ਪ੍ਰੀਤਮਾ ਦੋਮੇਲਕਥਾ ਪ੍ਰਵਾਹ
ਮਨਿੰਦਰ ਕੌਰ (ਮੀਨੂ) ਦੀ ਉਮਰ 10 ਕੁ ਸਾਲ ਦੀ ਹੀ ਜਦੋਂ ਉਸ ਦੀ ਬੀਜੀ ਬੀਬੀ ਜਗੀਰ ਕੌਰ ਇਸ ਦੁਨੀਆਂ ਤੋਂ ਚਲੀ ਗਈ। ਖੇਡਣ ਖਾਣ ਦੀ ਉਮਰ ਦਾ ਉਹ ਦਿਨ ਉਹ ਕਦੇ ਵੀ ਨਹੀਂ ਸੀ ਭੁੱਲ ਸਕੀ ਜਦ ਇੱਕ ਦਿਨ ਸਵੇਰੇ ਸਵੇਰੇ ਉਸ ਦੀ ਮਾਂ ਨੇ ਕਿਹਾ, ‘‘ਸੁਣ ਮੇਰੀ ਬੱਚੀ, ਮੇਰੀ ਤਬੀਅਤ ਬਹੁਤ ਖਰਾਬ ਹੈ। ਮੈਂ ਤੇਰੇ ਬਾਪੂ ਜੀ ਦੇ ਦਫ਼ਤਰੋਂ ਆਉਣ ਤੋਂ ਬਾਅਦ ਝਟਪਟ ਹਸਪਤਾਲ ਚਲੀ ਜਾਵਾਂਗੀ। ਉੱਥੋਂ ਮੁੜਨ ਦਾ ਕੋਈ ਪਤਾ ਨਹੀਂ, ਕਦੋਂ ਮੁੜਾਂ, ਮੁੜਾਂਗੀ ਵੀ ਕਿ ਨਹੀਂ। ਤੂੰ ਆਪਣੇ ਛੋਟੇ ਭੈਣ ਭਰਾਵਾਂ ਦਾ ਖ਼ਿਆਲ ਰੱਖੀਂ। ਤੂੰ ਸਭ ਤੋਂ ਵੱਡੀ ਹੈਂ ਤੇ ਵੱਡਾ ਭੈਣ ਭਾਈ ਛੋਟੇ ਭੈਣ ਭਾਈਆਂ ਦੇ ਮਾਂ ਬਾਪ ਵਰਗਾ ਹੁੰਦਾ ਹੈ।’’ ਕਹਿ ਕੇ ਮਾਂ ਨੇ ਪਰਲੇ ਪਾਸੇ ਨੂੰ ਮੂੰਹ ਕਰ ਕੇ ਆਪਣੇ ਅੱਥਰੂ ਛੁਪਾ ਲਏ ਸਨ। ਮੀਨੂ ਨੂੰ ਉਦੋਂ ਬਹੁਤੀ ਇਸ ਗੱਲ ਦੀ ਸਮਝ ਨਹੀਂ ਸੀ ਆਈ ਕਿ ਮਾਂ ਅਜਿਹੀਆਂ ਗੱਲਾਂ ਕਿਉਂ ਕਰ ਰਹੀ ਹੈ ਪਰ ਉਸ ਨੇ ਕਹਿ ਜ਼ਰੂਰ ਦਿੱਤਾ ਸੀ, ‘‘ਠੀਕ ਹੈ ਬੀਜੀ।’’ ਤੇ ਉਸ ਦੀ ਬੀਜੀ ਫੇਰ ਘਰ ਨਹੀਂ ਸੀ ਆਈ, ਹਸਪਤਾਲ ਵਿੱਚ ਹੀ ਪੂਰੀ ਹੋ ਗਈ ਸੀ। ਤੇ ਫੇਰ ਉਸ ਨੂੰ ਆਪਣੀ ਮਾਂ ਦੀ ਕਹੀ ਹੋਈ ਗੱਲ ਦਾ ਮਤਲਬ ਸਮਝ ਵਿੱਚ ਆ ਗਿਆ ਸੀ ਤੇ ਉਸੇ ਦਿਨ ਤੋਂ ਉਸ ਦਾ ਬਚਪਨ ਆਪਣੀ ਉਮਰ ਦੀ ਹੱਦ ਟੱਪ ਕੇ ਉਪਰਲੇ ਰਿਸ਼ਤੇ ’ਤੇ ਪਹੁੰਚ ਗਿਆ ਸੀ। ਥੋੜ੍ਹੇ ਸਮੇਂ ਬਾਅਦ ਹੀ ਘਰ ਆਪਣੀ ਪੁਰਾਣੀ ਲੀਹ ’ਤੇ ਆ ਗਿਆ ਸੀ ਤੇ ਘਰ ਵਿੱਚ ਸਭ ਕੁਝ ਉਵੇਂ ਦਾ ਉਵੇਂ ਹੋਣ ਲੱਗ ਪਿਆ ਸੀ। ਮੌਸਮ ਵੀ ਪਹਿਲਾਂ ਵਾਂਗੂੰ ਉਵੇਂ ਹੀ ਆਉਂਦੇ ਜਾਂਦੇ ਸੀ। ਤਿੱਥ ਤਿਉਹਾਰ ਤੇ ਪਿੰਡ ਵਿੱਚ ਵਿਆਹ ਕਾਰਜ ਵੀ ਸਭ ਕੁਝ ਉਵੇਂ ਹੀ ਚੱਲੀ ਜਾ ਹਿਹਾ ਸੀ। ਬਸ ਸਿਰਫ਼ ਮੀਨੂ ਦਾ ਹੀ ਸਭ ਕੁਝ ਬਦਲ ਗਿਆ ਸੀ। ਉਹ ਮਾਂ ਵਾਂਗੂੰ ਹੀ ਸਵੇਰੇ ਤੜਕੇ ਉੱਠਣ ਲੱਗ ਪਈ ਸੀ। ਰਸੋਈ ਵਿੱਚ ਜਾ ਕੇ ਰਾਤ ਦੇ ਜੂਠੇ ਭਾਂਡੇ ਮਾਂਜ ਦਿੰਦੀ। ਸਾਰਿਆਂ ਲਈ ਚਾਹ ਦਾ ਪਾਣੀ ਉਬਲਣਾ ਰੱਖ ਦਿੰਦੀ। ਦਾਦੀ ਆ ਕੇ ਹੈਰਾਨ ਹੋ ਕੇ ਟੋਕਦੀ, ‘‘ਪੁੱਤ, ਤੂੰ ਏਨੀ ਸਵੇਰੇ ਸਵੇਰੇ ਕਾਸਤੋਂ ਉੱਠ ਗਈ ਤੇ ਇਹ ਭਾਂਡੇ ਮਾਂਜਣਾ ਨਿਆਣਿਆਂ ਦਾ ਕੰਮ ਨਹੀਂ। ਤੂੰ ਜਾਹ ਸੌਂ ਜਾ ਜਾ ਕੇ। ਸਕੂਲ ਤਾਂ ਤੂੰ 9 ਵਜੇ ਹੀ ਜਾਣਾ ਹੈ।’’ ਪਰ ਉਹ ਉਵੇਂ ਹੀ ਜਿਹੜਾ ਕੁਝ ਕਰਦੀ ਸੀ, ਕਰੀ ਜਾਂਦੀ। ਫੇਰ ਉਹ ਛੋਟੇ ਭੈਣ ਭਾਈਆਂ ਨੂੰ ਜਗਾ ਕੇ ਉਨ੍ਹਾਂ ਦੇ ਹੱਥ ਮੂੰਹ ਧੁਆ ਕੇ ਉਨ੍ਹਾਂ ਦੇ ਵਾਲ ਵਾਹ ਦਿੰਦੀ ਤੇ ਉਨ੍ਹਾਂ ਨੂੰ ਖੁਆ ਪਿਆ ਕੇ ਉਨ੍ਹਾਂ ਦੇ ਸਕੂਲ ਛੱਡ ਆਉਂਦੀ। ਬਾਅਦ ਵਿੱਚ ਤਿਆਰ ਹੋ ਕੇ ਆਪਣੇ ਸਕੂਲ ਚਲੀ ਜਾਂਦੀ ਤੇ ਆ ਕੇ ਫੇਰ ਘਰ ਦੇ ਕੰਮਾਂ ’ਚ ਲੱਗ ਜਾਂਦੀ। ਕਈ ਵਾਰੀ ਦਾਦੀ ਉਸ ਨੂੰ ਬੁੱਕਲ ਵਿੱਚ ਲੈ ਕੇ ਕਹਿੰਦੀ, ‘‘ਪੁੱਤ, ਤੂੰ ਹੁਣ ਨਿਆਣਿਆਂ ਨਾਲ ਖੇਡਣ ਕਿਉਂ ਨਹੀਂ ਜਾਂਦੀ? ਜਾ ਆਪਣੇ ਚੌਂਤਰੇ (ਚਬੂਤਰੇ) ਪਰ ਜਾ ਕੇ ਘੜੀ ਕੁ ਖੇਲ ਆ।’’ ਬਾਹਰਲੇ ਵਾੜੇ ਵਿੱਚ ਜਿਹੜਾ ਡੰਗਰਾਂ ਦੇ ਬੰਨ੍ਹਣ ਲਈ ਕੋਠਾ ਛੱਤਿਆ ਹੋਇਆ ਸੀ, ਉਸ ਨੂੰ ਤਬੇਲਾ ਕਹਿੰਦੇ ਸੀ, ਉੱਥੇ ਰਾਤ ਨੂੰ ਬਲਦ, ਵੱਛੇ ਤੇ ਬੋਤੀ (ਊਠਣੀ) ਬੰਨ੍ਹਦੇ ਸੀ ਤੇ ਉਨ੍ਹਾਂ ਦੀ ਰਾਖੀ ਲਈ ਛੋਟਾ ਤੇ ਵੱਡਾ ਬਾਬਾ ਜੀ ਉੱਥੇ ਸੌਂਦੇ ਸੀ ਤੇ ਰਾਤ ਨੂੰ ਉਨ੍ਹਾਂ ਨੂੰ ਪੀਣ ਲਈ ਗਰਮ ਦੁੱਧ ਦੇਣ ਮੀਨੂ ਤੇ ਉਸ ਦਾ ਭਰਾ ਜਾਂਦੇ ਸੀ। ਤਬੇਲੇ ਦੇ ਸਾਹਮਣੇ ਉੱਚੀ ਜਿਹੀ ਚੌੜੀ ਥਾਂ ਨੂੰ ਚੌਂਤਰਾ ਕਹਿੰਦੇ ਸੀ। ਸ਼ਾਮ ਨੂੰ ਰੋਜ਼ ਪਿੰਡ ਦੇ ਨਿਆਣੇ ਆ ਕੇ ਚੌਂਤਰੇ ’ਤੇ ਫੜਨ ਫੜਾਈ, ਲੁਕਣਮੀਟੀ ਤੇ ਬਾਂਦਰ ਬਿੱਲੀ ਖੇਡਦੇ ਸਨ। ਮੀਨੂ ਵੀ ਉਨ੍ਹਾਂ ਵਿੱਚ ਸ਼ਾਮਲ ਹੁੰਦੀ ਸੀ ਪਰ ਜਦ ਤੋਂ ਉਸ ਦੀ ਬੀਜੀ ਚਲੀ ਗਈ ਸੀ, ਉਸ ਦਾ ਖੇਡਣ ਨੂੰ ਬਿਲਕੁਲ ਜੀਅ ਨਹੀਂ ਸੀ ਕਰਦਾ। ਬਸ ਉਹ ਬੀਜੀ ਦੇ ਛੱਡੇ ਹੋਏ ਨਿੱਕੇ ਮੋਟੇ ਕੰਮਾਂ ’ਚ ਹੀ ਲੱਗੀ ਰਹਿੰਦੀ। ਇੱਕ ਦਿਨ ਤਾਂ ਦਾਦੀ ਨੇ ਮੱਲੋ-ਮੱਲੀ ਉਸ ਨੂੰ ਖੇਡਣ ਭੇਜ ਦਿੱਤਾ। ਉਹ ਓਪਰਿਆਂ ਵਾਂਗ ਚੌਂਤਰੇ ਦੇ ਇੱਕ ਪਾਸੇ ਜਾ ਕੇ ਖੜ੍ਹ ਗਈ। ਉਸ ਨੂੰ ਯਾਦ ਆਇਆ ਜਦ ਬੀਜੀ ਜਿਉਂਦੀ ਸੀ ਤਾਂ ਬੇਫ਼ਿਕਰ ਹੋ ਕੇ ਕਿੰਨੀ ਕਿੰਨੀ ਦੇਰ ਉੱਥੇ ਖੇਡਦੀ ਰਹਿੰਦੀ। ਅਖ਼ੀਰ ਹਨੇਰਾ ਪਏ ਬੀਜੀ ਉਸ ਨੂੰ ਘੜੀਸ ਕੇ ਲੈ ਜਾਂਦੀ, ‘‘ਕੁੜੇ, ਕੁਝ ਖਾ ਪੀ ਲੈ ਚੱਲ ਕੇ, ਸਾਰਾਤ ਤੱਕ ਖੇਡਣੇ ਹੀ ਰਹਿਣੈ।’’ ਉਸ ਨੂੰ ਘੇਰ ਜਿਹੀ ਆਈ ਹੁਣ ਉਸ ਨੂੰ ਕਿਸ ਨੇ ਬੁਲਾਉਣ ਆਉਣਾ ਹੈ। ਉਸ ਦੀਆਂ ਅੱਖਾਂ ’ਚੋਂ ਅੱਥਰੂ ਵਗਣ ਲੱਗ ਪਏ। ਉਦੋਂ ਹੀ ਕੋਲ ਖੜ੍ਹੇ ਇੱਕ ਮੈਲੇ ਕੁਚੈਲੇ 5-6 ਸਾਲ ਦੇ ਮੁੰਡੇ ਨੇ ਆ ਕੇ ਉਸ ਦਾ ਹੱਥ ਫੜ ਲਿਆ, ‘‘ਭੈਣ ਰੋ ਨਾ, ਤੂੰ ਆਪਣੀ ਬੇਬੇ ਨੂੰ ਯਾਦ ਕਰਕੇ ਰੋਂਦੀ ਹੈਂ ਨਾ! ਦੇਖ ਮੈਂ ਕੋਈ ਰੋਂਦਾ ਹਾਂ, ਮੇਰੀ ਵੀ ਤਾਂ ਬੇਬੇ ਹੈਗੀ ਨੀ।’’ ਉਸ ਨੇ ਝੱਟ ਉਸ ਬੱਚੇ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਉਸ ਨੂੰ ਖਿੱਚ ਕੇ ਚੌਂਤਰੇ ’ਤੇ ਲਿਜਾ ਕੇ ਖੇਡਣ ਲੱਗ ਪਈ। ਸਾਰੇ ਨਿਆਣੇ ਥੂ ਥੂ ਕਰਨ ਲੱਗੇ, ‘‘ਏ ਮੀਨੂ ਤੂੰ, ਇਸ ਗੰਦੇ ਜਿਹੇ ਜੱਗੇ ਨੂੰ ਕਿਉਂ ਉਪਰ ਲਿਆਈ ਹੈਂ। ਜਾਹ ਅਸੀਂ ਨੀ ਤੇਰੇ ਨਾਲ ਖੇਡਣਾ।’’ ‘‘ਸਾਡਾ ਹੀ ਚਬੂਤਰਾ ਹੈ ਨਾ, ਮੈਂ ਜਿਹਨੂੰ ਮਰਜ਼ੀ ਖਿਡਾਵਾਂ, ਜਿਸ ਨੇ ਨਹੀਂ ਖੇਡਣਾ, ਨਾ ਖੇਡੇ। ਇਹ ਤਾਂ ਏਥੇ ਹੀ ਖੇਡੇਗਾ।’’ ਹੌਲੀ ਹੌਲੀ ਨਿਆਣਿਆਂ ਦੇ ਦੋ ਗਰੁੱਪ ਬਣ ਗਏ। ਕੁੱਝ ਚੌਂਤਰੇ ਤੋਂ ਹੇਠਾਂ ਉਤਰ ਗਏ ਤੇ ਕੁਝ ਉੱਥੇ ਹੀ ਖੇਡਣ ਲੱਗ ਪਏ। ਜੱਗਾ ਪਿੰਡ ਦੇ ਮਹਿਰਿਆਂ ਦਾ ਮੁੰਡਾ ਸੀ। ਸਾਲ ਕੁ ਪਹਿਲਾਂ ਉਸ ਦੀ ਮਾਂ ਮਰ ਗਈ ਸੀ। ਭਾਵੇਂ ਉਸ ਦਾ ਵੱਡਾ ਟੱਬਰ ਸੀ ਪਰ ਉਸ ਦੀ ਦੇਖਭਾਲ ਕੋਈ ਨਹੀਂ ਸੀ ਕਰਦਾ। ਉਹ ਗੰਦੇ-ਮੰਦੇ ਕੱਪੜੇ ਪਾ ਕੇ ਤੇ ਖਿੰਡੇ ਹੋਏ ਵਾਲਾਂ ਨਾਲ ਤੁਰਿਆ ਫਿਰਦਾ ਤੇ ਉਸ ਦਾ ਰੰਗ-ਢੰਗ ਦੇਖ ਕੇ ਨਿਆਣੇ ਉਸ ਨੂੰ ਨੇੜੇ ਨਹੀਂ ਸੀ ਆਉਣ ਦਿੰਦੇ। ਪਹਿਲਾਂ ਕਦੇ ਮੀਨੂ ਦਾ ਵੀ ਬਹੁਤਾ ਉਸ ਵੱਲ ਧਿਆਨ ਨਹੀਂ ਸੀ ਗਿਆ ਪਰ ਹੁਣ ਜਦ ਤੋਂ ਉਸ ਦੀ ਬੀਜੀ ਮਰੀ ਸੀ, ਉਹ ਵੀ ਆਪਣੇ ਆਪ ਨੂੰ ਜੱਗੇ ਵਰਗਾ ਮਹਿਸੂਸ ਕਰਨ ਲੱਗ ਪਈ ਸੀ। ਉਸ ਨੂੰ ਲੱਗਿਆ ਜਿਵੇਂ ਜੱਗੇ ਦੀ ਮਾਂ ਮਰਨ ’ਤੇ ਉਹ ਰੁਲਦਾ ਫਿਰਦਾ ਹੈ, ਉਨ੍ਹਾਂ ਦਾ ਵੀ ਤਾਂ ਉਹੀ ਹਾਲ ਹੋਣ ਵਾਲਾ ਹੈ। ਚਾਚੀਆਂ ਤਾਈਆਂ ਆਪਣੇ ਬੱਚਿਆਂ ’ਚ ਮਸਤ ਰਹਿੰਦੀਆਂ ਹਨ ਤੇ ਦਾਦੀ ਦਾ ਤਾਂ ਬਾਹਰ ਦਾ ਫੇਰਾ ਟੋਰਾ ਹੀ ਨਹੀਂ ਮੁੱਕਦਾ। ਸੋ ਉਹ ਆਪਣੇ ਭੈਣ ਭਾਈਆਂ ਦਾ ਧਿਆਨ ਨਹੀਂ ਰੱਖੇਗੀ ਤਾਂ ਉਨ੍ਹਾਂ ਦਾ ਵੀ ਜੱਗੇ ਵਾਲਾ ਹਾਲ ਹੋ ਜਾਵੇਗਾ। ਉਨ੍ਹਾਂ ਦੇ ਤਬੇਲੇ ਦੇ ਸਾਹਮਣੇ ਹੀ ਜੱਗੇ ਹੋਰਾਂ ਦਾ ਘਰ ਸੀ। ਉਸ ਦੇ ਬਾਪੂ ਹੋਰੀਂ ਪੰਜ ਭਾਈ ਸਨ। ਸਭ ਤੋਂ ਵੱਡਾ ਸ਼ੇਰੂ ਤਾਇਆ ਸੀ ਤੇ ਉਸ ਤੋਂ ਛੋਟਾ ਦੀਪ ਚਾਚਾ ਜਿਹੜਾ ਜੱਗੇ ਦਾ ਬਾਪੂ ਸੀ ਤੇ ਉਨ੍ਹਾਂ ਤੋਂ ਛੋਟੇ ਤਿੰਨ ਹੋਰ ਭਾਈ ਸਨ। ਤਾਏ ਦਾ ਤਾਂ ਸ਼ਾਇਦ ਵਿਆਹ ਹੀ ਨਹੀਂ ਸੀ ਹੋਇਆ। ਦੀਪੇ ਦੀ ਘਰ ਵਾਲੀ ਮਤਲਬ ਕਿ ਜੱਗੇ ਦੀ ਮਾਂ ਸਾਲ ਕੁ ਪਹਿਲਾਂ ਮਰ ਗਈ ਸੀ ਤੇ ਤੀਜੇ ਭਾਈ ਜੀਤੇ ਦਾ ਹੁਣੇ ਹੁਣੇ ਵਿਆਹ ਹੋਇਆ ਸੀ। ਕੁੜੀ ਸ਼ਹਿਰ ਦੀ ਸੀ ਜੋ ਸਾਰਾ ਸਮਾਂ ਸਜਣ-ਸੰਵਰਨ ’ਚ ਹੀ ਲੱਗੀ ਰਹਿੰਦੀ ਸੀ। ਇਨ੍ਹਾਂ ਸਭ ਦੀ ਮਾਂ ਅੰਮਾ ਸੀਬੋ ਬਹੁਤ ਬੁੱਢੀ ਸੀ। ਆਦਮੀ ਸਾਰੇ ਸਵੇਰੇ ਸਵੇਰੇ ਹੀ ਕੰਮ ’ਤੇ ਚਲੇ ਜਾਂਦੇ। ਸੋ ਜੱਗੇ ਨੂੰ ਪਿੱਛੇ ਸਾਂਭਣ ਵਾਲਾ ਕੋਈ ਨਹੀਂ ਸੀ। ਕੋਈ ਉਸ ਦਾ ਮੂੰਹ ਮੱਥਾ ਨਾ ਧੋਂਦਾ, ਮੂੰਹ ’ਤੇ ਮੱਖੀਆਂ ਭਿਣਕਦੀਆਂ ਰਹਿੰਦੀਆਂ ਤੇ ਵਾਲਾਂ ਦੀਆਂ ਲਟੂਰੀਆਂ ਖਿੰਡਦੀਆਂ ਰਹਿੰਦੀਆਂ। ਉਹ ਸਾਰਾ ਦਿਨ ਪਿੰਡ ਦੀਆਂ ਗਲੀਆਂ ਵਿੱਚ ਰੁਲਦਾ ਫਿਰਦਾ। ਪਿੰਡ ਵਿੱਚ ਕੋਈ ਵੀ ਉਸ ਨੂੰ ਆਪਣੇ ਘਰ ਨਾ ਵੜਣ ਦਿੰਦਾ। ਕਦੇ ਕਦੇ ਮੀਨੂ ਟੋਭੇ ਦੇ ਪਾਣੀ ਦੀ ਕਾਈ ਹਟਾ ਕੇ ਉਸ ਦਾ ਮੂੰਹ ਹੱਥ ਧੁਆ ਦਿੰਦੀ ਤੇ ਚੁੰਨੀ ਵਿੱਚ ਛਿਪਾਕੇ ਲਿਆਂਦੀ ਹੋਈ ਮੱਕੀ ਦੀ ਰੋਟੀ ਨਾਲ ਗੁੜ ਦੀ ਰੋੜੀ ਖੁਆ ਦਿੰਦੀ। ਅਜਿਹੇ ਹੀ ਇੱਕ ਦਿਨ ਸਵੇਰੇ ਸਵੇਰੇ ਤਾਏ ਸ਼ੇਰੂ ਦੇ ਵਿਹੜੇ ਵਿੱਚ ਇੱਕ ਉੱਚੀ ਲੰਬੀ ਜੁਆਨ ਔਰਤ ਨੂੰ ਵਿਹੜਾ ਸੰਭਰਦੀ ਦੇਖਿਆ, ਪਿੰਡ ਦੀਆਂ ਸਭ ਔਰਤਾਂ ਤੋਂ ਵੱਖਰੇ ਕਿਸਮ ਦੀ ਸੋਹਣੀ ਸੁਨੱਖੀ ਤੇ ਕਿਸੇ ਤਕੜੇ ਮਰਦ ਜਿੰਨੀ ਲੰਬੀ ਉਹ ਔਰਤ ਖੁੰਬ ਵਾਂਗੂੰ ਕਿੱਥੋਂ ਉੱਗ ਪਈ ਸੀ, ਲੋਕ ਸੋਚਣ ਲੱਗ ਪਏ ਸੀ। ਸਭ ਤੋਂ ਪਹਿਲਾਂ ਉਸ ਨੇ ਜੱਗੇ ਨੂੰ ਨੁਹਾ ਧੁਆ ਕੇ ਉਸ ਦੇ ਸਿਰ ਦੀਆਂ ਜੂੰਆਂ ਕੱਢੀਆਂ ਤੇ ਉਸ ਦੇ ਸਾਰੇ ਮੈਲੇ ਕੱਪੜੇ ਧੋ ਸੁਕਾ ਕੇ ਉਸ ਨੂੰ ਪੁਆ ਕੇ ਆਮ ਬੱਚਿਆਂ ਵਰਗਾ ਬਣਾ ਦਿੱਤਾ। ਉਸ ਦਿਨ ਸ਼ਾਮ ਨੂੰ ਜਦ ਉਹ ਸਜਿਆ ਸੰਵਰਿਆ ਹੋਇਆ ਚੌਂਤਰੇ ’ਤੇ ਖੇਡਣ ਆਇਆ ਤਾਂ ਉਹ ਤਾਂ ਪਛਾਣਿਆ ਹੀ ਨਹੀਂ ਸੀ ਜਾਂਦਾ। ਨਿਆਣੇ ਉਸ ਨੂੰ ਛੇੜਣ ਲੱਗ ਪਏ, ‘‘ਓਏ ਜੱਗਿਆ, ਤੈਨੂੰ ਕੀ ਹੋ ਗਿਆ ਰਾਤੋ ਰਾਤ, ਤੂੰ ਤਾਂ ਲੱਗਦਾ ਹੈ ਜਿਹੜੇ ਸ਼ੇਰੂ ਤਾਏ ਦੇ ਘਰ ਤਾਈ ਆਈ ਹੈ, ਉਸ ਦੇ ਨਾਲ ਹੀ ਕਿਧਰੋਂ ਆ ਟਪਕਿਆ ਹੈਂ।’’ ਥੋੜ੍ਹੇ ਦਿਨਾਂ ਵਿੱਚ ਹੀ ਜੱਗਾ ਚੰਗੀ ਰੱਜਵੀਂ ਰੋਟੀ ਖਾ ਕੇ ਤਕੜਾ ਹੋ ਗਿਆ ਤੇ ਸਕੂਲ ਜਾਣ ਲੱਗ ਪਿਆ। ਉਸ ਦੇ ਕੱਦ ਬੁੱਤ ਨੂੰ ਦੇਖ ਕੇ ਲੋਕ ਮਖੌਲ ਕਰਦੇ, ‘‘ਬਈ, ਇਹ ਤਾਂ ਟਰੱਕ ਖਰੀਦ ਲਿਆਇਆ ਸ਼ੇਰੂ ਕਿਧਰੋਂ।’’ ਕੋਈ ਉਸ ਨੂੰ ਨੀਲ ਗਾਏ ਕਹਿੰਦਾ ਤੇ ਆਮ ਲੋਕੀਂ ਤਾਂ ਉਂਜ ਹੀ ਝੇਡਾਂ ਕਰੀ ਜਾਂਦੇ, ‘‘ਓ ਬੱਲੇ ਬੱਲੇ ਆਹ ਘੁੜਾਘੋੜ (ਸ਼ੁਤਰਮੁਰਗ) ਖਬਰਨੀ ਕਿਹੜੇ ਜੰਗਲ ’ਚੋਂ ਫੜ ਲਿਆਇਆ ਸ਼ੇਰੂ।’’ ਗੱਲਾਂ ਸਰਕਦੀਆਂ ਸਰਕਦੀਆਂ ਉਸ ਦੇ ਕੰਨਾਂ ਵਿੱਚ ਵੀ ਪਹੁੰਚ ਜਾਂਦੀਆਂ ਪਰ ਉਹ ਰੱਬ ਦੀ ਬੰਦੀ ਕਿਸੇ ਗੱਲ ਨੂੰ ਨਾ ਗੌਲਦੀ, ਬਸ ਆਪਣੇ ਕੰਮ ’ਚ ਲੱਗੀ ਰਹਿੰਦੀ। ਜੱਗੇ ਨੂੰ ਨਹਾਉਣ-ਧੋਣ ਤੋਂ ਬਾਅਦ ਉਸ ਨੇ ਸ਼ੇਰੂ ਦੇ ਟੁੱਟੇ-ਫੁੱਟੇ ਘਰ ਵੱਲ ਧਿਆਨ ਦਿੱਤਾ। ਟੋਭੇ ’ਚੋਂ ਚੀਕਣੀ ਮਿੱਟੀ ਕੱਢ ਕੇ ਕੰਧਾਂ ਨੂੰ ਲਿਪਿਆ, ਕੱਚੇ ਅੰਦਰ ਨੂੰ ਗੋਹੇ ਨਾਲ ਲਿੱਪਿਆ ਪੋਚਿਆ। ਫੇਰ ਉਸ ਨੇ ਰਸੋਈ ਵੱਲ ਧਿਆਨ ਦਿੱਤਾ। ਸਾਰੇ ਭਾਂਡਿਆਂ ਨੂੰ ਰਗੜ ਰਗੜ ਕੇ ਮਾਂਜਿਆ। ਪੁਰਾਣੇ ਕੱਪੜੇ ਦੇ ਪੋਣੇ ਬਣਾ ਕੇ ਰਸੋਈ ਵਿੱਚ ਰੱਖੇ ਤੇ ਛੋਟੇ ਡੱਬੇ ਮੰਗਾ ਕੇ ਉਨ੍ਹਾਂ ਵਿੱਚ ਦਾਲਾਂ, ਨਮਕ, ਮਿਰਚ ਤੇ ਮਸਾਲੇ ਪਾਏ। ਬਿਸਤਰਿਆਂ ਦੀਆਂ ਚਾਦਰਾਂ, ਸਿਰਹਾਣਿਆਂ ਦੇ ਗਿਲਾਫ਼ ਸਭ ਧੋ ਕੇ ਮੰਜਿਆਂ ’ਤੇ ਵਿਛਾਏ। ਹੌਲੀ ਹੌਲੀ ਉਸ ਦੀ ਸੁਘੜਤਾ ਦੀ ਖੁਸ਼ਬੂ ਸਾਰੇ ਪਿੰਡ ਵਿੱਚ ਫੈਲ ਗਈ। ਪਿੰਡ ਦੀਆਂ ਸੁਆਣੀਆਂ ਜਿਹੜੀਆਂ ਉਸ ਨੂੰ ਦੇਖ ਕੇ ਪਾਸਾ ਵੱਟ ਕੇ ਲੰਘ ਜਾਂਦੀਆਂ ਸਨ, ਹੁਣ ਆਨੀਂ-ਬਹਾਨੀਂ ਆਪਣੇ ਘਰੇ ਬੁਲਾਉਣ ਲੱਗ ਪਈਆਂ। ਛੋਟੀ ਉਮਰ ਵਾਲੀ ਕੋਈ ਉਸ ਨੂੰ ਕਹਿੰਦੀ, ‘‘ਕੁੜੇ ਜਠਾਣੀਏ, ਆ ਅੱਜ ਤਾਂ ਮੇਰਾ ਪੀਹਣਾ ਕਰਵਾ ਦੇ, ਕੱਲ੍ਹ ਨੂੰ ਤੇਰੇ ਦਿਓਰ ਨੇ ਘਰਾਟਾਂ ’ਤੇ ਆਟਾ ਪਿਹਾਉਣ ਜਾਣਾ ਹੈ।’’ ਤੇ ਵਡੇਰੀ ਹੁੰਦੀ ਤਾਂ ਕਹਿੰਦੀ, ‘‘ਨੀ ਕਰਤਾਰ ਕੁਰੇ ਭੈਣੇ, ਮੇਰੇ ਖੇਸ ਤੇ ਚਾਦਰਾਂ ਧੁਆ ਦੇ, ਬਾਹਲੇ ਹੀ ਮੈਲੇ ਹੋਏ ਪਏ ਨੇ।’’ ਉਹ ਹੱਸਦੀ ਹੱਸਦੀ ਸਭ ਦੇ ਕੰਮ ਕਰੀ ਜਾਂਦੀ। ਸਾਲਾਂ ਤੋਂ ਉਹਦੀ ਦਾਣੇ ਭੁੰਨਣ ਵਾਲੀ ਭੱਠੀ ਜਿਹੜੀ ਬੰਦ ਪਈ ਸੀ, ਉਸ ਨੇ ਉਸ ਨੂੰ ਲਿਪ ਪੋਚ ਕੇ ਚਾਲੂ ਕਰ ਲਿਆ। ਉਸ ਦੀ ਭੱਠੀ ’ਤੇ ਦਾਣੇ ਭੁੰਨਾਉਣ ਵਾਲਿਆਂ ਦੀ ਭੀੜ ਲੱਗ ਜਾਂਦੀ ਤੇ ਦੂਜੀਆਂ ਭੱਠੀਆਂ ਵਾਲੀਆਂ ਬਿੱਟ ਬਿੱਟ ਝਾਕਦੀਆਂ ਰਹਿੰਦੀਆਂ। ਪਿੰਡ ਦੇ ਜੁਆਨ ਮੁੰਡੇ, ਕੁੜੀਆਂ ਨੂੰ ਜਦ ਕਿਸੇ ਨਾਲ ਇਸ਼ਕ ਹੋ ਜਾਂਦਾ ਤਾਂ ਤਾਈ ਕਰਤਾਰੋ ਝੱਟ ਬੁੱਝ ਜਾਂਦੀ। ਉਹ ਉਨ੍ਹਾਂ ਦੇ ਦਾਣੇ ਸਭ ਤੋਂ ਬਾਅਦ ਵਿੱਚ ਭੁੰਨਦੀ ਤਾਂ ਕਿ ਉਹ ਜੀ ਭਰ ਕੇ ਇੱਕ ਦੂਜੇ ਨੂੰ ਦੇਖ ਲੈਣ। ਜਦ ਦਾਣੇ ਭੁੰਨ ਕੇ ਹਟਦੀ ਤਾਂ ਵੱਡਾ ਸਾਰਾ ਬੋਈਆ (ਟੋਕਰੀ) ਦਾਣਿਆਂ ਦਾ ਭਰ ਕੇ ਮੀਨੂ ਦੇ ਚੌਂਤਰੇ ’ਤੇ ਖੇਡ ਰਹੇ ਨਿਆਣਿਆਂ ਨੂੰ ਵੰਡਣ ਆ ਜਾਂਦੀ। ‘‘ਲਓ ਪੁੱਤ ਚੱਬ ਲਉ ਮੱਕੀ ਦੀਆਂ ਗਰਮ ਗਰਮ ਖਿੱਲਾਂ ਨੇ ਤੇ ਵਿੱਚ ਛੋਲਿਆਂ ਦੇ ਵੀ ਦਾਣੇ ਹੈਗੇ।’’ ਕਈ ਨਿਆਣੇ ਹੱਸਦੇ ਹੱਸਦੇ ਕਹਿੰਦੇ, ‘‘ਧੰਨਵਾਦ ਤਾਈ, ਤੂੰ ਬੜੀ ਚੰਗੀ ਹੈਂ।’’ ‘‘ਖੜ੍ਹ ਜੋ ਦਾਦੇ ਮੰਗਾਉਣਿਓ, ਤੁਹਾਡੀ ਤਾਂ ਮੈਂ ਦਾਦੀ ਲੱਗਦੀ ਹਾਂ।’’ ਕਹਿ ਕੇ ਉਹ ਉਨ੍ਹਾਂ ਦੇ ਪਿੱਛੇ ਪਿੱਛੇ ਭੱਜਦੀ ਜਿਵੇਂ ਉਹ ਵੀ ਉਨ੍ਹਾਂ ਨਾਲ ਖੇਡਣ ਲੱਗ ਜਾਂਦੀ। ਉਸ ਦੇ ਇਸ ਪਿੰਡ ਵਿੱਚ ਆਉਣ ’ਤੇ ਜਿਹੜੀਆਂ ਭਾਂਤ ਭਾਂਤ ਦੀਆਂ ਗੱਲਾਂ ਹੁੰਦੀਆਂ ਸਨ ਕਿ ਬਈ ਪਤਾ ਨਹੀਂ ਕੌਣ ਹੈ, ਕਿੱਥੋਂ ਕੱਢ ਕੇ ਲਿਆਇਆ ਹੈ ਸ਼ੇਰੂ, ਮੁਸਲਮਾਨੀ ਹੈ ਜਾਂ ਕੋਈ ਜਾਤ ਕੁਜਾਤ, ਉਹ ਸਭ ਉਸ ਦੇ ਚੰਗੇ ਵਤੀਰੇ ਕਰਕੇ ਖ਼ਤਮ ਹੋ ਚੁੱਕੀਆਂ ਸਨ। ਉਸ ਨੇ ਪਿੰਡ ਦੀ ਆਬਾਦੀ ਵਿੱਚ ਆਪਣੀ ਇੱਕ ਖ਼ਾਸ ਜਗ੍ਹਾ ਬਣਾ ਲਈ ਸੀ। ਪਿੰਡ ਵਿੱਚ ਸਭ ਨੂੰ ਉਸ ਦੀ ਲੋੜ ਸੀ। ਜੱਗਾ ਇੱਕ ਦਿਨ ਮੀਨੂ ਨੂੰ ਬਾਹੋਂ ਫੜ ਕੇ ਆਪਣੇ ਘਰ ਲਿਆ ਕੇ ਬੋਲਿਆ, ‘‘ਬੇਬੇ, ਇਹ ਮੀਨੂ ਭੈਣ ਹੈ। ਜਦ ਤੂੰ ਨਹੀਂ ਆਈ ਸੀ ਤਾਂ ਇਹ ਮੈਨੂੰ ਆਪਣੇ ਘਰੋਂ ਚੋਰੀ ਚੋਰੀ ਰੋਟੀ ਲਿਆ ਕੇ ਖਲਾਉਂਦੀ ਸੀ। ਬੇਬੇ, ਉਸ ਦੀ ਵੀ ਬੇਬੇ ਨਹੀਂ ਹੈ। ਤੂੰ ਮੇਰੇ ਵਾਂਗੂੰ ਇਸ ਦੀ ਵੀ ਬੇਬੇ ਬਣ ਜਾ।’’ ਤਾਈ ਨੇ ਡੁਸਕਦੀ ਹੋਈ ਮੀਨੂ ਨੂੰ ਛਾਤੀ ਨਾਲ ਲਾ ਕੇ ਕਿਹਾ, ‘‘ਮੈਂ ਸਦਕੇ ਮੇਰੀ ਧੀ, ਰੱਬ ਨੇ ਮੈਨੂੰ ਤੇਰੀ ਮਾਂ ਬਣਾ ਕੇ ਹੀ ਤਾਂ ਇਸ ਪਿੰਡ ਵਿੱਚ ਭੇਜਿਆ ਹੈ। ਹੁਣ ਤੂੰ ਕਦੇ ਨਾ ਸੋਚੀਂ ਕਿ ਤੇਰੀ ਮਾਂ ਨਹੀਂ ਹੈ। ਖ਼ੂਬ ਪੜ੍ਹ ਲਿਖ ਕੇ, ਵੱਡੀ ਅਫ਼ਸਰਨੀ ਬਣੀ ਤੇ ਤੇਰੇ ਵਿਆਹ ’ਤੇ ਮੈਂ ਤੇਰੇ ਸਹੁਰੇ ਤੇਰੇ ਨਾਲ ਜਾਵਾਂਗੀ।’’ ‘‘ਤਾਈ, ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾ। ਜੇ ਮੈਂ ਵਿਆਹ ਕਰਵਾ ਕੇ ਚਲੀ ਗਈ ਤਾਂ ਮੇਰੇ ਭੈਣ ਭਾਈਆਂ ਨੂੰ ਕੌਣ ਸੰਭਾਲੂਗਾ।’’ ਮੀਨੂ ਗੰਭੀਰਤਾ ਨਾਲ ਕਹਿੰਦੀ। ‘‘ਲੈ ਝੱਲੀ ਨਾ ਹੋਵੇ ਤਾਂ। ਤੂੰ ਕਿਆ, ਐਥੇ ਹੀ ਕੁਆਰ ਕੋਠੜਾ ਪਾਉਣਾ ਹੈ; ਧੀਆਂ ਤਾਂ ਪੁੱਤ ਰਾਜੇ ਰਾਣਿਆਂ ਨੇ ਨਾ ਘਰ ਰੱਖੀਆਂ, ਅਸੀਂ ਤਾਂ ਕਿਹਦੇ ਪਾਣੀਹਾਰ ਹਾਂ।’’ ਉਹ ਉਸ ਦਾ ਸਿਰ ਪਲੋਸ ਕੇ ਕਹਿੰਦੀ ਤੇ ਫਟਾਫਟ ਚਾਹ ਬਣਾ ਕੇ ਕਹਿੰਦੀ, ‘‘ਲੈ ਪੁੱਤ ਚਾਹ ਪੀ ਲੈ, ਸੁੱਚੇ ਮੂੰਹ ਨਾ ਜਾਈਂ ਆਪਣੀ ਮਾਂ ਦੇ ਘਰੋਂ।’’ ਮੀਨੂ ਨੂੰ ਲੱਗਦਾ ਜਿਵੇਂ ਉਸ ਦੀ ਬੀਜੀ ਉਸ ਦੇ ਕੋਲ ਆ ਕੇ ਬੈਠ ਗਈ। ਸਮੇਂ ਦਾ ਰੱਥ ਤੁਰੀ ਜਾ ਰਿਹਾ ਸੀ। ਜੱਗਾ ਵਧੀਆ ਪੜ੍ਹਾਈ ਕਰ ਰਿਹਾ ਸੀ ਤੇ ਪਿੰਡ ਪੰਜਵੀਂ ਜਮਾਤ ਪਾਸ ਕਰਕੇ ਸ਼ਹਿਰ ਦੇ ਵੱਡੇ ਸਕੂਲ ਵਿੱਚ ਛੇਵੀਂ ਵਿਚ ਦਾਖ਼ਲ ਹੋ ਗਿਆ ਸੀ ਤੇ ਮੀਨੂ ਵੀ ਕਾਲਜ ਵਿੱਚ ਪੜ੍ਹਨ ਲੱਗ ਗਈ ਸੀ। ਤਾਈ ਦਾ ਅੱਗੋਂ ਹੋਰ ਕੋਈ ਬੱਚਾ ਨਹੀਂ ਸੀ ਹੋਇਆ। ਪਿੰਡ ਦੀਆਂ ਔਰਤਾਂ ਉਸ ਨੂੰ ਕਈ ਵਾਰ ਛੇੜਦੀਆਂ, “ਬੀਬੀ ਕਰਤਾਰੋ, ਕੁੜੇ ਜੱਗੇ ਦਾ ਭੈਣ ਭਾਈ ਕਿਉਂ ਨਹੀਂ ਲਿਆਉਂਦੀ। ਉਹ ਕੱਲਾ ਵਿਚਾਰਾ ਕੀ ਕਰੇਗਾ। ਸਿਆਣੇ ਕਹਿੰਦੇ ਹੁੰਦੇ ਨੇ ਬਈ ’ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲਕੜੀ ਡਾਢੇ ਉਹਨੂੰ ਕੱਟ ਲੈਣਗੇ।’’ ਅੱਗੋਂ ਉਹ ਗੰਭੀਰ ਹੋ ਕੇ ਕਹਿੰਦੀ, ‘‘ਗੱਲ ਥੋਡੀ ਠੀਕ ਹੈ ਬੀਬੀ ਪਰ ਮੈਂ ਆਪਣੇ ਫ਼ੈਸਲੇ ਤੋਂ ਕਿਵੇਂ ਮੁੱਕਰਾਂ?’’ ‘‘ਫ਼ੈਸਲਾ!’’ ਅੱਗੋਂ ਉਹ ਪੁੱਛਦੀਆਂ, ‘‘ਇਹ ਕਿਹੋ ਜੇਹਾ ਫ਼ੈਸਲਾ ਹੈ ਕੁੜੇ?’’ ‘‘ਮੈਂ ਜਿੱਦਣ ਜੱਗੇ ਦੇ ਬਾਪੂ ਦਾ ਲੜ ਫੜ ਕੇ ਇਸ ਘਰ ਵਿੱਚ ਆਈ ਸਾਂ ਤਾਂ ਉਸ ਨੇ ਜੱਗਾ ਮੇਰੀ ਝੋਲੀ ਵਿੱਚ ਪਾ ਕੇ ਕਿਹਾ ਸੀ ਕਿ ਲੈ ਭਾਗਵਾਨੇ ਅੱਜ ਤੋਂ ਤੂੰ ਹੀ ਇਸ ਦੀ ਮਾਂ ਹੈਂ ਤੇ ਤੂੰ ਹੀ ਬਾਪ, ਬਸ ਇਸ ਨੂੰ ਕੋਈ ਦੁੱਖ ਨਾ ਹੋਵੇ।’’ ਤੇ ਕੁਝ ਦਿਨਾਂ ਬਾਅਦ ਮੈਂ ਵੀ ਉਸ ਨੂੰ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ, ‘‘ਲੈ ਸਰਦਾਰਾ, ਹੁਣ ਜੱਗੇ ਦਾ ਪਿਆਰ ਵੰਡਣ ਵਾਲਾ ਕੋਈ ਘਰ ਵਿੱਚ ਨਹੀਂ ਆਏਗਾ। ਇਹ ਵਿਚਾਰਾ ਤਾਂ ਅੱਗੇ ਹੀ ਕਈ ਸਾਲ ਪਿਆਰ ਤੋਂ ਥੁੜਿਆ ਰਿਹਾ ਹੈ। ਹੋਰ ਕੋਈ ਜੀਅ ਘਰ ਵਿੱਚ ਲਿਆ ਕੇ ਮੈਂ ਆਪਣੀ ਮਮਤਾ ਦਾ ਬਟਵਾਰਾ ਨਹੀਂ ਕਰਨਾ। ਬਸ ਏਹੀ ਹੁਣ ਸਾਡਾ ਸਭ ਕੁਝ ਹੈ।’’ ਸੁਣ ਕੇ ਪਿੰਡ ਦੀਆਂ ਔਰਤਾਂ ਧੰਨ ਧੰਨ ਕਰਨ ਲੱਗ ਪਈਆਂ ਸਨ। ਪਿੰਡ ਦੀਆਂ ਕੁੜੀਆਂ ਵੀ ਤਾਈ ਨੂੰ ਬਹੁਤ ਪਿਆਰ ਕਰਦੀਆਂ ਸਨ ਤੇ ਹਰ ਇੱਕ ਦੀ ਇਹੀ ਇੱਛਾ ਹੁੰਦੀ ਸੀ ਕਿ ਵਿਆਹ ਵੇਲੇ ਤਾਈ ਹੀ ਉਸ ਦੇ ਨਾਲ ਉਸ ਦੇ ਸਹੁਰੇ ਜਾਵੇ, ਪਰ ਮੀਨੂ ਨੇ ਆਪਣੇ ਵਿਆਹ ’ਤੇ ਤਾਈ ਨੂੰ ਨਾਲ ਲੈ ਕੇ ਜਾਣ ਤੋਂ ਮਨ੍ਹਾਂ ਕਰ ਦਿੱਤਾ। ਸਭ ਹੈਰਾਨ ਸਨ ਕਿ ਤਾਈ ਦੀ ਤਾਂ ਉਹ ਬਹੁਤ ਲਾਡਲੀ ਸੀ, ਤੇ ਇਹ ਸਕੀ ਮਾਂ ਵਾਂਗੂੰ ਉਸ ਦਾ ਖ਼ਿਆਲ ਰੱਖਦੀ ਸੀ। ਕਾਰਨ ਅਸਲ ਵਿੱਚ ਕੁੱਝ ਹੋਰ ਸੀ। ਮੀਨੂ ਤਾਂ ਅਸਲ ਵਿੱਚ ਵਿਆਹ ਹੀ ਨਹੀਂ ਸੀ ਕਰਾਉਣਾ ਚਾਹੁੰਦੀ ਕਿਉਂਕਿ ਉਸ ਦੇ ਭਾਈ ਵਿਆਹ ਤੋਂ ਬਾਅਦ ਅਲੱਗ ਰਹਿਣ ਲੱਗ ਪਏ ਸਨ। ਉਹ ਸੋਚਦੀ ਜੇ ਉਹ ਵਿਆਹ ਕਰਵਾ ਕੇ ਚਲੀ ਗਈ ਤਾਂ ਉਸ ਦੇ ਬਾਪੂ ਜੀ ਦੀ ਦੇਖਭਾਲ ਕੌਣ ਕਰੇਗਾ। ਬਾਪੂ ਜੀ ਉਮਰ ਦੇ ਇਸ ਮੋੜ ’ਤੇ ਪਹੁੰਚ ਗਏ ਸਨ ਜਿੱਥੇ ਇਨਸਾਨ ਦੇ ਸਾਰੇ ਅੰਗ ਥੱਕ ਚੁੱਕੇ ਹੁੰਦੇ ਹਨ ਤੇ ਉਸ ਲਈ ਕੁਝ ਵੀ ਕਰਨਾ ਏਨਾ ਸੌਖਾ ਨਹੀਂ ਹੁੰਦਾ। ਪਰ ਬਾਪੂ ਜੀ ਚਾਹੁੰਦੇ ਸੀ ਕਿ ਉਹ ਆਪਣੇ ਸਾਹਮਣੇ ਮੀਨੂ ਦਾ ਵਿਆਹ ਕਰ ਦੇਣ। ਕੁਦਰਤੀ ਹੀ ਮੁੰਡਾ ਵੀ ਜਾਣਿਆ ਪਛਾਣਿਆ ਹੋਇਆ ਭਾਈ ਦਾ ਦੋਸਤ ਮਿਲ ਗਿਆ, ਪਰ ਮੀਨੂ ਨੇ ਆਪਣੀਆਂ ਦੋ ਸ਼ਰਤਾਂ ਰੱਖ ਦਿੱਤੀਆਂ ਬਈ ਇੱਕ ਤਾਂ ਉਹ ਆਪਣੀ ਨੌਕਰੀ ਨਹੀਂ ਛੱਡੇਗੀ ਤੇ ਦੂਜਾ ਉਹ ਦਹੇਜ ਬਿਲਕੁਲ ਨਹੀਂ ਲੈ ਕੇ ਜਾਏਗੀ ਜਿਸ ਦਾ ਵਾਧੂ ਦਾ ਬੋਝ ਉਸ ਦੇ ਬਾਪ ਦੇ ਸਿਰ ਪਏਗਾ। ਮੁੰਡਾ ਸਿਆਣਾ ਸੀ। ਉਸ ਨੇ ਸ਼ਰਤਾਂ ਤਾਂ ਦੋਵੇਂ ਹੀ ਮੰਨ ਲਈਆਂ ਪਰ ਨਾਲ ਹੀ ਆਪਣੀ ਵੀ ਇੱਕ ਸ਼ਰਤ ਰੱਖ ਦਿੱਤੀ। ਉਸ ਨੇ ਕਿਹਾ, ‘‘ਦੇਖ ਮੀਨੂ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ, ਕਰਦਾ ਰਹਾਂਗਾ ਪਰ ਮੇਰੇ ਮਾਂ ਬਾਪ ਲਾਲਚੀ ਕਿਸਮ ਦੇ ਬੰਦੇ ਹਨ ਉਹ ਮੇਰੇ ਸਹੁਰਿਆਂ ਤੋਂ ਬੜਾ ਕੁਝ ਭਾਲਦੇ ਹਨ। ਨਾ ਮਿਲਣ ’ਤੇ ਤੈਨੂੰ ਪਤਾ ਹੈ ਉਨ੍ਹਾਂ ਦਾ ਸਲੂਕ ਤੇਰੇ ਨਾਲ ਕਿਹੋ ਜਿਹਾ ਹੋਵੇਗਾ। ਸੋ ਮੈਨੂੰ ਕਦੇ ਉਲਾਂਭਾ ਨਾ ਦੇਵੀਂ।’’ ਸੋ ਵਿਆਹ ਹੋ ਗਿਆ। ਇਸੇ ਕਰਕੇ ਉਹ ਤਾਈ ਨੂੰ ਆਪਣੇ ਨਾਲ ਨਹੀਂ ਲਿਜਾਣਾ ਚਾਹੁੰਦੀ ਸੀ; ਉਹ ਤਾਂ ਨਿਡਰ ਤੇ ਕੋਰੀ ਕਰਾਰੀ ਜ਼ਨਾਨੀ ਸੀ, ਉਸ ਨੇ ਤਾਂ ਆ ਕੇ ਉਨ੍ਹਾਂ ਦਾ ਹੀਜ ਪਿਆਜ਼ ਫੋਲ ਦੇਣਾ ਸੀ। ਜਦ ਤਾਈ ਨੂੰ ਇਸ ਗੱਲ ਦਾ ਪਤਾ ਲਗਿਆ ਤਾਂ ਉਹ ਭੁੱਖੀ ਸ਼ੇਰਨੀ ਦੀ ਤਰ੍ਹਾਂ ਮੀਨੂ ਦੇ ਸਿਰ ’ਤੇ ਆ ਖਲੋਤੀ, ‘‘ਕਿਉਂ ਕੁੜੀਏ, ਮੈਂ ਤੇਰਾ ਕੀ ਵਿਗਾੜਿਆ ਹੈ ਜੋ ਤੂੰ…’’ ਮੀਨੂ ਨੇ ਘਬਰਾ ਕੇ ਕਿਹਾ, ‘‘ਤਾਈ, ਇਹੋ ਜਿਹੀ ਕੋਈ ਗੱਲ ਨਹੀਂ। ਉਹ ਤਾਂ ਸੈਣੀਆਂ ਦੀ ਮਿੰਦਰੋ ਦਾ ਵਿਆਹ ਵੀ ਤਾਂ ਉਸੇ ਦਿਨ ਏ, ਤੂੰ ਉਹਦੇ ਨਾਲ ਵੀ ਤਾਂ ਜਾਣਾ ਹੋਵੇਗਾ।’’ ‘‘ਸੁਣ ਤੂੰ ਮੇਰੀ ਗੱਲ, ਮੈਂ ਨਹੀਂ ਜਾਣਦੀ ਸੈਣੀਆਂ ਸੂਣੀਆਂ ਦੀ ਕੁੜੀ ਨੂੰ। ਮੈਂ ਤਾਂ ਤੇਰੇ ਨਾਲ ਜਾਊਂਗੀ। ਤੂੰ ਆਪਣੀ ਗੱਡੀ ਵਿੱਚ ਨਾ ਬੈਠਣ ਦੇਵੀਂ। ਮੈਂ ਤੇਰੇ ਮਗਰੇ ਭਾੜੇ ਦੀ ਗੱਡੀ ਕਰਕੇ ਆ ਜਾਵਾਂਗੀ।’’ ਇਹ ਉਦੋਂ ਦੀਆਂ ਗੱਲਾਂ ਨੇ ਜਦ ਵਿਆਹੁਲੀ ਕੁੜੀ ਦੇ ਨਾਲ ਪਿੰਡ ਦੀ ਲਾਗਣ ਜਾਇਆ ਕਰਦੀ ਸੀ। ਸੋ ਵਿਦਾਇਗੀ ਦੇ ਸਮੇਂ ਰੋਂਦੀ ਰੋਂਦੀ ਮੀਨੂ ਦੇ ਨਾਲ ਤਾਈ ਅੜ ਕੇ ਬੈਠ ਗਈ ਤੇ ਪਿੰਡ ਦੀ ਜੂਹ ਟੱਪਦਿਆਂ ਹੀ ਉਹ ਉਸ ਦੇ ਪਤੀ ਨੂੰ ਬੋਲੀ, ‘‘ਲੈ ਕਾਕਾ, ਚੁੱਪ ਕਰਾ ਆਪਣੀ ਲਾਡਲੀ ਨੂੰ, ਐਵੇਂ ਰੋ ਰੋ ਕੇ ਅੱਖਾਂ ਦਾ ਸੁਰਮਾ ਕੱਢਣ ਡਹੀ ਹੈ। ਏਹੀ ਸੁਰਮਾ ਤਾਂ ਅੱਖਾਂ ਨੂੰ ਸੋਹਣਾ ਬਣਾਉਂਦਾ ਹੈ।’’ ਸੁਣ ਕੇ ਉਨ੍ਹਾਂ ਦੋਵਾਂ ਦਾ ਹਾਸਾ ਨਿਕਲ ਗਿਆ। ਸਹੁਰਿਆਂ ਦਾ ਰੌਂਅ ਤਾਂ ਦਾਜ ਵਾਲੇ ਖਾਲੀ ਟਰੱਕ ਨੂੰ ਦੇਖਦੇ ਹੀ ਬਦਲ ਗਿਆ ਸੀ। ਸੋ ਐਵੇਂ ਮਾੜੇ ਮੋਟੇ ਸ਼ਗਨ ਜੇਹੇ ਕਰਕੇ ਉਹ ਮੀਨੂ ਨੂੰ ਅੰਦਰ ਲੈ ਗਏ ਤੇ ਬਹੂ ਨੂੰ ਦੇਖਣ ਆਈਆਂ ਪਿੰਡ ਦੀਆਂ ਔਰਤਾਂ ਦੇ ਜਾਂਦਿਆਂ ਹੀ ਖੁੱਲ੍ਹੀ ਛੱਤ ’ਤੇ ਇਨ੍ਹਾਂ ਦੋਵਾਂ ਦੇ ਮੰਜੇ ਡਾਹ ਦਿੱਤੇ। ਜੂਨ ਦਾ ਮਹੀਨਾ, ਅੰਤਾਂ ਦੀ ਗਰਮੀ, ਨਾ ਹੱਥ ਵਾਲੀ ਪੱਖੀ, ਨਾ ਬਿਜਲੀ ਦਾ ਪੱਖਾ ਤੇ ਖਾਣ ਲਈ ਰੋਟੀ ਵੀ ਦੁਪਹਿਰ ਦੀ ਪਤਲੀ ਪਤਲੀ ਆਲੂਆਂ ਦੀ ਤਰੀ ਤੇ ਠੰਢੀ ਮਾਂਹਾਂ ਦੀ ਦਾਲ ਤੇ ਗੁਰਦੁਆਰੇ ਦੀਆਂ ਵੱਡੀਆਂ-ਵੱਡੀਆਂ ਥਾਲੀਆਂ ਵਿੱਚ 4-4 ਰੋਟੀਆਂ। ਤਾਈ ਨੂੰ ਤਾਂ ਗੁੱਸਾ ਚੜ੍ਹ ਗਿਆ। ਉਹ ਥਾਲੀਆਂ ਲੈ ਕੇ ਥੱਲੇ ਜਾਣ ਲੱਗੀ ਤਾਂ ਮੀਨੂ ਨੇ ਰੋਕ ਦਿੱਤਾ, ‘‘ਨਾ ਤਾਈ ਨਾ ਏਥੇ ਹੀ ਰੱਖ ਦੇ। ਆਪਾਂ ਜਦ ਖਾਣੀ ਹੀ ਨਹੀਂ ਕੁਸ਼… ਹਾਂ ਤੈਨੂੰ ਭੁੱਖ ਕਿੰਨੀ ਕੁ ਲੱਗੀ ਹੋਈ ਹੈ।’’ ‘‘ਲੈ ਭੁੱਖ ਤਾਂ ਇਨ੍ਹਾਂ ਦੀਆਂ ਕਰਤੂਤਾਂ ਦੇਖ ਕੇ ਪਹਿਲਾਂ ਹੀ ਮਰ ਚੁੱਕੀ ਹੈ।’’ ਕਹਿ ਕੇ ਉਹ ਚੁੱਪ ਕਰ ਕੇ ਬੈਠ ਗਈ। ਅਗਲੇ ਦਿਨ ਦੀਆਂ ਰਸਮਾਂ ਤਾਈ ਚੁੱਪਚਾਪ ਦੇਖਦੀ ਰਹੀ। ਸਤੀਆਂ, ਸ਼ਹੀਦਾਂ ਤੇ ਸਮਾਧਾਂ ’ਤੇ ਮੱਥਾ ਟੇਕਣ ਤੋਂ ਬਾਅਦ ਜਦ ਉਹ ਪੇਕੇ ਫੇਰਾ ਪਾਉਣ ਲਈ ਆਉਣ ਲੱਗੀਆਂ ਤੇ ਮੀਨੂ ਦੀ ਸੱਸ ਦੋ ਵਧੀਆ ਜਿਹੇ ਸੂਟ ਤੇ ਨਾਲ 500 ਰੁਪਏ ਤੇ ਮਠਿਆਈ ਦਾ ਇੱਕ ਵੱਡਾ ਸਾਰਾ ਝੋਲਾ ਤਾਈ ਨੂੰ ਦੇ ਕੇ ਮਿਹਣੇ ਨਾਲ ਬੋਲੀ, ‘‘ਲੈ ਰਾਣੀਏ, ਦੇਖ ਲੈ ਆਪਣੇ ਸੂਟ ਤੇ ਹੋਰ ਸਾਮਾਨ, ਪਸੰਦ ਹੈ? ਇੱਥੋਂ ਹੀ ਘਰਾਣਿਆਂ ਦਾ ਪਤਾ ਲੱਗਦਾ ਹੈ।’’ ਤਾਈ ਜਿਹੜੀ ਹੁਣ ਤੱਕ ਚੁੱਪ ਸੀ, ਇਕਦਮ ਗਰਜ ਕੇ ਬੋਲੀ, ‘‘ਸਰਦਾਰਨੀਏ, ਲੈ ਫੜ ਆਪਣੇ ਸੂਟ ਤੇ ਬਾਕੀ ਨਿੱਕ ਸੁੱਕ। ਮੈਂ ਤਾਂ ਇਨ੍ਹਾਂ ’ਤੇ ਥੁੱਕਦੀ ਵੀ ਨਹੀਂ ਹਾਂ। ਜੇ ਤੁਸੀਂ ਮੇਰੀ ਫੁੱਲਾਂ ਨਾਲ ਤੁਲਣ ਵਾਲੀ ਬੱਚੀ ਦਾ ਮੁੱਲ ਕੱਖਾਂ ਦੇ ਬਰਾਬਰ ਪਾਇਆ ਹੈ ਤਾਂ ਮੈਂ ਤੇਰੇ ਲੱਖਾਂ ਨੂੰ ਚੱਟਣਾ ਹੈ। ਮੰਨ ਲਿਆ ਮੈਂ ਛੋਟੀ ਜਾਤ ਦੀ ਹਾਂ ਪਰ ਆਹ ਜੋ ਤੂੰ ਉੱਚੀ ਜਾਤ ਵਾਲਿਆਂ ਦਾ ਤਮਾਸ਼ਾ ਦਿਖਾਇਆ ਹੈ ਮੈਂ ਤਾਂ ਜਾ ਕੇ ਇਸ ਨੂੰ ਘਰ ਘਰ ਵਿੱਚ ਨਸ਼ਰ ਕਰਾਂਗੀ। ਤੇਰੇ ਘਰ ਤੋਂ ਅੱਜ ਅਸੀਂ ਭੁੱਖੀਆਂ ਜਾ ਰਹੀਆਂ ਹਾਂ ਤੂੰ ਯਾਦ ਰੱਖੀਂ ਇਸ ਗੱਲ ਨੂੰ।’’ ਮੀਨੂ ਨੇ ਉਸ ਦੇ ਮੂੰਹ ’ਤੇ ਹੱਥ ਰੱਖ ਕੇ ਉਸ ਵਿੱਚੋਂ ਨਿਕਲਦੀ ਬਦਦੁਆ ਨੂੰ ਰੋਕ ਦਿੱਤਾ। ਤਾਈ ਨੇ ਉਸ ਦਾ ਸਾਮਾਨ ਉਸ ਦੇ ਪੈਰਾਂ ’ਚ ਸੁੱਟ ਕੇ ਤੇ 500 ਰੁਪਏ ਦਾ ਨੋਟ ਮੀਨੂ ਦੇ ਸਿਰ ਤੋਂ ਵਾਰ ਕੇ ਕੋਲ ਖੜ੍ਹੀ ਕੰਮ ਵਾਲੀ ਨੂੰ ਦੇ ਦਿੱਤਾ ਤੇ ਮੀਨੂ ਨੂੰ ਬਾਹਾਂ ਵਿੱਚ ਲਪੇਟ ਕੇ ਹਾਰਨ ਵਜਾਉਂਦੀ ਹੋਈ ਗੱਡੀ ਵਿੱਚ ਬੈਠ ਗਈ।
ਤਾਈ ਦਾ ਪੁੱਤ ਜੱਗਾ ਹੁਣ ਫ਼ੌਜ ਵਿੱਚ ਅਫ਼ਸਰ ਹੈ ਤੇ ਤਾਈ ਤਾਂ ਰੱਬ ਨੂੰ ਪਿਆਰੀ ਹੋ ਚੁੱਕੀ ਹੈ। ਜਦ ਕਦੇ ਜੱਗਾ ਪਿੰਡ ਛੁੱਟੀ ਆਇਆ ਹੋਵੇ ਤੇ ਮੀਨੂ ਵੀ ਆਪਣੇ ਬਾਪੂ ਜੀ ਨੂੰ ਮਿਲਣ ਲਈ ਆਈ ਹੋਵੇ ਤਾਂ ਉਹ ਅੱਖਾਂ ਵਿੱਚ ਅੱਥਰੂ ਭਰ ਕੇ ਜੱਗੇ ਨੂੰ ਕਹਿੰਦੀ ਹੈ, ‘‘ਦੱਸ ਤੂੰ ਮੈਨੂੰ ਜੱਗਿਆ, ਕੀ ਅਜਿਹੀ ਮਾਂ ਕਿਸੇ ਨੂੰ ਦੁਨੀਆਂ ਵਿੱਚ ਮਿਲੀ ਹੋਵੇਗੀ? ਆਪਾਂ ਦੋਵਾਂ ਨੇ ਆਪਣੀਆਂ ਆਪਣੀਆਂ ਮਾਵਾਂ ਗੁਆ ਕੇ ਅਸਲੀ ਰੂਪ ਵਿੱਚ ਇੱਕ ਮਹਾਨ ਸ਼ਖ਼ਸੀਅਤ ਨੂੰ ਮਾਂ ਦੇ ਰੂਪ ਵਿੱਚ ਹਾਸਿਲ ਕਰ ਲਿਆ ਸੀ। ਉਸ ਦੀ ਰੂਹ ਜਿੱਥੇ ਵੀ ਹੋਵੇ ਖ਼ੁਸ਼ ਰਹੇ। ਆਪਾਂ ਤਾਂ ਬਸ ਇਹੀ ਦੁਆ ਮੰਗ ਸਕਦੇ ਹਾਂ।’’
ਸੰਪਰਕ: 62841-55025