ਮੁੰਬਈ, 31 ਅਗਸਤ
‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਵਿਰੋਧੀ ਧਿਰਾਂ ਦੇ ਆਗੂਆਂ ਨੇ ਅੱਜ ਇਥੇ ਹੋਟਲ ਵਿਚ ਗੈਰ-ਰਸਮੀ ਮੀਟਿੰਗ ਕਰਕੇ ਭਲਕ (ਸ਼ੁੱਕਰਵਾਰ) ਦੀ ਰਸਮੀ ਮੀਟਿੰਗ ਲਈ ਏਜੰਡੇ ’ਤੇ ਵਿਚਾਰ ਚਰਚਾ ਕੀਤੀ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਵੱਲੋਂ ਦਿੱਤੀ ਰਾਤ ਦੀ ਦਾਅਵਤ ਤੋਂ ਪਹਿਲਾਂ ਹੋਈ ਇਸ ਮੀਟਿੰਗ ਵਿੱਚ ਗੱਠਜੋੜ ਦੇ ਲਗਪਗ ਸਾਰੇ ਆਗੂ ਸ਼ਾਮਲ ਹੋਏ। ਸੂਤਰਾਂ ਮੁਤਾਬਕ ਭਲਕ ਦੀ ਮੀਟਿੰਗ ਵਿੱਚ ਗੱਠਜੋੜ ਦੀ ਭਵਿੱਖੀ ਰਣਨੀਤੀ ਬਾਰੇ ਅਹਿਮ ਫੈਸਲੇ ਲਏ ਜਾਣਗੇ। ਇੰਡੀਆ ਵੱਲੋਂ ਤਾਲਮੇਲ ਕਮੇਟੀ ਦੇ ਐਲਾਨ ਤੋਂ ਇਲਾਵਾ ਗੱਠਜੋੜ ਦਾ ਲੋਗੋ ਵੀ ਜਾਰੀ ਕੀਤਾ ਜਾ ਸਕਦਾ ਹੈ। ਉਂਜ ਬੈਠਕ ਦੌਰਾਨ ਸਾਂਝੇ ਘੱਟੋ-ਘੱਟ ਪ੍ਰੋਗਰਾਮ ਦਾ ਖਰੜਾ ਤਿਆਰ ਕਰਨ, ਦੇਸ਼ ਭਰ ਵਿਚ ਅੰਦੋਲਨ ਕਰਨ ਲਈ ਸਾਂਝੀਆਂ ਯੋਜਨਾਵਾਂ ਘੜਨ ਤੇ ਸੀਟਾਂ ਦੀ ਵੰਡ ਲਈ ਕੁਝ ਕਮੇਟੀਆਂ ਦਾ ਐਲਾਨ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਸ਼ਿਵ ਸੈਨਾ (ਯੂਬੀਟੀ) ਆਗੂ ਊਧਵ ਠਾਕਰੇ ਨੇ ਮੀਟਿੰਗ ਉਪਰੰਤ ਕਿਹਾ, ‘‘ਬੈਠਕ ਠੀਕ ਠਾਕ ਰਹੀ। ਤੁਹਾਨੂੰ ਵੇਰਵਿਆਂ ਬਾਰੇ ਭਲਕੇ ਪਤਾ ਲੱਗੇਗਾ।’’ ਦੱਸ ਦੇਈਏ ਕਿ ਤੀਜੇ ਗੇੜ ਦੀ ਇਸ ਅਹਿਮ ਗੱਲਬਾਤ ਤੋਂ ਪਹਿਲਾਂ ਗੱਠਜੋੜ ਨੇ ਦਾਅਵਾ ਕੀਤਾ ਸੀ ਕਿ ਉਹ ਦੇਸ਼ ਵਿਚ ਸਿਆਸੀ ਤਬਦੀਲੀ ਲਈ ਮਜ਼ਬੂਤ ਬਦਲ ਦੇਵੇਗੀ ਤੇ ਉਸ ਕੋਲ ਭਾਜਪਾ ਦੇ ਮੁਕਾਬਲੇ ਪ੍ਰਧਾਨ ਮੰਤਰੀ ਚਿਹਰੇ ਲਈ ਕਈ ਉਮੀਦਵਾਰ ਹਨ। ਸੂਤਰਾਂ ਦੀ ਮੰਨੀਏ ਤਾਂ ਉੱਤਰ-ਪੂਰਬ ਨਾਲ ਸਬੰਧਤ ਤਿੰਨ ਪਾਰਟੀਆਂ- ਅਸਮ ਜਾਤੀਆ ਪ੍ਰੀਸ਼ਦ, ਰਾਜੋਰ ਦਲ ਤੇ ਅਨਚਾਲਿਕ ਗਣ ਮੰਚ-ਭੂਯਾਨ ਨੂੰ ਗੱਠਜੋੜ ਵਿੱਚ ਸ਼ਾਮਲ ਕੀਤੇ ਜਾਣ ਬਾਰੇ ਵਿਚਾਰ ਚਰਚਾ ਹੋ ਸਕਦੀ ਹੈ। ਇਨ੍ਹਾਂ ਪਾਰਟੀਆਂ ਨੇ ਗੱਠਜੋੜ ’ਚ ਸ਼ਮੂਲੀਅਤ ਲਈ ਅਪੀਲ ਕੀਤੀ ਸੀ।
ਮੀਟਿੰਗ ’ਚ ਸ਼ਾਮਲ ਹੋਣ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਬੁੱਧਵਾਰ ਨੂੰ ਹੀ ਮੁੰਬਈ ਪੁੱਜ ਗਏ ਸਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਉਨ੍ਹਾਂ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਸਣੇ ਕੁਝ ਹੋਰ ਆਗੂ ਅੱਜ ਪੁੱਜੇ। -ਪੀਟੀਆਈ