ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਸਤੰਬਰ
ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ (ਪੁਕਟਾ) ਵੱਲੋਂ ਆਪਣੀਆਂ ਮੰਗਾਂ ਸਬੰਧੀ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਚੰਡੀਗੜ੍ਹ ’ਚ ਮੁਲਾਕਾਤ ਕੀਤੀ ਗਈ। ਇਸ ਦੌਰਾਨ ਵਫ਼ਦ ਨੇ ਸਿੱਖਿਆ ਮੰਤਰੀ ਨੂੰ ਦੱਸਿਆ ਕਿ ਭਰਤੀ ਮੌਕੇ ਸਾਰੀਆਂ ਸ਼ਰਤਾਂ ਅਤੇ ਨਿਯਮ ਪੂਰੇ ਕਰਨ ਦੇ ਬਾਵਜੂਦ ਡੇਢ ਦਹਾਕੇ ਬਾਅਦ ਵੀ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਗਈਆਂ। ਵਫ਼ਦ ’ਚ ਸ਼ਾਮਲ ਡਾ. ਦਲਬੀਰ ਸਿੰਘ, ਪ੍ਰੋ. ਧਰਮਿੰਦਰ ਸਿੰਘ, ਪ੍ਰੋ. ਵਿਜੈ ਕੁਮਾਰ, ਪ੍ਰੋ. ਸੁਰਿੰਦਰ ਸਿੰਘ ਅਤੇ ਪ੍ਰੋ. ਰੋਹਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਨਾ ਹੋਣ ਕਰਕੇ ਉਹ ਪੰਜਾਬੀ ਯੂਨੀਵਰਸਿਟੀ ਵਿਚਲੇ ਕਾਂਸਟੀਚੁਐਂਟ, ਨੇਬਰਹੁੱਡ ਤੇ ਰੀਜਨਲ ਸੈਂਟਰਜ਼ ਸਮੇਤ ਯੂਨੀਵਰਸਿਟੀ ਕੈਂਪਸ ਵਿੱਚ ਅੱਜ ਵੀ ਕੰਟਰੈਕਟ ਆਧਾਰ ’ਤੇ ਹੀ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਨਾ ਹੀ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾ ਰਹੀਆਂ ਹਨ ਅਤੇ ਨਾ ਹੀ ਪੂਰੀ ਤਨਖਾਹ ਤੇ ਹੋਰ ਭੱਤੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕੁਝ ਹੋਰ ਮੰਗਾਂ ਵੀ ਗਿਣਾਈਆਂ। ਸਿੱਖਿਆ ਮੰਤਰੀ ਨੇ ਉਨ੍ਹਾਂ ਨੂੰ ਰੈਗੂਲਰ ਕਰਨ ਸਣੇ ਹੋਰ ਮਸਲਿਆਂ ਪ੍ਰਤੀ ਵਿਚਾਰ ਕਰਨ ਦਾ ਭਰੋਸਾ ਦਿੱਤਾ।