ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 8 ਜਨਵਰੀ
ਯੂਟੀ ਦੇ ਸਿੱਖਿਆ ਵਿਭਾਗ ਨੇ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਲਈ ਆਨਲਾਈਨ ਜਮਾਤਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਜਮਾਤਾਂ 7 ਜਨਵਰੀ ਤੋਂ ਸ਼ੁਰੂ ਹੋ ਗਈਆਂ ਹਨ। ਇਸ ਤੋਂ ਇਲਾਵਾ ਬੋਰਡ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਵਿਭਾਗ ਨੇ ਹੈਲਪਲਾਈਨ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਹ ਹੈਲਪ ਲਾਈਨ 15 ਜਨਵਰੀ ਤੋਂ ਸ਼ੁਰੂ ਹੋਵੇਗੀ ਜਿਸ ਲਈ ਸਕੂਲ ਮੁਖੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਉਹ ਆਪਣੇ ਸਕੂਲ ਦੇ ਮਾਹਿਰ ਅਧਿਆਪਕਾਂ ਦੇ ਨਾਂ ਵਿਭਾਗ ਨੂੰ ਭੇਜਣ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਮੁੱਖ ਵਿਸ਼ਿਆਂ ਦੇ ਦੋ-ਦੋ ਅਧਿਆਪਕਾਂ ਦੇ ਨਾਂ ਸਕੱਤਰੇਤ ਵਿੱਚ 9 ਜਨਵਰੀ ਤਕ ਭੇਜੇ ਜਾਣ। ਇਹ ਪਤਾ ਲੱਗਿਆ ਹੈ ਕਿ ਹੈਲਪਲਾਈਨ ਦੁਪਹਿਰ ਦੇ ਤਿੰਨ ਵਜੇ ਤੋਂ ਰਾਤ ਦੇ ਅੱਠ ਵਜੇ ਤਕ ਕੰਮ ਕਰੇਗੀ ਤੇ ਵਿਦਿਆਰਥੀ ਆਪਣੇ ਸਵਾਲਾਂ ਦੇ ਜਵਾਬ ਇਸ ਹੈਲਪਲਾਈਨ ਜ਼ਰੀਏ ਮਾਹਰ ਅਧਿਆਪਕਾਂ ਤੋਂ ਲੈ ਸਕਣਗੇ।
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਸੀਤ ਲਹਿਰ ਕਾਰਨ ਹਾਲ ਦੀ ਘੜੀ ਸਕੂਲ ਬੰਦ ਹਨ ਤੇ ਬੋਰਡ ਪ੍ਰੀਖਿਆ ਲਈ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਜਿਸ ਲਈ ਆਨਲਾਈਨ ਜਮਾਤਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੋਰਡ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਨੂੰ ਕਾਫੀ ਤਣਾਅ ਰਹਿੰਦਾ ਹੈ ਤੇ ਜੇ ਉਨ੍ਹਾਂ ਨੂੰ ਸਹੀ ਸਮੇਂ ਵਿੱਚ ਯੋਗ ਅਗਵਾਈ ਮਿਲ ਜਾਵੇ ਤਾਂ ਸਰਕਾਰੀ ਸਕੂਲਾਂ ਦੇ ਨਤੀਜੇ ਹੋਰ ਵੀ ਵਧੀਆ ਆ ਸਕਦੇ ਹਨ। ਦੱਸਣਾ ਬਣਦਾ ਹੈ ਕਿ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ 41 ਹਜ਼ਾਰ ਦੇ ਕਰੀਬ ਵਿਦਿਆਰਥੀ ਹਨ ਤੇ ਸੀਬੀਐਸਈ ਵਲੋਂ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ 15 ਫਰਵਰੀ ਤੋਂ ਲਈਆਂ ਜਾਣਗੀਆਂ।
ਟੀਜੀਟੀ: ਸਰਕਾਰੀ ਸਕੂਲਾਂ ਵਿੱਚ 90 ਅਸਾਮੀਆਂ ਲਈ 3921 ਨੇ ਪ੍ਰੀਖਿਆ ਦਿੱਤੀ
ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਅੱਜ ਟੀਜੀਟੀ ਦੀ ਅਸਾਮੀ ਦੀ ਭਰਤੀ ਲਈ ਪ੍ਰੀਖਿਆ ਹੋਈ। ਟੀਜੀਟੀ ਦੀਆਂ 90 ਅਸਾਮੀਆਂ ਲਈ 10,256 ਨੇ ਅਪਲਾਈ ਕੀਤਾ ਸੀ ਜਿਸ ਵਿੱਚੋਂ ਅੱਜ 3921 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ। ਡਾਇਰੈਕਟਰ (ਸਕੂਲ ਐਜੂਕੇਸ਼ਨ) ਅਨੁਸਾਰ ਚਾਰ ਵਿਸ਼ਿਆਂ ਦੀ ਪ੍ਰੀਖਿਆ ਸਵੇਰ ਤੇ ਦੁਪਹਿਰ ਦੇ ਸੈਸ਼ਨ ਵਿੱਚ ਲਈ ਗਈ ਜਿਸ ਲਈ ਕ੍ਰਮਵਾਰ 49.24 ਤੇ 51.20 ਫੀਸਦੀ ਪ੍ਰੀਖਿਆਰਥੀ ਸ਼ਾਮਲ ਹੋਏ। ਇਸ ਮੌਕੇ ਪੀਸੀਐੱਸ ਤੇ ਐੱਚਸੀਐੱਸ ਅਫਸਰਾਂ ਦੀ ਨਿਗਰਾਨੀ ਹੇਠ ਪ੍ਰੀਖਿਆ ਹੋਈ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਦੀ ਆਂਸਰ ਕੀਅ 10 ਜਨਵਰੀ ਨੂੰ ਅਪਲੋਡ ਕੀਤੀ ਜਾਵੇਗੀ।