ਇੰਫਾਲ, 31 ਅਗਸਤ
ਮਨੀਪੁਰ ਦੇ ਬਿਸ਼ਨੂਪੁਰ ਤੇ ਚੂਰਾਚਾਂਦਪੁਰ ਜ਼ਿਲ੍ਹਿਆਂ ਵਿੱਚ ਬੀਤੇ 72 ਘੰਟਿਆਂ ਦੌਰਾਨ ਮੈਤੇਈ ਤੇ ਕੁੱਕੀ ਭਾਈਚਾਰੇ ਵਿਚਾਲੇ ਗੋਲੀਬਾਰੀ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋਈ ਹੈ ਤੇ 18 ਜਣੇ ਜ਼ਖ਼ਮੀ ਹੋਏ ਹਨ। ਇਸੇ ਦੌਰਾਨ ਅੱਜ ਸਵੇਰੇ ਬਿਸ਼ਨੂਪੁਰ ਜ਼ਿਲ੍ਹੇ ਦੇ ਖੋਇਰੈਂਟਕ ਪਹਾੜੀ ਇਲਾਕੇ ਤੇ ਚੂਰਾਚਾਂਦਪੁਰ ਜ਼ਿਲ੍ਹੇ ਦੇ ਚਿੰਗਫੇਈ ਅਤੇ ਖੌਸਾਬੁੰਗ ਇਲਾਕਿਆਂ ਵਿੱਚ ਭਾਰੀ ਗੋਲੀਬਾਰੀ ਹੋਈ ਜੋ ਕਿ ਦੇਰ ਸ਼ਾਮ ਵੀ ਜਾਰੀ ਸੀ। ਅਧਿਕਾਰੀਆਂ ਅਨੁਸਾਰ ਹਿੰਸਕ ਘਟਨਾਵਾਂ ਦੀ ਸ਼ੁਰੂਆਤ 29 ਅਗਸਤ ਨੂੰ ਉਸ ਵੇਲੇ ਹੋਈ ਸੀ ਜਦੋਂ ਖੋਇਰੈਂਟਕ ਇਲਾਕੇ ਵਿੱਚ ਗੋਲੀਬਾਰੀ ਕਾਰਨ ਇਕ ਪੇਂਡੂ ਵਾਲੰਟੀਅਰ ਦੀ ਮੌਤ ਹੋ ਗਈ ਸੀ। ਵੇਰਵਿਆਂ ਅਨੁਸਾਰ ਬੁੱਧਵਾਰ ਨੂੰ ਹੋਈ ਹਿੰਸਾ ਦੌਰਾਨ ਸਿਰ ਵਿੱਚ ਛੱਰ੍ਹੇ ਲੱਗਣ ਕਾਰਨ ਜ਼ਖ਼ਮੀ ਹੋਏ ਵਿਅਕਤੀ ਨੂੰ ਮਿਜ਼ੋਰਮ ਦੇ ਰਸਤੇ ਗੁਹਾਟੀ ਲਿਜਾਂਦੇ ਸਮੇਂ ਉਸ ਨੇ ਰਾਹ ਵਿੱਚ ਹੀ ਦਮ ਤੋੜ ਦਿੱਤਾ। ਇਸੇ ਤਰ੍ਹਾਂ ਛੱਰੇ ਲੱਗਣ ਕਾਰਨ ਇਕ ਹੋਰ ਜ਼ਖ਼ਮੀ ਵਿਅਕਤੀ ਦੀ ਚੂਰਚਾਂਦਪੁਰ ਜ਼ਿਲ੍ਹੇ ਦੇ ਹਸਪਤਾਲ ਵਿੱਚ ਅੱਜ ਸਵੇਰੇ 9 ਵਜੇ ਮੌਤ ਹੋ ਗਈ। ਬੱਧਵਾਰ ਸ਼ਾਮ ਨੂੰ ਚਿੰਗਫੇਈ ਇਲਾਕੇ ’ਚ ਹੋਈ ਗੋਲੀਬਾਰੀ ਕਾਰਨ ਪੰਜ ਵਿਅਕਤੀ ਜ਼ਖਮੀ ਹੋਏ ਸਨ ਜਿਨ੍ਹਾਂ ਵਿੱਚੋਂ ਤਿੰਨ ਵਿਅਕਤੀਆਂ ਨੂੰ ਚੂਰਾਚਾਂਦਪੁਰ ਜ਼ਿਲ੍ਹੇ ਦੇ ਹਸਪਤਾਲ ਲਿਆਂਦਾ ਗਿਆ ਸੀ। -ਪੀਟੀਆਈ
ਜਾਤੀ ਹਿੰਸਾ ਰੋਕਣ ਲਈ ਸਿਵਲ ਸੰਸਥਾਵਾਂ ਇਕਜੁੱਟ ਹੋ ਕੇ ਸੁਝਾਅ ਦੇਣ: ਬੀਰੇਨ ਸਿੰਘ
ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਅੱਜ ਕਿਹਾ ਕਿ ਸੂਬੇ ਵਿੱਚ ਕਈ ਸਿਵਲ ਸੁਸਾਇਟੀ ਸੰਸਥਾਵਾਂ ਹਨ ਤੇ ਸਭ ਦੇ ਵੱਖੋ-ਵੱਖ ਵਿਚਾਰ ਹਨ। ਇਸ ਲਈ ਪਿਛਲੇ ਚਾਰ ਮਹੀਨਿਆਂ ਤੋਂ ਜਾਰੀ ਜਾਤੀ ਹਿੰਸਾ ਦਾ ਹੱਲ ਲੱਭਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੇ ਇਨ੍ਹਾਂ ਸੰਸਥਾਵਾਂ ਨੂੰ ਇਕਜੁੱਟ ਹੋ ਕੇ ਸਮੱਸਿਆ ਦੇ ਠੋਸ ਹੱਲ ਬਾਰੇ ਸੁਝਾਅ ਦੇਣ ਲਈ ਕਿਹਾ ਹੈ ਤਾਂ ਕਿ ਇਸ ਸੁਝਾਅ ਨੂੰ ਸੂਬਾ ਸਰਕਾਰ ਵੱਲੋਂ ਕੇਂਦਰ ਤਕ ਪਹੁੰਚਾਇਆ ਜਾ ਸਕੇ। ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਬੀਰੇਨ ਸਿੰਘ ਨੇ ਕਿਹਾ, ‘‘ਸੂਬੇ ਵਿੱਚ ਕਈ ਸੰਸਥਾਵਾਂ ਹਨ। ਸੂਬਾ ਤੇ ਕੇਂਦਰ ਸਰਕਾਰ ਸ਼ਸ਼ੋਪੰਜ ’ਚ ਹਨ ਕਿ ਕਿਸ ਸੰਸਥਾ ਨਾਲ ਗੱਲਬਾਤ ਕੀਤੀ ਜਾਵੇ। ਅਸੀ ਹੁਣ ਲੋਕਾਂ ਦੇ ਸੁਝਾਅ ਮੁਤਾਬਕ ਫੈਸਲਾ ਲਵਾਂਗੇ ਤੇ ਕੋਈ ਵੀ ਕਦਮ ਲੋਕਹਿੱਤ ਖ਼ਿਲਾਫ਼ ਨਹੀਂ ਚੁੱਕਿਆ ਜਾਵੇਗਾ।’’ ਦੱਸਣਯੋਗ ਹੈ ਕਿ ਮਨੀਪੁਰ ’ਚ ਮੈਤੇਈ ਤੇ ਕੁੱਕੀ ਭਾਈਚਾਰਿਆਂ ਦੀਆਂ ਕਈ ਸੰਸਥਾਵਾਂ ਹਨ ਤੇ ਦੋਹਾਂ ਭਾਈਚਾਰਿਆਂ ਵਿਚਾਲੇ ਵਿਵਾਦ ਨੇ ਹਿੰਸਾ ਦਾ ਰੂਪ ਲੈ ਲਿਆ ਹੈ। ਕੁੱਕੀ ਭਾਈਚਾਰੇ ਦੀ ਪ੍ਰਤੀਨਿਧਤਾ ‘ਇਨਡਿਜੀਨਸ ਟਰਾਈਬਲ ਲੀਡਰਜ਼ ਫੋਰਮ‘, ‘ਕਮੇਟੀ ਆਨ ਟਰਾਈਬਲ ਯੂਨਿਟੀ’ ਤੇ ਜ਼ੂਮੀ ਕੌਂਸਲ ਵੱਲੋਂ ਕੀਤੀ ਜਾਂਦੀ ਹੈ ਜਦੋਂਕਿ ਸਿਵਲ ਸੰਸਥਾਵਾਂ ‘ਕੋਆਰਡੀਨੇਟਿੰਗ ਕਮੇਟੀ ਆਨ ਮਨੀਪੁਰ ਇੰਟੈਗਰਿਟੀ’, ‘ਯੂਨਾਈਟਿਡ ਕਮੇਟੀ ਮਨੀਪੁਰ ਤੇ ‘ਆਲ ਮਨੀਪੁਰ ਯੂਨਾਈਟਿਡ ਕਲੱਬਜ਼ ਆਰਗੇਨਾਈਜ਼ੇਸ਼ਨ’ ਵੱਲੋਂ ਮੈਤੇਈ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ।