ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 31 ਅਗਸਤ
ਪਿੰਡ ਸੂੰਂਕ ਵਿੱਚ ਯੂਥ ਕਲੱਬ ਛਿੰਜ ਕਮੇਟੀ ਗ੍ਰਾਮ ਪੰਚਾਇਤ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਦੰਗਲ ਵਿੱਚ ਵੱਡੀ ਝੰਡੀ ਦੀ ਕੁਸ਼ਤੀ ਮਸ਼ਹੂਰ ਪਹਿਲਵਾਨ ਜੱਸਾ ਪੱਟੀ ਤੇ ਸੋਨੂੰ ਕਾਂਗੜਾ ਦਰਮਿਆਨ ਹੋਈ। ਇਸ ਦੌਰਾਨ ਜੱਸਾ ਪੱਟੀ ਨੇ ਸੋਨੂੰ ਕਾਂਗੜਾ ਨੂੰ ਸਿਰਫ ਦਸ ਮਿੰਟਾਂ ਵਿੱਚ ਚਿੱਤ ਕਰ ਕੇ ਬਜ਼ੁਰਗ ਅਜਮੇਰ ਸਿੰਘ ਦੋਜੀ ਵੱਲੋਂ ਕਰੀਬ ਡੇਢ ਲੱਖ ਰੁਪਏ ਕੀਮਤ ਵਾਲੀ ਸੱਜਰੀ ਸੂਈ ਹੋਈ ਮੱਝ ਇਨਾਮ ਵਿੱਚ ਜਿੱਤੀ। ਨੌਜਵਾਨ ਸਭਾ ਵੱਲੋਂ 31 ਹਜ਼ਾਰ ਰੁਪਏ ਇਨਾਮ ਵਾਲੀ ਛੋਟੀ ਝੰਡੀ ਦੀ ਕੁਸ਼ਤੀ ਵਿੱਚ ਪਹਿਲਵਾਲ ਹਰਮਨ ਆਲਮਗੀਰ ਨੇ ਗੋਪੀ ਲੀਲਾਂ ਨੂੰ 12 ਮਿੰਟ ਵਿੱਚ ਚਿੱਤ ਕੀਤਾ।
ਇਸੇ ਦੌਰਾਨ ਨੌਜਵਾਨ ਪਹਿਲਵਾਨ ਅਮਰੀਕ ਪੜਛ ਨੇ ਸਨੀ ਰੋਪੜ ਨੂੰ, ਪੱਪੂ ਪਲਸੌਰਾ ਨੇ ਸ਼ਾਮ ਨੂੰ, ਪਵਨ ਮੁੱਲਾਂਪੁਰ ਗਰੀਬਦਾਸ ਨੇ ਅਸਗਰ ਨੂੰ ਚਿੱਤ ਕੀਤਾ ਜਦ ਕਿ ਗੋਲੂ ਝੀਲ ਚੰਡੀਗੜ੍ਹ ਤੇ ਪਰਮਿੰਦਰ ਪੱਟੀ, ਅਭਿਸ਼ੇਕ ਮੁੱਲਾਂਪੁਰ ਗਰੀਬਦਾਸ ਤੇ ਸਲਮਾਨ ਪੱਟੀ, ਜਸਵੀਰ ਪੜਛ ਤੇ ਲਾਲੀ ਜਲੰਧਰ ਨਤੀਜੇ ਵਜੋਂ ਬਰਾਬਰ ਰਹੇ। ਬਜ਼ੁਰਗ ਮੋਹਨ ਸਿੰਘ ਸਿਆਲਾ ਨੇ ਮਿੱਟੀ ਦੀ ਭਰੀ ਬੋਰੀ ਆਪਣੀ ਪਿੱਠ ਉੱਤੇ ਚੁੱਕ ਕੇ ਦਿਖਾਈ ਅਤੇ ਬਜ਼ੁਰਗ ਰਣ ਸਿੰਘ ਰਸਨਹੇੜੀ ਨੇ ਦੌੜ ਲਾਈ।
ਗ੍ਰਾਮ ਪੰਚਾਇਤ ਵਿੱਚੋਂ ਪੰਚ ਮਨਜਿੰਦਰ ਸਿੰਘ, ਸਰਪੰਚ ਬਾਲਕ ਸਿੰਘ,ਜਸਵੀਰ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਦਿਆਲ ਸਿੰਘ ਪੰਚ, ਚਰਨਜੀਤ ਸਿੰਘ,ਸੁਖਵਿੰਦਰ ਸਿੰਘ,ਸਾਬਕਾ ਸਰਪੰਚ ਸੁਰਜੀਤ ਸਿੰਘ, ਸਮਾਜ ਸੇਵੀ ਹਰਜਿੰਦਰ ਸਿੰਘ ਜਿੰਦੂ,ਬਲਾਕ ਸਮਿਤੀ ਮੈਂਬਰ ਰਵਿੰਦਰ ਸਿੰਘ ਆਦਿ ਨੇ ਸਾਰੇ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ। ਆਮ ਆਦਮੀ ਪਾਰਟੀ ਦਫਤਰ ਤੋਂ ਹਾਕਮ ਸਿੰਘ ਨੇ ਵੀ ਸ਼ਿਰਕਤ ਕੀਤੀ।