ਨਵੀਂ ਦਿੱਲੀ, 10 ਸਤੰਬਰ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅੱਜ ਸਵੇਰੇ ਇਥੇ ਰਾਜਘਾਟ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਮਗਰੋਂ ਭਾਰਤ ਦੀ ਆਪਣੀ ਫੇਰੀ ਮੁਕੰਮਲ ਕਰਕੇ ਵੀਅਤਨਾਮ ਲਈ ਰਵਾਨਾ ਹੋ ਗਏ। ਰਾਜਘਾਟ ’ਤੇ ਸ਼ਰਧਾਂਜਲੀ ਦੇਣ ਮੌਕੇ ਬਾਇਡਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਤੇ 20 ਸਮੂਹ ਦੇ ਹੋਰ ਆਗੂ ਵੀ ਮੌਜੂਦ ਸਨ। ਬਾਇਡਨ ਜੀ-20 ਸਿਖਰ ਵਾਰਤਾ ਵਿੱਚ ਸ਼ਾਮਲ ਹੋਣ ਲਈ ਸ਼ੁੱਕਰਵਾਰ ਸ਼ਾਮੀਂ ਦਿੱਲੀ ਪੁੱਜੇ ਸਨ ਤੇ ਉਸੇ ਰਾਤ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੱਖ ਵੱਖ ਮੁੱਦਿਆਂ ’ਤੇ ਦੁਵੱਲੀ ਗੱਲਬਾਤ ਕੀਤੀ ਸੀ। ਬਾਇਡਨ ਸ਼ਨਿੱਚਰਵਾਰ ਨੂੰ ਜੀ-20 ਸਿਖਰ ਵਾਰਤਾ ਦੇ ਅਹਿਮ ਸੈਸ਼ਨਾਂ ਵਿੱਚ ਵੀ ਸ਼ਾਮਲ ਸਨ। -ਪੀਟੀਆਈ