ਬੈਂਕਾਕ: ਪੂਰਬੀ ਮਿਆਂਮਾਰ ਦੇ ਇਕ ਪ੍ਰਮੁੱਖ ਕਸਬੇ ਵਿੱਚ ਪੁਲੀਸ ਦੇ ਹੈੱਡਕੁਆਰਟਰ ’ਤੇ ਹੋਏ ਡਰੋਨ ਹਮਲੇ ਵਿੱਚ ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਅਤੇ ਇਕ ਜ਼ਿਲ੍ਹਾ ਪ੍ਰਸ਼ਾਸਕ ਤੋਂ ਇਲਾਵਾ ਦੋ ਐਮਰਜੈਂਸੀ ਬਚਾਅ ਦਲਾਂ ਦੇ ਮੈਂਬਰਾਂ ਦੀ ਮੌਤ ਹੋ ਗਈ। ਇਸ ਦੌਰਾਨ ਕੁੱਲ ਪੰਜ ਮੌਤਾਂ ਹੋ ਗਈਆਂ। ਇਹ ਜਾਣਕਾਰੀ ਮੀਡੀਆ ਦੀਆਂ ਰਿਪੋਰਟਾਂ ਤੋਂ ਮਿਲੀ ਹੈ। ਇਹ ਹਮਲਾ ਐਤਵਾਰ ਸ਼ਾਮ ਨੂੰ ਦੋ ਵੱਖ-ਵੱਖ ਪੜਾਵਾਂ ਵਿੱਚ ਹੋਇਆ। ਫਰਵਰੀ 2021 ਵਿੱਚ ਆਂਗ ਸਾਂ ਸੂ ਕੀ ਦੀ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟ ਕਰ ਕੇ ਫ਼ੌਜ ਵੱਲੋਂ ਸੱਤਾ ਹਥਿਆਏ ਜਾਣ ਤੋਂ ਬਾਅਦ, ਇਹ ਸਭ ਤੋਂ ਵੱਧ ਜਾਨਲੇਵਾ ਹਮਲਾ ਮੰਨਿਆ ਜਾ ਰਿਹਾ ਹੈ। ਇਸ ਹਮਲੇ ਵਿੱਚ ਮਿਆਂਵਾਦੀ ਕਸਬੇ ਵਿੱਚ ਤਾਇਨਾਤ ਇਕ ਬਟਾਲੀਅਨ ਦੇ ਆਰਜ਼ੀ ਕਮਾਂਡਰ ਲੈਫਟੀਨੈਂਟ ਕਰਨਲ ਆਂਗ ਯਾਵ ਮਿਨ ਅਤੇ ਇਕ ਟਰੈਫਿਕ ਪੁਲੀਸ ਦੇ ਅਧਿਕਾਰੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਬਚਾਅ ਦਲ ਦੇ ਦੋ ਵਰਕਰਾਂ ਦੀ ਵੀ ਮੌਤ ਹੋ ਗਈ। ਇਹ ਜਾਣਕਾਰੀ ਇਕ ਸਰਕਾਰੀ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦਿੱਤੀ। -ਏਪੀ