ਪਾਲ ਸਿੰਘ ਨੌਲੀ
ਜਲੰਧਰ, 3 ਸਤੰਬਰ
ਥਾਣੇਦਾਰ ਵੱਲੋਂ ਕੀਤੇ ਤਸ਼ਦੱਦ ਤੇ ਜ਼ਲੀਲ ਕੀਤੇ ਜਾਣ ਤੋਂ ਦੁਖੀ ਹੋ ਕੇ ਬਿਆਸ ਦਰਿਆ ਵਿੱਚ ਛਾਲ ਮਾਰਨ ਵਾਲੇ ਢਿੱਲੋਂ ਭਰਾਵਾਂ ਦੇ ਮਾਮਲੇ ਵਿੱਚ ਪੁਲੀਸ ਨੇ ਅੱਜ ਥਾਣੇਦਾਰ ਸਮੇਤ ਤਿੰਨ ਜਣਿਆਂ ਖਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਕਪੂਰਥਲਾ ਦੇ ਥਾਣੇ ਤਲਵੰਡੀ ਚੌਧਰੀਆਂ ਵਿੱਚ ਜਲੰਧਰ ਦੇ ਡਵੀਜ਼ਨ ਨੰਬਰ ਇੱਕ ਵਿੱਚ ਰਹੇ ਥਾਣੇਦਾਰ ਨਵਦੀਪ ਸਿੰਘ, ਮੁਨਸ਼ੀ ਏਐਸਆਈ ਬਲਵਿੰਦਰ ਕੁਮਾਰ ਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਖਿਲਾਫ਼ ਆਤਮ-ਹੱਤਿਆ ਲਈ ਮਜਬੂਰ ਕਰਨ ਸਮੇਤ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਦੋਵਾਂ ਭਰਾਵਾਂ ਵਿਚੋਂ ਇਕ ਜਸ਼ਨਬੀਰ ਸਿੰਘ ਦੀ ਲਾਸ਼ ਦਰਿਆ ਨੇੜਲੇ ਖੇਤ ਵਿਚੋਂ ਮਿਲੀ ਹੈ। ਪਿਤਾ ਜਤਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਦੋਂ ਤੱਕ ਵੱਡੇ ਪੁੱਤਰ ਦੀ ਲਾਸ਼ ਨਹੀਂ ਮਿਲ ਜਾਂਦੀ ਉਦੋਂ ਤੱਕ ਜਸ਼ਨਬੀਰ ਸਿੰਘ ਦਾ ਸਸਕਾਰ ਨਹੀਂ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਮੁੱਖ ਦੋਸ਼ੀ ਥਾਣੇਦਾਰ ਨਵਦੀਪ ਸਿੰਘ ਸਮੇਤ ਬਾਕੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਕੇਸ ਵਿੱਚ ਪੱਗੜੀ ਦੀ ਬੇਅਦਬੀ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ 295ਏ ਵੀ ਜੋੜੀ ਜਾਵੇ।
ਮਾਨਵਜੀਤ ਸਿੰਘ ਢਿੱਲੋਂ ਅਤੇ ਉਸ ਦੇ ਭਰਾ ਜਸ਼ਨਬੀਰ ਸਿੰਘ ਢਿੱਲੋਂ ਨੇ 17 ਅਗਸਤ ਨੂੰ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਮਾਨਵਜੀਤ ਸਿੰਘ ਢਿੱਲੋਂ ਨੇ ਥਾਣੇਦਾਰ ਨਵਦੀਪ ਸਿੰਘ ’ਤੇ ਕਥਿਤ ਤਸ਼ੱਦਦ ਕਰਨ ਤੇ ਉਸ ਦੀ ਪੱਗੜੀ ਉਤਾਰਨ ਦਾ ਦੋਸ਼ ਲਾਇਆ ਸੀ। ਇਸ ਗੱਲ ਨੂੰ ਬਰਦਾਸ਼ਤ ਨਾ ਕਰਦੇ ਹੋਏ ਜਦੋਂ ਮਾਨਵਜੀਤ ਸਿੰਘ ਢਿੱਲੋਂ ਨੇ ਬਿਆਸ ਦਰਿਆ ਵਿੱਚ ਛਾਲ ਮਾਰੀ ਤਾਂ ਉਸ ਦੇ ਪਿੱਛੇ ਹੀ ਜਸ਼ਨਬੀਰ ਸਿੰਘ ਢਿੱਲੋਂ ਵੀ ਦਰਿਆ ਵਿੱਚ ਕੁੱਦ ਗਿਆ। ਬਿਆਸ ਦਰਿਆ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਹੁਣ ਤੱਕ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਨਹੀਂ ਲੱਭੀਆਂ ਸਨ। ਹੁਣ ਬੀਤੇ ਕੱਲ੍ਹ ਜਸ਼ਨਬੀਰ ਸਿੰਘ ਦੀ ਲਾਸ਼ ਖੇਤਾਂ ਵਿੱਚੋਂ ਮਿਲੀ ਹੈ। ਪਰਿਵਾਰ ਨੇ ਕੜੇ ਅਤੇ ਨੀਲੇ ਰੰਗ ਦੇ ਬੂਟਾਂ ਤੋਂ ਉਸ ਦੀ ਪਛਾਣ ਕੀਤੀ ਹੈ। ਉਧਰ ਵਿਰੋਧੀ ਧਿਰਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਉਠਾਇਆ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਇਸ ਮਾਮਲੇ ਨੂੰ ਪੂਰੇ ਜ਼ੋਰ ਨਾਲ ਉਠਾਇਆ ਸੀ। ਜ਼ਿਕਰਯੋਗ ਹੈ ਕਿ ਕਰੋਨਾ ਕਾਲ ਸਮੇਂ ਵੀ ਉਕਤ ਥਾਣੇਦਾਰ ਦੀ ਇੱਕ ਸਬਜ਼ੀ ਵਾਲੇ ਦੀ ਫੜੀ ਦੀਆਂ ਸਬਜ਼ੀਆਂ ਲੱਤ ਮਾਰ ਕੇ ਖਿਲਾਰਨ ਦੀ ਵੀਡੀਓ ਵਾਇਰਲ ਹੋਈ ਸੀ। ਉਸ ਮੌਕੇ ਵੀ ਥਾਣੇਦਾਰ ਵਿਰੁੱਧ ਕਾਰਵਾਈ ਕੀਤੀ ਗਈ ਸੀ।