ਪੱਤਰ ਪ੍ਰੇਰਕ
ਸ਼ਾਹਕੋਟ, 31 ਅਗਸਤ
ਇੱਥੋਂ ਦੇ ਸਰਕਾਰੀ ਹਸਪਤਾਲ ਵਿਚ ਅੱਜ ਇਕ ਲੜਕੇ ਦਾ ਇਲਾਜ ਕਰਵਾਉਣ ਆਏ ਮਾਪੇ ਐਸਐਮਓ ਨਾਲ ਹੱਥੋਪਾਈ ਹੋ ਗਏ। ਐਸਐਮਓ ਸ਼ਾਹਕੋਟ ਡਾ. ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਹਸਪਤਾਲ ਵਿਚ ਤਿੰਨ ਔਰਤਾਂ ਅਤੇ ਤਿੰਨ ਮਰਦ ਇਕ ਲੜਕੇ ਦੇ ਇਲਾਜ ਲਈ ਹਸਪਤਾਲ ਵਿਚ ਆਏ ਸਨ। ਉਨ੍ਹਾਂ ਦੇ ਲੜਕੇ ਦੀ ਸਿਹਤ ਜਾਂਚ ਕਰਕੇ ਜਿਉਂ ਹੀ ਉਹ ਓਪੀਡੀ ਲਈ ਵਾਰਡ ਵਿਚ ਗਏ ਤਾਂ ਉਨ੍ਹਾਂ ਨੇ ਹਸਪਤਾਲ ਵਿਚ ਹੰਗਾਮਾ ਕਰਦਿਆਂ ਲੜਕੇ ਦਾ ਇਲਾਜ ਪਹਿਲ ਦੇ ਅਧਾਰ ’ਤੇ ਕਰਨ ਲਈ ਦੁਹਾਈ ਪਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਟਾਫ ਨੂੰ ਕਿਹਾ ਕਿ ਇਨ੍ਹਾਂ ਨੂੰ ਦਾਖਲ ਕਰਕੇ ਆਯੂਸ਼ਮਾਨ ਕਾਰਡ ਦੀ ਸਾਰੀ ਕਾਰਵਾਈ ਕਰ ਲਓ। ਇਸ ਦੇ ਬਾਵਜੂਦ ਉਨ੍ਹਾਂ ਵਿਚੋਂ ਇਕ ਵਿਅਕਤੀ ਨੇ ਉਨ੍ਹਾਂ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿਤੀ। ਉਨ੍ਹਾਂ ਨਾਲ ਆਈਆਂ ਔਰਤਾਂ ਵਿਚੋਂ ਇਕ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿਤੀ। ਜਿਉਂ ਹੀ ਉਨ੍ਹਾਂ ਨੇ ਔਰਤ ਨੂੰ ਵੀਡੀਓ ਬਣਾਉਣ ਤੋਂ ਰੋਕਿਆ ਤਾਂ ਉਹ ਸਾਰੇ ਉਨ੍ਹਾਂ ਦੇ ਗਲ ਪੈ ਗਏ। ਉਨ੍ਹਾਂ ਦੀ ਮਦਦ ’ਤੇ ਆਏ ਲੇਡੀ ਸਟਾਫ ਨਾਲ ਵੀ ਉਨ੍ਹਾਂ ਨੇ ਬਤਮੀਜ਼ੀ ਕੀਤੀ। ਰੌਲਾ ਸੁਣ ਕੇ ਹਸਪਤਾਲ ਦੇ ਸਮੁੱਚੇ ਮੁਲਾਜ਼ਮ ਵੀ ਵਾਰਡ ਵਿਚ ਪਹੁੰਚ ਗਏ। ਐਸਐਮਓ ਨੇ ਦੱਸਿਆ ਕਿ ਹਸਪਤਾਲ ਵਿਚ ਮੌਜੂਦ ਪੁਲੀਸ ਇਕ ਔਰਤ ਤੇ 2 ਮਰਦਾਂ ਨੂੰ ਥਾਣੇ ਲੈ ਗਈ। ਐਸਐਮਓ ਨਾਲ ਹੋਈ ਵਧੀਕੀ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਹਤ ਮੁਲਾਜ਼ਮਾਂ ਨੇ ਕੰਮ ਠੱਪ ਕਰ ਦਿੱਤਾ। ਇਲਾਜ ਕਰਵਾਉਣ ਆਈ ਧਿਰ ਐਸਐਮਓ ਉੱਪਰ ਵਧੀਕੀ ਕਰਨ ਦੇ ਦੋਸ਼ ਲਗਾ ਰਹੇ ਸਨ। ਐਸ.ਐਚ.ਓ ਸ਼ਾਹਕੋਟ ਜਸਵਿੰਦਰ ਸਿੰਘ ਨੇ ਇਸ ਸਬੰਧੀ ਕਿਹਾ ਕਿ ਉਨ੍ਹਾਂ ਨੇ ਕਿਸੇ ਨੂੰ ਥਾਣੇ ਨਹੀਂ ਲਿਆਂਦਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਦੇਰ ਸ਼ਾਮ ਦੋਵੇਂ ਧਿਰਾਂ ਦਰਮਿਆਨ ਹੋਈ ਗੱਲਬਾਤ ਦਰਮਿਆਨ ਗਲਤ ਫਹਿਮੀਆਂ ਦੂਰ ਹੋਣ ਕਾਰਨ ਦੋਵੇਂ ਧਿਰਾਂ ਦਾ ਆਪਸੀ ਸਮਝੌਤਾ ਹੋ ਗਿਆ।