ਲਾਹੌਰ, 30 ਅਗਸਤ
ਪਾਕਿਸਤਾਨ ਦੀ ਐਂਟੀ-ਨਾਰਕੋਟਿਕਸ ਫੋਰਸ (ਏਐੱਨਐਫ) ਨੇ ਅੱਜ ਕਿਹਾ ਕਿ ਉਨ੍ਹਾਂ ਸਰਹੱਦ ਪਾਰੋਂ ਭਾਰਤ ਵੱਲ ਨੂੰ ਚਲਾਏ ਜਾ ਰਹੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਤਸਕਰੀ ਡਰੋਨ ਰਾਹੀਂ ਹੋ ਰਹੀ ਸੀ ਜਿਸ ਨੂੰ ਲਾਹੌਰ ਪੁਲੀਸ ਦੇ ਐਂਟੀ-ਨਾਰਕੋਟਿਕਸ ਵਿੰਗ ਦਾ ਮੁਖੀ ਚਲਾ ਰਿਹਾ ਸੀ। ਪਿਛਲੇ ਹਫ਼ਤੇ ਪਾਕਿਸਤਾਨੀ ਰੇਂਜਰਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਪਾਕਿਸਤਾਨੀ ਖੇਤਰ ਵਿਚ ਛੇ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਕਥਿਤ ਤੌਰ ’ਤੇ ਪਾਕਿਸਤਾਨ ਵਿਚ ‘ਨਸ਼ਾ, ਹਥਿਆਰ ਤੇ ਅਸਲਾ’ ਤਸਕਰੀ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਵਿਚੋਂ ਚਾਰ ਤਸਕਰ ਫਿਰੋਜ਼ਪੁਰ ਨਾਲ ਸਬੰਧਤ ਹਨ।
ਇਨ੍ਹਾਂ ਦੀ ਸ਼ਨਾਖਤ ਗੁਰਮੀਤ ਸਿੰਘ, ਸ਼ਿੰਦਰ ਸਿੰਘ, ਜੁਗਿੰਦਰ ਸਿੰਘ ਤੇ ਵਿਸ਼ਾਲ ਜੱਗਾ ਵਜੋਂ ਹੋਈ ਹੈ। ਬਾਕੀਆਂ ਵਿਚ ਜਲੰਧਰ ਦਾ ਰਤਨ ਪਾਲ ਸਿੰਘ ਤੇ ਲੁਧਿਆਣਾ ਦਾ ਗੁਰਵਿੰਦਰ ਸਿੰਘ ਸ਼ਾਮਲ ਹਨ। ਪੰਜਾਬ ਪੁਲੀਸ (ਪਾਕਿਸਤਾਨ) ਮੁਤਾਬਕ ਲਾਹੌਰ ਦੇ ਐਂਟੀ-ਨਾਰਕੋਟਿਕਸ ਵਿੰਗ ਦੇ ਮੁਖੀ ਮਜ਼ਹਰ ਇਕਬਾਲ ’ਤੇ ਡਰੋਨਾਂ ਰਾਹੀਂ ਭਾਰਤ ਵਿਚ ਨਸ਼ਾ, ਵਿਸ਼ੇਸ਼ ਤੌਰ ’ਤੇ ਹੈਰੋਇਨ ਸਮਗਲਿੰਗ ਦੇ ਦੋਸ਼ ਲੱਗੇ ਹਨ। ਉਨ੍ਹਾਂ ਮੁਤਾਬਕ ਇਕਬਾਲ ਨੇ ਤਸਕਰੀ ਰਾਹੀਂ ਅਰਬਾਂ ਰੁਪਏ ਇਕੱਠੇ ਕੀਤੇ ਹਨ। ਗ੍ਰਿਫ਼ਤਾਰ ਭਾਰਤੀ ਤਸਕਰਾਂ ਦੇ ਬਿਆਨਾਂ ’ਤੇ ਉਸ ਵਿਰੁੱਧ ਕਾਰਵਾਈ ਆਰੰਭ ਦਿੱਤੀ ਗਈ ਹੈ। -ਪੀਟੀਆਈ