।
ਤਕਰੀਬਨ ਪੰਜ ਸੌ ਸਾਲ ਪਹਿਲਾਂ ਪੂੰਜੀਵਾਦ ਦੀ ਸ਼ੁਰੂਆਤ ਇੰਗਲੈਂਡ ਤੋਂ ਹੋਈ ਜਿਥੇ ਪੌਣ ਪਾਣੀ ਰਾਹੀਂ ਪੈਦਾ ਹੁੰਦੀ ਊਰਜਾ ਨੂੰ ਇਸਤੇਮਾਲ ਕਰ ਛੋਟੇ ਉਦਯੋਗ ਲੱਗਣੇ ਸ਼ੁਰੂ ਹੋਏ। ਉਥੇ ਕਿਸਾਨੀ ਨੂੰ ਉਜਾੜ ਹਜ਼ਾਰਾਂ ਏਕੜਾਂ ਦੇ ਫਾਰਮਾਂ ਵਿਚ ਤਬਦੀਲ ਕੀਤਾ ਗਿਆ। ਸੰਖਿਆ ਵਜੋਂ ਨਿਗੂਣੇ ਨਵੇਂ ਮਾਲਕਾਂ ਨੇ ਜ਼ਮੀਨ ਅਤੇ ਇਸ ਉੱਤੇ ਕੰਮ ਕਰਨ ਵਾਲੇ ਬੇਜ਼ਮੀਨੇ ਹੋਏ ਮਜ਼ਦੂਰਾਂ ਨੂੰ ਸਿਰਫ਼ ਮੁਨਾਫਾ ਕਮਾਉਣ ਦੇ ਸਾਧਨ ਵਜੋਂ ਵਰਤਣਾ ਸ਼ੁਰੂ ਕੀਤਾ। ਖੇਤੀ ਵਿਚ ਵੱਡੇ ਉਲਟ-ਫੇਰ ਕੀਤੇ। ਅਜਿਹੀਆਂ ਫਸਲਾਂ ਉਗਾਉਣੀਆਂ ਸ਼ੁਰੂ ਕੀਤੀਆਂ ਜਿਹੜੀਆਂ ਵੱਧ ਤੋਂ ਵੱਧ ਤੇ ਛੇਤੀ ਤੋਂ ਛੇਤੀ ਧਰਤੀ ਅੰਦਰਲੇ ਪੌਸ਼ਿਕ ਤੱਤ ਸੋਕ ਕੇ ਘੱਟ ਤੋਂ ਘੱਟ ਸਮੇਂ ਵਿਚ ਤਿਆਰ ਹੋ ਕੇ ਕੌਮੀ ਤੇ ਆਲਮੀ ਮੰਡੀਆਂ ਰਾਹੀਂ ਸ਼ਹਿਰਾਂ ਦੇ ਖਪਤਕਾਰਾਂ ਤੱਕ ਪਹੁੰਚਾਈਆਂ ਜਾ ਸਕਣ। ਜਰਮਨ ਵਿਗਿਆਨੀ ਯੁਸਟਸ ਫੋਨ ਲੀਬੀਸ਼ (1803-1873) ਖੇਤੀ ਦੇ ਇਸ ਢੰਗ ਨੂੰ ਧਰਤੀ ਦੇ ਪੌਸ਼ਿਕ ਤੱਤਾਂ ਦੀ ਡਕੈਤੀ ਮੰਨਦਾ ਹੈ। ਧਰਤੀ ਦੀ ਸਹਿਜ ਪੁਨਰ-ਸੁਰਜੀਤੀ ਦੀ ਪ੍ਰਕਿਰਿਆ ਨੂੰ ਹਮੇਸ਼ਾ ਲਈ ਭੰਨ ਸੁੱਟਿਆ। ਧਰਤੀ ਵਿਚ ਸਮਾਏ ਖਣਿਜਾਂ ਨਾਲ ਵੀ ਇਹੀ ਵਾਪਰਨਾ ਸ਼ੁਰੂ ਹੋਇਆ। ਵੱਡੇ ਕਾਰਖਾਨੇ ਲੱਗਣੇ ਸ਼ੁਰੂ ਹੋਏ, ਛੋਟੇ ਉਦਯੋਗਪਤੀਆਂ ਦੀ ਥਾਂ ਵੱਡੀਆਂ ਕੰਪਨੀਆਂ ਲੈਣ ਲੱਗੀਆਂ ਤੇ ਕਿਰਤ-ਸ਼ਕਤੀ ਤੇ ਕੁਦਰਤੀ ਅਸਾਸਿਆਂ ਦੀ ਲੁੱਟ ਵੀ ਵਧਣ ਲੱਗੀ। ਸਮੇਂ ਨਾਲ ਵਧੇ ਮਸ਼ੀਨੀਕਰਨ ਤੇ ਤਕਨੀਕੀ ‘ਵਿਕਾਸ’ ਨੇ ਜਿਥੇ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਉੱਥੇ ਤਬਾਹੀ ਨੂੰ ਜ਼ਰਬਾਂ ਦਿੱਤੀ। ਬੇਲਗਾਮ ਪੂੰਜੀਵਾਦ ਹੱਦ-ਬੰਨੇ ਟੱਪਣਾ ਆਪਣੀ ਸ਼ਾਨ ਸਮਝਦਾ ਹੈ। ਸਮਰਾਜਵਾਦ ਦਾ ਰੂਪ ਧਾਰਦਾ ਧਰਤੀ ਨੂੰ ਆਪਣੇ ਕਬਜ਼ੇ ਵਿਚ ਲੈਂਦਾ, ਖੇਤਰਾਂ ਅਨੁਸਾਰ ਆਪਣਾ ਸਰੂਪ ਬਦਲਦਾ, ਖਿੱਤਿਆਂ ਵਿਚ ਦੁਸ਼ਮਣਾਂ ਤੇ ਹਮਾਇਤੀਆਂ ਦੀ ਪਛਾਣ ਕਰਦਾ ਇਸ ਪੱਧਰ ਦੀ ਤਬਾਹੀ ਮਚਾ ਰਿਹਾ ਹੈ ਕਿ ਸਗਲ ਮਨੁੱਖੀ ਤੇ ਕੁਦਰਤ ਦੀ ਹੋਂਦ ਲਈ ਸਭ ਤੋਂ ਵੱਡਾ ਖ਼ਤਰਾ ਬਣ ਗਿਆ ਹੈ।
ਵੱਡੀਆਂ ਕੰਪਨੀਆਂ ਦੇ ਮੁਨਾਫੇ ਆਧਾਰਿਤ ਅਰਥਚਾਰੇ ਨੂੰ ਬੇਰੋਕ ਚੱਲਣ ਲਈ ਮਨੁੱਖੀ ਸੁਭਾਅ ਨੂੰ ਆਪਣੇ ਅਨੁਕੂਲ ਢਾਲਣਾ ਜ਼ਰੂਰੀ ਹੈ। ਰਾਜ ਸੱਤਾ ਮਨੁੱਖੀ ਸੁਭਾਅ ਨੂੰ ਢਾਲਣ ਦਾ ਸਭ ਤੋਂ ਕਾਰਗਰ ਹਥਿਆਰ ਹੈ। ਸਿਖਲਾਈਯਾਫਤਾ ਨੌਕਰਸ਼ਾਹੀ ਦਾ ਸੁਭਾਅ ਵੀ ਰਾਜ ਸੱਤਾ ਦੇ ਪੱਖ ’ਚ ਭੁਗਤਦਾ ਹੈ। ਅਪਵਾਦ ਵਸ ਜੇ ਕੋਈ ਅਫਸਰ ਉਲਟ ਸੋਚੇ ਤਾਂ ਸਿਆਸਤਦਾਨ ਆਪੇ ਹਿਸਾਬ ਕਰ ਲੈਂਦੇ ਹਨ। ਮਨੁੱਖੀ ਸੁਭਾਅ ਦੋ ਕਿਸਮ ਨਾਲ ਢਾਲਿਆ ਜਾ ਸਕਦਾ ਹੈ: ਇੱਕ ਡੰਡੇ ਦੇ ਜ਼ੋਰ, ਦੂਜਾ ਵਿਚਾਰਾਂ ਨੂੰ ਆਤਮਸਾਤ ਕਰਵਾ ਕੇ। ਦੂਜੇ ਵਰਤਾਰੇ ਦੀ ਗੱਲ ਕਰੀਏ ਤਾਂ ਤਕਰੀਬਨ ਸਮੁੱਚੀ ਲੋਕਾਈ ਨੇ ਪੂੰਜੀਵਾਦ ਦੇ ਮੂਲ ਸਿਧਾਂਤ ਨੂੰ ਜੀਵਨ ਜਾਚ ਦਾ ਹਿੱਸਾ ਬਣਾ ਲਿਆ ਹੈ। ਵੱਧ ਤੋਂ ਵੱਧ ਨਿੱਜੀ ਸੰਪਤੀ ਹਾਸਿਲ ਕਰਨ ਦੀ ਮਾਨਸਿਤਕਤਾ ਨੂੰ ਪ੍ਰਣਾਇਆ ਹਰ ਤਬਕਾ ਆਪਣੇ ਵਿਤ ਮੁਤਾਬਿਕ ਕੁਦਰਤ ’ਤੇ ਜਿੱਤ ਹਾਸਿਲ ਕਰਨ ਦੀ ਦੌੜ ’ਚ ਸ਼ਾਮਿਲ ਹੈ। ਜਿਥੇ ਸੱਤਾ ਤੇ ਸਮਾਜ ਨੇ ਮੁਨਾਫੇ ਦੀਆਂ ਹੱਦਾਂ ਤੈਅ ਕੀਤੀਆਂ ਤੇ ਕਿਰਤ ਦੀ ਸੁਰੱਖਿਆ ਤੇ ਭਲਾਈ ਲਈ ਜ਼ਿੰਮੇਵਾਰੀ ਓਟੀ, ਜੀਵਨ ’ਚ ਸਹਿਜਤਾ ਤੇ ਸੁਹਜਤਾ ਉਥੇ ਹੀ ਵਿਗਸੀ। ਇਹ ਅਵਸਥਾ ਲਗਾਤਾਰ ਸਮੂਹਿਕ ਸੰਘਰਸ਼ ’ਚੋਂ ਉਪਜਦੀ ਹੈ ਜੋ ਬਾਹਰੀ ਦੋਸ਼ੀਆਂ ਦੀ ਸ਼ਨਾਖ਼ਤ ਕਰਦਾ ਅੰਦਰਲੇ ਲੋਭ ਨੂੰ ਵੀ ਮੁਖ਼ਾਤਿਬ ਹੋਵੇ।
ਸੰਪਰਕ: 97795-300321