ਸਤਵਿੰਦਰ ਬਸਰਾ
ਲੁਧਿਆਣਾ, 3 ਸਤੰਬਰ
ਸਨਅਤੀ ਸ਼ਹਿਰ ਵਿੱਚ ਆਏ ਦਿਨ ਸੜਕਾਂ ’ਤੇ ਹੁੰਦੇ ਹਾਦਸਿਆਂ ਵਿੱਚੋਂ ਬਹੁਤੇ ਲਾਵਾਰਸ ਪਸ਼ੂਆਂ ਕਾਰਨ ਹੋ ਰਹੇ ਹਨ। ਇਹ ਹਾਦਸੇ ਰੋਕਣ ਅਤੇ ਲੁਧਿਆਣਾ ਨੂੰ ਲਾਵਾਰਸ ਪਸ਼ੂਆਂ ਤੋਂ ਮੁਕਤੀ ਦਿਵਾਉਣ ਲਈ ਨਗਰ ਨਿਗਮ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਹੁਣ ਤੱਕ 200 ਦੇ ਕਰੀਬ ਲਾਵਾਰਸ ਪਸ਼ੂ ਵੱਖ-ਵੱਖ ਗਊਸ਼ਾਲਾਵਾਂ ਵਿੱਚ ਛੱਡੇ ਜਾ ਚੁੱਕੇ ਹਨ।
ਸ਼ਹਿਰ ਅਤੇ ਆਸ-ਪਾਸ ਦੀ ਸ਼ਾਇਦ ਹੀ ਕੋਈ ਅਜਿਹੀ ਸੜਕ ਹੋਵੇਗੇ ਜਿੱਥੇ ਲਾਵਾਰਸ ਪਸ਼ੂਆਂ ਦੀ ਭਰਮਾਰ ਨਾ ਹੋਵੇ। ਕੂੜਾ ਡੰਪਾਂ ਅਤੇ ਡੇਅਰੀਆਂ ਦੇ ਨੇੜੇ ਇਨ੍ਹਾਂ ਦੀ ਗਿਣਤੀ ਹੋਰਨਾਂ ਥਾਵਾਂ ਤੋਂ ਵੀ ਕਿਤੇ ਵੱਧ ਦੇਖੀ ਜਾ ਸਕਦੀ ਹੈ। ਕਈ ਵਾਰ ਜਾਨਵਰਾਂ ਦੀ ਆਪਸੀ ਲੜਾਈ ਦਾ ਸ਼ਿਕਾਰ ਆਸ-ਪਾਸ ਤੋਂ ਲੰਘਦੇ ਪੈਦਲ ਅਤੇ ਦੋ ਪਹੀਆ ਵਾਹਨ ਚਾਲਕ ਹੋ ਜਾਂਦੇ ਹਨ। ਅਜਿਹੇ ਹਾਦਸਿਆਂ ਨੂੰ ਰੋਕਣ ਅਤੇ ਸੜਕਾਂ ’ਤੇ ਘੁੰਮਦੇ ਲਾਵਾਰਸ ਪਸ਼ੂਆਂ ਨੂੰ ਫੜਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤੋਂ ਪਹਿਲਾਂ ਜੂਨ ਮਹੀਨੇ ਇੱਕ ਸਰਵੇ ਕਰਵਾਇਆ ਗਿਆ ਜਿਸ ਅਨੁਸਾਰ ਸੜਕਾਂ ’ਤੇ ਕੁੱਲ 1376 ਲਾਵਾਰਸ ਪਸ਼ੂ ਹਨ। ਇਨ੍ਹਾਂ ਵਿੱਚੋਂ ਜੁਲਾਈ ਅਤੇ ਅਗਸਤ ਮਹੀਨੇ ਦੌਰਾਨ ਜ਼ੋਨ-ਏ ਅਤੇ ਜ਼ੋਨ-ਸੀ ਵਿੱਚੋਂ 200 ਦੇ ਕਰੀਬ ਲਾਵਾਰਸ ਪਸ਼ੂ ਫੜ ਕੇ ਲੋਪੋ ਦੀ ਗਊਸ਼ਾਲਾ ਵਿੱਚ ਛੱਡੇ ਗਏ ਹਨ। ਅਗਲੇ ਦਿਨਾਂ ਵਿੱਚ ਇਹ ਮੁਹਿੰਮ ਬਾਕੀ ਜ਼ੋਨਾਂ ਵਿੱਚੋਂ ਸ਼ੁਰੂ ਕਰਕੇ ਉਦੋਂ ਤੱਕ ਜਾਰੀ ਰੱਖੀ ਜਾਵੇਗੀ ਜਦੋਂ ਤੱਕ ਸ਼ਹਿਰ ਲਾਵਾਰਸ ਪਸ਼ੂਆਂ ਤੋਂ ਮੁਕਤ ਹੋ ਕੇ ਸਮਾਰਟ ਸਿਟੀ ਨਹੀਂ ਬਣ ਜਾਂਦਾ।
ਨਿਗਮ ਦੇ ਵੈਟਰਨਰੀ ਅਫਸਰ ਡਾ. ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਈਕਰੋ ਚਿੱਪ ਸਬੰਧੀ ਇੱਕ ਰਿਪੋਰਟ ਤਿਆਰ ਕਰਕੇ ਵਿਭਾਗ ਨੂੰ ਭੇਜੀ ਗਈ ਹੈ। ਇਹ ਮਾਈਕਰੋ ਚਿੱਪ ਲੱਗਣ ਤੋਂ ਬਾਅਦ ਜੇਕਰ ਕੋਈ ਡੇਅਰੀ ਮਾਲਕ ਆਪਣੇ ਪਸ਼ੂ ਸੜਕਾਂ ’ਤੇ ਛੱਡੇਗਾ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਲਾਵਾਰਸ ਪਸ਼ੂਆਂ ਦੀ ਸਾਂਭ-ਸੰਭਾਲ ਲਈ ਲੋਪੋ, ਮਾਛੀਵਾੜਾ ਦੀ ਸਰਕਾਰੀ ਗਊਸ਼ਾਲਾ ਸਮੇਤ ਲੁਧਿਆਣਾ ਦੀਆਂ ਦੋ ਗਊਸ਼ਾਲਾਵਾਂ ਕ੍ਰਿਸ਼ਨ-ਬਲਰਾਮ ਗਊਸ਼ਾਲਾ ਅਤੇ ਗੋਬਿੰਦ ਗਊਧਾਮ ਨੂੰ ਪ੍ਰਤੀ ਪਸ਼ੂ ਦੇ ਹਿਸਾਬ ਨਾਲ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ।