ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 9 ਸਤੰਬਰ
ਸਥਾਨਕ ਸ਼ਹਿਰ ਤੋਂ ਕਰੀਬ ਇਕ ਕਿਲੋਮੀਟਰ ਦੂਰ ਹੁਸ਼ਿਆਰਪੁਰ ਰੋਡ ’ਤੇ ਬਣੇ ਇਕ ਮਲਟੀਪਲੈਕਸ ਅੱਗੇ ਖੜ੍ਹੇ ਸਫ਼ੈਦੇ ਦੇ ਕਰੀਬ 50 ਸਾਲ ਪੁਰਾਣੇ ਦਰੱਖ਼ਤਾਂ ਨੂੰ ਕੱਟਣ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਉਥੇ ਹੀ ਜੰਗਲਾਤ ਵਿਭਾਗ ਦੇ ਡੀਐੱਫਓ ਇਨ੍ਹਾਂ ਦਰੱਖ਼ਤਾਂ ਨੂੰ ਕੱਟਣ ਸਬੰਧੀ ਕਾਰਨ ਦੱਸਣ ਤੋਂ ਟਲਦੇ ਨਜ਼ਰ ਆਏ। ਦੱਸਣਯੋਗ ਹੈ ਕਿ ਹੁਸ਼ਿਆਰਪੁਰ ਰੋਡ ’ਤੇ ਬਣ ਰਹੇ ਇਸ ਮਲਟੀਪਲੈਕਸ ਦੀ ਉਸਾਰੀ ਦੀ ਮਨਜ਼ੂਰੀ ਸਬੰਧੀ ਵੀ ਨਿਯਮਾਂ ਨੂੰ ਕਥਿਤ ਤੌਰ ’ਤੇ ਛਿੱਕੇ ਟੰਗਣ ਦੇ ਦੋਸ਼ ਲੱਗਦੇ ਰਹੇ ਹਨ। ਹੁਣ ਇਸ ਮਲਟੀਪਲੈਕਸ ਦੇ ਸਾਹਮਣੇ ਸਫ਼ੈਦਿਆਂ ਦੇ ਵਿਸ਼ਾਲ ਦਰੱਖਤਾਂ ਨੂੰ ਕੱਟ ਕੇ ਇਸ ਥਾਂ ਨੂੰ ਵਪਾਰਕ ਵਰਤੋਂ ਲਈ ਮੌਕਲਾ ਕੀਤਾ ਜਾ ਰਿਹਾ ਹੈ। ਅੱਜ ਕਰੀਬ ਦੋ ਘੰਟਿਆਂ ਵਿੱਚ ਲਗਭਗ ਪੰਜਾਹ ਮਜ਼ਦੂਰਾਂ ਨੇ ਇਨ੍ਹਾਂ ਦਰੱਖਤਾਂ ਨੂੰ ਕੱਟ ਕੇ ਸੜਕ ਕਿਨਾਰੇ ਪੁੱਟੇ ਖੱਡੇ ਵੀ ਤੁਰੰਤ ਪੂਰ ਦਿੱਤੇ। ਜ਼ਿਕਰਯੋਗ ਹੈ ਕਿ ਜੰਗਲਾਤ ਵਿਭਾਗ ਦੇ ਐਕਟ ਅਨੁਸਾਰ ਹਾਈਵੇਅ ’ਤੇ ਸਥਿਤ ਦਰੱਖਤਾਂ ਦੀ ਸਾਂਭ-ਸੰਭਾਲ ਸਬੰਧੀ ਵਿਸ਼ੇਸ਼ ਨਿਰਦੇਸ਼ ਦਿੱਤੇ ਜਾਂਦੇ ਹਨ ਅਤੇ ਇਨ੍ਹਾਂ ਦਰੱਖ਼ਤਾਂ ਨੂੰ ਬਿਨਾਂ ਕਿਸੇ ਠੋਸ ਕਾਰਨ ਤੋਂ ਕੱਟਣ ਦੀ ਪੂਰੀ ਮਨਾਹੀ ਹੁੰਦੀ ਹੈ ਪਰ ਇਨ੍ਹਾਂ ਦਰੱਖਤਾਂ ਨੂੰ ਮਲਟੀਪਲੈਕਸ ਮਾਲਕਾਂ ਦੇ ਨਿੱਜੀ ਲਾਭ ਦੀ ਭੇਟ ਚਾੜ ਦਿੱਤਾ ਗਿਆ ਹੈ। ਇਸ ਬਾਰੇ ਪੰਜਾਬ ਕਿਸਾਨ ਸਭਾ ਦੇ ਸਕੱਤਰ ਗੁਰਨੇਕ ਭੱਜਲ ਨੇ ਕਿਹਾ ਕਿ ਚੰਡੀਗੜ੍ਹ ਹੁਸ਼ਿਆਰਪੁਰ ਹਾਈਵੇਅ ਨੇੜੇ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਅਨੇਕਾਂ ਸੁੱਕੇ ਦਰੱਖ਼ਤ ਡਿੱਗੇ ਪਏ ਹਨ ਪਰ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਣ ਦੇ ਬਾਵਜੂਦ ਉਨ੍ਹਾਂ ਨੂੰ ਚੁੱਕਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਦੇ ਵਪਾਰ ਨੂੰ ਵਧਾਉਣ ਲਈ ਵਾਤਾਵਰਨ ਦੀ ਬਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਨਿਚਰਵਾਰ ਸ਼ਾਮ ਨੂੰ ਦੋ ਘੰਟਿਆਂ ਵਿੱਚ ਕਰੀਬ ਪੰਜ ਤੋਂ ਸੱਤ ਵਿਸ਼ਾਲ ਸਫੈਦਿਆਂ ਨੂੰ ਕੱਟ ਕੇ ਸਾਰੇ ਸਬੂਤ ਮਿਟਾਏ ਗਏ ਹਨ ਤਾਂ ਜੋ ਕੋਈ ਸਰਕਾਰੀ ਅਧਿਕਾਰੀਆਂ ਤੱਕ ਜਾਂ ਅਦਾਲਤਾਂ ਤੱਕ ਪਹੁੰਚ ਨਾ ਕਰ ਸਕੇ। ਇਸ ਬਾਰੇ ਡੀਐੱਫਓ ਹਰਭਜਨ ਸਿੰਘ ਨੇ ਕਿਹਾ ਕਿ ਉਹ ਇਸ ਬਾਰੇ ਪਤਾ ਕਰਨਗੇ ਅਤੇ ਸੋਮਵਾਰ ਤੱਕ ਹੀ ਇਨ੍ਹਾਂ ਦਰੱਖ਼ਤਾਂ ਨੂੰ ਕੱਟਣ ਦੀ ਮਨਜ਼ੂਰੀ ਬਾਰੇ ਕੁੱਝ ਕਿਹਾ ਜਾ ਸਕਦਾ ਹੈ।
ਇਸ ਸਬੰਧੀ ਉਕਤ ਮਲਟੀਪਲੈਕਸ ਦੇ ਭਾਗੀਦਾਰ ਰਾਜੀਵ ਖੰਨਾ ਨੇ ਕਿਹਾ ਕਿ ਉਨ੍ਹਾਂ ਨੇ ਦਰੱਖ਼ਤ ਕੱਟਣ ਸਬੰਧੀ ਜੰਗਲਾਤ ਵਿਭਾਗ ਤੋਂ ਮਨਜ਼ੂਰੀ ਲਈ ਹੋਈ ਹੈ।