ਗੁਰਦਾਸਪੁਰ (ਕੇਪੀ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਨ ਅਤੇ ਹੁਣ ਆਈਏਐੱਸ ਅਫ਼ਸਰਾਂ ਨੂੰ ਮੁਅੱਤਲ ਕਰਨ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਚਾਇਤੀ ਰਾਜ ਮੰਤਰੀ ਲਾਲਜੀਤ ਭੁੱਲਰ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਗੱਲਾਂ ਪਿੰਡ ਬੱਬੇਹਾਲੀ ਵਿੱਚ ਛਿੰਝ ਮੇਲੇ ਵਿੱਚ ਸ਼ਿਰਕਤ ਕਰਨ ਮਗਰੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੇ ਗ੍ਰਹਿ ਵਿਖੇ ਕਹੀਆਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਫਾਈਲ ਡਾਇਰੈਕਟਰ ਪੰਚਾਇਤੀ ਰਾਜ ਤੇ ਵਿੱਤ ਕਮਿਸ਼ਨਰ ਵਿਕਾਸ ਕੋਲ ਦਸਤੀ ਲਿਆਂਦੀ ਗਈ ਸੀ ਅਤੇ ਉਨ੍ਹਾਂ ਨੂੰ 3 ਅਤੇ 4 ਅਗਸਤ ਨੂੰ ਪੰਚਾਇਤਾਂ ਭੰਗ ਕਰਨ ਦੀ ਤਜਵੀਜ਼ ’ਤੇ ਦਸਤਖ਼ਤ ਕਰਨ ਵਾਸਤੇ ਆਖਿਆ ਗਿਆ ਸੀ। ਉਪਰੰਤ ਪੰਚਾਇਤੀ ਰਾਜ ਮੰਤਰੀ ਤੇ ਮੁੱਖ ਮੰਤਰੀ ਨੇ 7 ਅਗਸਤ ਨੂੰ ਇਸ ਫਾਈਲ ’ਤੇ ਦਸਤਖ਼ਤ ਕੀਤੇ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਮਿੱਥ ਕੇ ਕੀਤਾ ਗਿਆ ਸੀ, ਜਿਸ ਦਾ ਮਕਸਦ ਇੱਕ ਹਜ਼ਾਰ ਕਰੋੜ ਰੁਪਏ ਦੇ ਪੰਚਾਇਤੀ ਫ਼ੰਡ ਹੜੱਪ ਕਰਨਾ ਸੀ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਐਸਮਾ ਮੁੱਖ ਮੰਤਰੀ ’ਤੇ ਲੱਗਣੀ ਚਾਹੀਦੀ ਹੈ, ਜਿਨ੍ਹਾਂ ਨੇ ਹੜ੍ਹਾਂ ਵੇਲੇ ਸੂਬੇ ਦਾ ਸਾਥ ਛੱਡਿਆ। ਮੁੱਖ ਮੰਤਰੀ ਬਜਾਏ ਪੰਜਾਬੀਆਂ ਦੀ ਸਾਰ ਲੈਣ ਦੀ ਬਜਾਏ ਅਰਵਿੰਦ ਕੇਜਰੀਵਾਲ ਨਾਲ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਘੁੰਮਦੇ ਰਹੇ।