ਨਵੀਂ ਦਿੱਲੀ, 10 ਸਤੰਬਰ
ਜੀ-20 ਸਿਖਰ ਵਾਰਤਾ ਦੇ ਵੈਨਿਊ ‘ਭਾਰਤ ਮੰਡਪਮ’ ਵਿੱਚ ਉੜੀਸਾ ਦੇ 13ਵੀਂ ਸਦੀ ਦੇ ਕੋਨਾਰਕ ਮੰਦਿਰ ਤੋਂ ਲੈ ਕੇ ਬਿਹਾਰ ਦੀ ਪ੍ਰਾਚੀਨ ਨਾਲੰਦਾ ਯੂਨੀਵਰਸਿਟੀ ਤੱਕ ਭਾਰਤ ਦੀ ਅਮੀਰ ਭਵਨ ਨਿਰਮਾਣ ਕਲਾ ਦੀ ਵਿਰਾਸਤ ’ਤੇ ਰੌਸ਼ਨੀ ਪਾਈ ਗਈ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਰਾਤ ਨੂੰ ਜੀ-20 ਸਮੂਹ ਵਿੱਚ ਸ਼ਾਮਲ ਮੈਂਬਰ ਮੁਲਕਾਂ ਦੇ ਆਗੂਆਂ ਤੇ ਹੋਰਨਾਂ ਮਹਿਮਾਨਾਂ ਦਾ ਸ਼ਨਿੱਚਰਵਾਰ ਰਾਤ ਨੂੰ ਭਾਰਤ ਮੰਡਪਮ ਵਿੱਚ ਰੱਖੇ ਰਾਤਰੀ ਭੋਜ ਲਈ ਸਵਾਗਤ ਕੀਤਾ। ਇਸ ਮੌਕੇ ਪਿਛੋਕੜ ਵਿਚ ਪੁਰਾਤਨ ਨਾਲੰਦਾ ਯੂਨੀਵਰਸਿਟੀ, ਜਿਸ ਨੂੰ ਯੂਨੈਸਕੋ ਨੇ ਵਿਸ਼ਵ ਵਿਰਾਸਤੀ ਸਾਈਟ ਐਲਾਨਿਆ ਹੋਇਆ ਹੈ, ਦੀ ਰਿਪਲਿਕਾ ਮੌਜੂਦ ਸੀ। ਨਾਲੰਦਾ ਵਿਸ਼ਵ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ’ਚੋਂ ਇਕ ਹੈ। ਸ੍ਰੀ ਮੋਦੀ ਨੇ ਮਹਿਮਾਨਾਂ ਵਿੱਚ ਸ਼ਾਮਲ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਸਣੇ ਹੋਰਨਾਂ ਨੂੰ ਇਸ ਯੂਨੀਵਰਸਿਟੀ ਦੀ ਅਹਿਮੀਅਤ ਬਾਰੇ ਵੀ ਦੱਸਿਆ। ਸ਼ਾਮ ਦੀ ਰਿਸੈਪਸ਼ਨ ਲਈ ਜੇਕਰ ਨਾਲੰਦਾ ਨੂੰ ਪਿਛੋਕੜ ਵਿੱਚ ਰੱਖਿਆ ਗਿਆ ਸੀ ਤਾਂ ਸਵੇਰ ਦੇ ਸਮਾਗਮ ਵਿੱਚ ਉੜੀਸਾ ਦੇ ਕੋਨਾਰਕ ਵਿਚ ਸੂਰਿਆ ਮੰਦਰ ਦੀ ਸੁੰਦਰ ਤਸਵੀਰ ਨੂੰ ਦਰਸਾਇਆ ਗਿਆ ਸੀ। ਕੋਨਾਰਕ ਦਾ ਸੂਰਿਆ ਮੰਦਰ 13ਵੀਂ ਸਦੀ ਵਿੱਚ ਬਣਾਇਆ ਗਿਆ ਸੀ ਤੇ ਇਹ ਮੰਦਰ ਵੀ ਯੂਨੈਸਕੋ ਦੀ ਵਿਸ਼ਵ ਵਿਰਾਸਤੀ ਸੂਚੀ ਵਿੱਚ ਸ਼ਾਮਲ ਹੈ। -ਪੀਟੀਆਈ